ਸੁਣ ਲਓ ਜੀ ਕੰਨ ਖੋਲ੍ਹ ਕੇ ਸੁਣ ਲਓ ਪੱਥਰ ਦਿਲ ਤੇ ਭਾਰ ਨਹੀਂ ਹੁੰਦਾ।
ਅਸਲੀ ਸੂਰਤ ਹੀ ਦਿਖਲਾਵੇ ਸ਼ੀਸ਼ਾ ਕਦੇ ਗੱਦਾਰ ਨਹੀਂ ਹੁੰਦਾ।
ਸਾਡੇ ਵਿੱਚ ਹੈ ਵੜਿਆ ਬੈਠਾ ਹੁਕਮਰਾਨ ਦੇ ਰੂਪ ਚ ਰਾਵਣ,
ਤੀਰ ਕਮਾਨ ਚਲਾਈਏ ਕਿੱਥੇ ਅੰਦਰੋਂ ਦੁਸ਼ਮਣ ਮਾਰ ਨਹੀਂ ਹੁੰਦਾ।
ਆਪਣੇ ਘੋੜੇ ਉਲਟ ਦਿਸ਼ਾ ਵੱਲ ਫਿਰੇ ਭਜਾਈ ਹਾਲ ਦੁਹਾਈ,
ਹੋਰ ਤੇ ਕੁਝ ਵੀ ਹੋ ਸਕਦਾ ਹੈ ਫੌਜਾਂ ਦਾ ਸਰਦਾਰ ਨਹੀਂ ਹੁੰਦਾ।
ਨਾ ਬੋਲਾਂ ਤੇ ਦਮ ਘੁਟਦਾ ਹੈ ਬੋਲਣ ਤੇ ਇਤਰਾਜ਼ ਹੈ ਤੈਨੂੰ,
ਜੀਂਦੇ ਜੀਅ ਤਾਂ ਰੂਹ ਦਾ ਪੰਛੀ ਆਪਣੇ ਹੱਥੋਂ ਮਾਰ ਨਹੀਂ ਹੁੰਦਾ।
ਤੇਰੇ ਆਲ ਦੁਆਲੇ ਝੁਰਮਟ ਇੱਲਾਂ ਗਿਰਝਾਂ ਕਾਵਾਂ ਦਾ ਹੈ,
ਵੱਸਦੇ ਘਰ ਵਿਚ ਏਸ ਤਰਾਂ ਦਾ ਬਿਲਕੁਲ ਹੀ ਪਰਿਵਾਰ ਨਹੀਂ ਹੁੰਦਾ।
ਸ਼ਾਤ ਸਮੁੰਦਰ ਥੱਲੇ ਜੋ ਕੁਝ ਵਰਤ ਰਿਹਾ ਹੈ ਉਸ ਨੂੰ ਸਮਝੋ,
ਚੁੱਪ ਦੀ ਅੰਤਰ ਪੀੜ ਸੁਣੇ ਬਿਨ ਚੜ੍ਹਿਆ ਕਰਜ਼ ਉਤਾਰ ਨਹੀਂ ਹੁੱਦਾ।
ਅੱਖਾਂ ਮੀਟ ਕਬੂਤਰ ਬੈਠਾ ਬਿੱਲੀ ਖ਼ੂਬ ਤਿਆਰੀ ਵਿੱਚ ਹੈ,
ਮੈਂ ਤੇ ਸਿਰਫ਼ ਕਿਹਾ ਹੈ ਜਾਗੋ, ਬੈਠਾ ਕਦੇ ਉਡਾਰ ਨਹੀਂ ਹੁੰਦਾ।
Gurbhajansinghgill@gmail.com
Ph: 8146329999