ਲੇਖਕ ਸਿਰਜਣ ਪ੍ਰਕਿਰਿਆ ਦੇ ਨਾਲ ਨਾਲ ਅਗਲੀ ਪੀੜ੍ਹੀ ਨੂੰ ਵੀ ਨਾਲ ਤੋਰਨ ਦਾ ਯਤਨ ਕਰਨ , ਬਲਵਿੰਦਰ ਸਿੰਘ ਚਾਹਲ
ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇਕੱਤਰਤਾ ਵਿੱਚ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ ਹਰਫ਼ ਇਲਾਹੀ ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ।
ਇਟਲੀ 6 ਫਰਬਰੀ 2024- ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਇਟਲੀ ਦੇ ਸ਼ਹਿਰ ਬਨੀਓਲੋ ਇਨ ਪਿਆਨੋ ਵਿਖੇ ਸਭਾ ਦੀ ਅਹਿਮ ਬੈਠਕ ਬਲਵਿੰਦਰ ਸਿੰਘ ਚਾਹਲ ਦੇ ਸਵਾਗਤ ਵਿੱਚ ਇਕੱਤਰ ਹੋਈ। ਜਿਸ ਵਿੱਚ ਸ਼ਾਮਿਲ ਲੇਖਕਾਂ ਵਲੋਂ ਗੀਤ ,ਗ਼ਜ਼ਲ ਅਤੇ ਨਜ਼ਮਾਂ ਦੀ ਸਾਂਝ ਤੋਂ ਇਲਾਵਾ ਇਟਲੀ ਸਮੇਤ ਯੂਰਪੀ ਪੰਜਾਬੀ ਸਾਹਿਤ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ ਗਏ।
ਇਸ ਅਹਿਮ ਇਕੱਤਰਤਾ ਵਿੱਚ ਸੰਚਾਲਨ ਕਰਤਾ ਦਲਜਿੰਦਰ ਰਹਿਲ ਵਲੋਂ ਬਲਵਿੰਦਰ ਸਿੰਘ ਚਾਹਲ ਨੂੰ ਜੀ ਆਇਆਂ ਆਖਦਿਆਂ ਇਟਲੀ ਅਤੇ ਯੂ ਕੇ ਰਹਿੰਦਿਆਂ ਵੀ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਾਹਿਤਕ ਕਾਰਜਾਂ ਸਮੇਤ ਯੂਰਪੀ ਪੰਜਾਬੀ ਕਾਨਫ਼ਰੰਸਾਂ ਵਿੱਚ ਪਾਏ ਯੋਗਦਾਨ ਅਤੇ ਉਨਾ ਦੀ ਕਿਤਾਬ "ਇਟਲੀ ਵਿੱਚ ਸਿੱਖ ਫ਼ੌਜੀ ਦੂਜਾ ਵਿਸ਼ਵ ਯੁੱਧ" ਦਾ ਜ਼ਿਕਰ ਵਿਸਥਾਰ ਵਿਚ ਕੀਤਾ ਗਿਆ। ਇਸ ਸਮਾਗਮ ਦੀ ਨੁਮਾਇੰਦਗੀ ਕਰ ਰਹੇ ਸਭਾ ਦੇ ਜਰਨਲ ਸਕੱਤਰ ਪ੍ਰੋ ਜਸਪਾਲ ਸਿੰਘ ਨੇ ਕਿਹਾ ਕਿ ਸਾਹਿਤ ਇਕ ਸਮੂਹਿਕ ਕਾਰਜ ਹੈ , ਜਿਸਨੂੰ ਬਲਵਿੰਦਰ ਸਿੰਘ ਚਾਹਲ ਹੁਰਾਂ ਨੇ ਬਾਖੂਬੀ ਨਿਭਾਇਆ ਅਤੇ ਸਾਹਿਤ ਪ੍ਰਤੀ ਸਾਨੂੰ ਸਭ ਨੂੰ ਸੁਚੇਤ ਕਰਦਿਆਂ ਉਸਨੇ ਸਾਹਿਤ ਸੁਰ ਸੰਗਮ ਸਭਾ ਇਟਲੀ ਨੂੰ ਵੱਡੇ ਮੁਕਾਮ ਉੱਤੇ ਲਿਆਂਦਾ।
ਹੁਣ ਉਹਨਾਂ ਦੇ ਕੀਤੇ ਕਾਰਜ ਨੂੰ ਅੱਗੇ ਤੋਰਨਾ ਸਾਡਾ ਫ਼ਰਜ਼ ਹੈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਬਲਵਿੰਦਰ ਸਿੰਘ ਚਾਹਲ ਨੇ ਸਭਾ ਦੇ ਕੰਮਾਂ ਤੇ ਤਸੱਲੀ ਪ੍ਰਗਟਾਉਂਦਿਆਂ ਭਵਿੱਖ਼ ਵਿੱਚ ਹੋਰ ਵੀ ਬੇਹਤਰੀ ਦੀ ਉਮੀਦ ਰੱਖਦਿਆਂ ਸਭਾ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਉਹਨਾਂ ਕਿਹਾ ਕਿ ਲੇਖਕ ਦਾ ਫ਼ਰਜ਼ ਬਣਦਾ ਹੈ ਉਹ ਆਪਣੀ ਸਿਰਜਣ ਪ੍ਰੀਕਿਰਿਆ ਦੇ ਨਾਲ ਨਾਲ ਅਗਲੀ ਪੀੜ੍ਹੀ ਅਤੇ ਸਮਾਜ ਨੂੰ ਵੀ ਸਾਹਿਤ ਅਤੇ ਆਪਣੀ ਮਾਂ ਬੋਲੀ ਨਾਲ ਜੋੜੇ।
ਵਿਦੇਸ਼ੀ ਧਰਤੀਆਂ ਤੇ ਰਹਿੰਦਿਆਂ ਇਹ ਕਾਰਜ ਸਾਡੇ ਲਈ ਹੋਰ ਵੀ ਅਹਿਮ ਹੋ ਜਾਂਦਾ ਹੈ। ਸਭਾ ਦੀ ਇਸ ਮੀਟਿੰਗ ਵਿੱਚ ਪੰਜਾਬੀ ਸਾਹਿਤ ਲਈ ਵਿਸ਼ਵ ਭਰ ਵਿੱਚ ਯਤਨਸ਼ੀਲ ਵੱਡੀਆਂ ਸਭਾਵਾਂ, ਸ਼ਖ਼ਸ਼ੀਅਤਾਂ, ਪੰਜਾਬੀ ਪਰਚੇ ਅਤੇ ਵੱਡੇ ਲੇਖਕਾਂ ਦਾ ਜ਼ਿਕਰ ਵੀ ਹੋਇਆ। ਇੱਕਤਰਤਾ ਵਿੱਚ ਬਿੰਦੂ ਦਲਵੀਰ ਕੌਰ ਕਨੇਡਾ ਦਾ ਗਜ਼ਲ ਸੰਗ੍ਰਹਿ "ਹਰਫ਼ ਇਲਾਹੀ " ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਕੀਤਾ ਗਿਆ ਅਤੇ ਪੰਜਾਬ ਭਵਨ ਸਰੀ ਕਨੇਡਾ ਵਲੋਂ ਆਰੰਭੇ ਵਿਸ਼ਵ ਪੱਧਰੀ ਕਾਰਜ "ਨਵੀਆਂ ਕਲਮਾਂ ਨਵੀਂ ਉਡਾਣ” ਲਈ ਸੁੱਖੀ ਬਾਠ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਇਸ ਕਾਰਜ ਪ੍ਰਤੀ ਯੂਰਪੀ ਸਹਿਯੋਗ ਦੀ ਪ੍ਰਤੀਬੱਧਤਾ ਨੂੰ ਵੀ ਦੁਹਰਾਇਆ ਗਿਆ।
ਸਭਾ ਦੀ ਚੱਲਦੀ ਮੀਟਿੰਗ ਵਿੱਚ ਦਲਵੀਰ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਅਤੇ ਅੱਖਰ ਮੈਗਜ਼ੀਨ ਦੇ ਸੰਪਾਦਿਕ ਵਿਸ਼ਾਲ ਬਿਆਸ ਦੀ ਫੋਨ ਤੇ ਲੱਗੀ ਹਾਜ਼ਰੀ ਨੇ ਇਸ ਇਕੱਤਰਤਾ ਨੂੰ ਹੋਰ ਵੀ ਅਹਿਮ ਬਣਾ ਦਿੱਤਾ ਜਿਹਨਾਂ ਕਿਹਾ ਕਿ ਉਹ ਯੂਰਪ ਵਿੱਚ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਲਈ ਪੰਜਾਬੀ ਭਾਈਚਾਰੇ ਦੇ ਹਮੇਸ਼ਾ ਅੰਗ ਸੰਗ ਅਤੇ ਸਹਿਯੋਗੀ ਹਨ।
ਸਭਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲ੍ਹੀ ਅਤੇ ਪ੍ਰੈਸ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ ਵਲੋਂ ਸਭਾ ਦੀ ਬੇਹਤਰੀ ਲਈ ਪੇਸ਼ ਕੀਤੇ ਗਏ ਸੁਝਾਵਾਂ ਦਾ ਸ਼ਾਮਿਲ ਲੇਖਕਾਂ ਵਲੋਂ ਸਵਾਗਤ ਕੀਤਾ ਗਿਆ। ਇਸ ਇੱਕਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਲੇਖਕ ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ, ਦਲਜਿੰਦਰ ਰਹਿਲ , ਗਾਇਕ ਦੀਪ ਇਟਲੀ ਅਤੇ ਸੋਢੀ ਮੱਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਹਨਾਂ ਅਪਣੀਆਂ ਲਿਖਤਾਂ ਅਤੇ ਗੀਤਾਂ ਰਾਹੀਂ ਇਸ ਸਾਹਿਤਿਕ ਮਹਿਫ਼ਿਲ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਵਿਚਾਰ ਸਾਂਝੇ ਕੀਤੇ।
ਇਟਲੀ ਵੱਸਦੀ ਨਵੀਂ ਪੀੜ੍ਹੀ ਦੀ ਪੰਜਾਬੀ ਧੀ ਗੁਰਲੀਨ ਕੌਰ ਦੀ ਮਾਪਿਆਂ ਪ੍ਰਤੀ ਬੋਲੀ ਕਵਿਤਾ ਨੂੰ ਸਭ ਨੇ ਸਰਾਹਿਆ ਅਤੇ ਉਮੀਦ ਕੀਤੀ ਕੇ ਭਵਿੱਖ ਵਿੱਚ ਹੋਰ ਵੀ ਅਗਲੀ ਪੀੜ੍ਹੀ ਦੇ ਬੱਚੇ ਇਸ ਸਭਾ ਵਿੱਚ ਸ਼ਾਮਿਲ ਹੋਣਗੇ।