ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਰੂ-ਬ-ਰੂ ਸਮਾਗਮ, ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ
ਕਮਲਜੀਤ ਸਿੰਘ ਸੰਧੂ
ਬਰਨਾਲਾ 05 ਮਈ 2022 - ਜ਼ਿਲਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਰੂ-ਬ-ਰੂ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਗਲਪਕਾਰ ਭੋਲਾ ਸਿੰਘ ਸੰਘੇੜਾ ਵਿਦਿਅਰਥੀਆਂ ਦੇ ਰੂ-ਬ-ਰੂ ਹੋਏ।
ਜ਼ਿਲਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਅਤੇ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਸਕੂਲ ਸਿੱਖਿਆ, ਖੇਡਾਂ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਦੀ ਅਗਵਾਈ ਹੇਠ ਸਕੂਲਾਂ ਅਤੇ ਕਾਲਜਾਂ ’ਚ ਸਾਹਿਤਕ ਸਮਾਗਮ ਕਰਵਾ ਕੇ ਵਿਦਿਅਰਥੀਆਂ ਨੂੰ ਸਾਹਿਤ ਅਤੇ ਪੁਸਤਕ ਸੱਭਿਆਚਾਰ ਨਾਲ ਜੋੜਿਆ ਜਾ ਰਿਹਾ ਹੈ।
ਯੂਨੀਵਰਸਿਟੀ ਕਾਲਜ ਢਿੱਲਵਾਂ ’ਚ ਕਾਲਜ ਦੇ ਪਿ੍ਰੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਦੀ ਸ਼ੁਰੂਆਤ ਸੁਖਵਿੰਦਰ ਸਿੰਘ ਗੁਰਮ ਵੱਲੋਂ ਜੀ ਆਇਆਂ ਕਹਿਣ ਨਾਲ ਹੋਈ। ਇਸ ਮੌਕੇ ਭੋਲਾ ਸਿੰਘ ਸੰਘੇੜਾ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਪਣੇ ਜੀਵਨ, ਸਿੱਖਿਆ ਤੇ ਸਾਹਿਤਕ ਸਫਰ ਬਾਰੇ ਜਾਣਕਾਰੀ ਸਾਂਝੀ ਕੀਤੀ। ਸੰਘੇੜਾ ਨੇ ਪੰਜਾਬੀ ਕਹਾਣੀ ਦੀਆਂ ਕਿਸਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਵੀ ਸਾਹਿਤ ਰਚਨਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭੋਲਾ ਸਿੰਘ ਸੰਘੇੜਾ ਵੱਲੋਂ ਕਾਲਜ ਦੀ ਲਾਇਬ੍ਰੇਰੀ ਲਈ ਪੁਸਤਕਾਂ ਵੀ ਭੇਟ ਕੀਤੀਆਂ ਗਈਆਂ।
ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਾਹਿਤਕਾਰ ਤਰਸੇਮ ਵੱਲੋਂ ਵੀ ਭੋਲਾ ਸਿੰਘ ਸੰਘੇੜਾ ਦੇ ਸਾਹਿਤਕ ਸਫਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਬਿੰਦਰ ਸਿੰਘ ਖੁੱਡੀ ਕਲਾਂ ਵੱਲੋਂ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਜ਼ਿਲਾ ਭਾਸ਼ਾ ਦਫਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਜਗਦੇਵ ਸਿੰਘ ਜੂਨੀਅਰ ਸਹਾਇਕ, ਸਹਾਇਕ ਪ੍ਰੋਫੈਸਰ ਮਨਜੀਤ ਸਿੰਘ, ਸੇਵਾਮੁਕਤ ਹੈਡਮਾਸਟਰ ਰਣਜੀਤ ਸਿੰਘ ਟੱਲੇਵਾਲ, ਪੰਜਾਬੀ ਸ਼ਾਇਰ ਦਿਨੇਸ਼ ਨਿੰਦੀ ਸਮੇਤ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ।