ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ, ਲੁਧਿਆਣਾ ਵੱਲੋਂ ਡਾ. ਨਰਿੰਦਰਜੀਤ ਕੌਰ ਦੀ ਪੁਸਤਕ ਦੀ ਘੁੰਡ ਚੁਕਾਈ
ਲੁਧਿਆਣਾ, 17 ਨਵੰਬਰ 2018 : ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ, ਲੁਧਿਆਣਾ ਵਿਖੇ 27ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਗਿਆ। ਇਹ ਸਮਾਗਮ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਇਸ ਆਯੋਜਨ ਵਿੱਚ ਵਿਚਾਰ ਗੋਸ਼ਟੀ ਵੀ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੜ੍ਹੇ। ਇਨ੍ਹਾਂ ਸਾਰੇ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕਰਦਿਆਂ ਸਿੱਖੀ ਦੇ ਰਸਤੇ 'ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਖਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼ ਦੇ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਨਰਿੰਦਰਜੀਤ ਕੌਰ ਦੀ ਪੁਸਤਕ "ਗੁਰੂ ਨਾਨਕ ਬਾਣੀ-ਬਹੁਪੱਖੀ ਅਧਿਐਨ" ਦੀ ਘੁੰਡ ਚੁਕਾਈ ਦੀ ਰਸਮ ਵੱਖ-ਵੱਖ ਉੱਘੀਆਂ ਸਖ਼ਸ਼ੀਅਤਾਂ ਵਲੋਂ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਵੱਖੋ-ਵੱਖਰੀਆਂ ਸਖ਼ਸ਼ੀਅਤਾਂ ਵਲੋਂ ਡਾ. ਨਰਿੰਦਰਜੀਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਸਮਾਗਮ ਦੇ ਅੰਤ ਵਿੱਚ ਇਸ ਸੰਸਥਾ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਮੌਜੂਦ ਸਖ਼ਸ਼ੀਅਤਾਂ ਦਾ ਜਿੱਥੇ ਮਾਣ-ਸਨਮਾਨ ਕੀਤਾ, ਉੱਥੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ।