ਲੁਧਿਆਣਾ: 10 ਦਸੰਬਰ 2019 - ਅਮਰੀਕਾ ਵੱਸਦੇ ਸਿੱਖ ਵਿਦਵਾਨ ਡਾ: ਦਲਬੀਰ ਸਿੰਘ ਪੰਨੂ ਦੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਗਰੇਜ਼ੀ ਪੁਸਤਕ (The sikh heritage beyond borders)ਸਰਹੱਦ ਪਾਰਲੀ ਸਿੱਖ ਵਿਰਾਸਤ ਦਾ ਲੁਧਿਆਣਾ ਸਥਿਤ ਜੀ ਜੀ ਐੱਨ ਖ਼ਾਲਸਾ ਕਾਲਿਜ ਸਿਵਿਲ ਲਾਈਨਜ਼ ਵਿਖੇ ਪਰਵਾਸੀ ਸਾਹਿੱਤ ਅਧਿਅਨ ਕੇਂਦਰ ਵੱਲੋਂ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਅੱਜ ਜਾਣ ਪਛਾਣ ਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ , ਜਿਸ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਕਿਹਾ ਹੈ ਕਿ ਲੰਮੀ ਖੋਜ ਤੇ ਵਿਸ਼ਵ ਧਰਮ ਤੁਲਨਾਤਮਿਕ ਅਧਿਐਨ ਦੇ ਬਾਦ ਪੰਜਾਬੀ ਪੁੱਤਰ ਡਾ: ਦਲਬੀਰ ਸਿੰਘ ਪੰਨੂ ਨੇ ਪ੍ਰਮਾਣੀਕ ਇਤਿਹਾਸਕ ਕਾਰਜ ਕੀਤਾ ਹੈ ਜਿਸ ਨੂੰ ਦਸਤਾਵੇਜ਼ ਵਾਂਗ ਘਰ ਘਰ ਪਹੁਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਪੰਜਾਬੀ ਹਿੰਦੀ ਤੇ ਉਰਦੂ ਚ ਵੀ ਸਸਤੀ ਕੀਮਤ ਤੇ ਵਿਦਿਆਰਥੀ ਐਡੀਸ਼ਨ ਵਜੋਂ ਛਾਪਣੀ ਚਾਹੀਦੀ ਹੈ ਤਾਂ ਜੋ ਗਿਆਨ ਦਾ ਇਹ ਅਖੁੱਟ ਭੰਡਾਰ ਸਿਰਫ਼ ਲਾਇਬਰੇਰੀਆਂ ਚ ਨਾ ਰਹਿ ਜਾਵੇ।
ਇਸ ਸਚਿੱਤਰ ਗਿਆਨ ਪੁਸਤਕ ਦੀ ਸਿਰਜਣ ਪ੍ਰਕ੍ਰਿਆ ਅਤੇ ਪ੍ਰਕਾਸ਼ਨ ਤੀਕ ਸਫ਼ਰ ਬਾਰੇ ਲੇਖਕ ਡਾ: ਦਲਬੀਰ ਸਿੰਘ ਪੰਨੂੰ ਜਾਣਕਾਰੀ ਦੇਂਦਿਆਂ ਕਿਹਾ ਕਿ ਇਹ ਪੁਸਤਕ ਪਿਛਲੇ ਦਸ ਸਾਲਾਂ ਦੀ ਨਿਰੰਤਰ ਮਿਹਨਤ ਕੇ ਵਿਸ਼ਵ ਦੀਆਂ ਪੁਰਾਤਨ ਪੁਸਤਕਾਂ ਲੱਭ ਲੱਭ ਕੇ ਪੜ੍ਹਨ ਗੁੜ੍ਹਨ ਤੇ ਆਪਸੀ ਵਿਚਾਰ ਵਟਾਂਦਰੇ ਦਾ ਹੀ ਪ੍ਰਤੀਫ਼ਲ ਹੈ। ਉਨ੍ਹਾਂ ਦੱਸਿਆ ਕਿ ਇਸ ਸਚਿੱਤਰ ਪੁਸਤਕ ਨੂੰ ਭਾਰਤ ਪਾਕਿਸਤਾਨ ਤੇ ਅਮਰੀਕਾ ਆਧਾਰਿਤ ਇਤਿਹਾਸਕਾਰਾਂ, ਖੋਜੀ ਬਿਰਤੀ ਵਾਲੇ ਵਿਦਵਾਨਾਂ , ਵਧੀਆ ਫੋਟੋ ਕਲਾਕਾਰਾਂ ਤੇ ਮੇਰੇ ਪਰਿਵਾਰ ਤੋਂ ਇਲਾਵਾ ਸਮਾਜਿਕ ਚੌਗਿਰਦੇ ਦਾ ਯੋਗਦਾਨ ਹੈ ਜਿੰਨ੍ਹਾਂ ਨੇ ਮੈਨੂੰ ਉਂਗਲ ਫੜ ਕੇ ਲਗਾਤਾਰ ਤੋਰੀ ਰੱਖਿਆ।
ਥਾਮਸਨ ਪਰੈੱਸ ਚ ਛਪੀ ਇਸ ਖੂਬਸੂਰਤ ਪੁਸਤਕ ਦਾ ਵਿਦਿਆਰਥੀ ਸੰਸਕਰਨ ਵੀ ਜਲਦੀ ਪ੍ਰਕਾਸ਼ਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਡਾ: ਸੁਭਾਸ਼ ਪਰਿਹਾਰ, ਤਰਲੋਚਨ ਸਿੰਘ ਦੁਪਾਲਪੁਰ ਤੇ ਡਾ: ਹਰਦੇਵ ਸਿੰਘ ਵਿਰਕ ਜੀ ਦੀ ਲਗਾਤਾਰ ਸਲਾਹਕਾਰੀ ਪਹੁੰਚ ਕਾਰਨ ਹੀ ਇਹ ਵਡੇਰਾ ਕਾਰਜ ਹੋ ਸਕਿਆ। ਇਸ ਮੌਕੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਤੇ ਲੋਕ ਵਿਰਾਸਤ ਅਕਾਡਮੀ ਵੱਲੋਂ ਡਾ: ਦਲਬੀਰ ਸਿੰਘ ਪੰਨੂੰ ਨੂੰ ਸਨਮਾਨਿਤ ਕੀਤਾ ਗਿਆ।
ਵਿਚਾਰ ਚਰਚਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪਰੋ ਵਾਈਸ ਚਾਂਸਲਰ ਪ੍ਰੋ: ਪਿਰਥੀਪਾਲ ਸਿੰਘ ਕਪੂਰ,ਡਾ: ਹਰਦੇਵ ਸਿੰਘ ਵਿਰਕ ਸਾਬਕਾ ਸੀਨੀਅਰ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ,ਪ੍ਰੋ: ਰਵਿੰਦਰ ਭੱਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾ: ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ, ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਭਾਗ ਲਿਆ। ਇਸ ਮੌਕੇ ਉੱਘੇ ਵਿਦਵਾਨ ਇਤਿਹਾਸਕਾਰ ਸੁਭਾਸ਼ ਪਰਿਹਾਰ, ਡਾ: ਗੁਰਇਕਬਾਲ ਸਿੰਘ ,ਸੂਰਜ ਸਿੰਘ ਨੱਤ ਅਮਰੀਕਾ ਤੋਂ ਪੱਤਰਕਾਰ ਸ: ਤਰਲੋਚਨ ਸਿੰਘ ਦੁਪਾਲਪੁਰ,ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ ਪੰਜਾਬ ਮੇਲ ਹਾਜ਼ਰ ਸਨ। ਮੰਚ ਸੰਚਾਲਨ ਡਾ: ਗੁਰਪ੍ਰੀਤ ਸਿੰਘ ਨੇ ਕੀਤਾ।