ਅਸ਼ਵਨੀ ਜੋਸ਼ੀ ਨੇ ਕੀਤਾ ਉਰਦੂ ਤੋਂ ਪੰਜਾਬੀ ਵਿਚ "ਆਇਨਾ ਤਾਕ ਪਰ" ਪੁਸਤਕ ਦਾ ਅਨੁਵਾਦ
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਸਤੰਬਰ 2024
ਉੱਘੇ ਸਮਾਜ ਸੇਵੀ ਅਸ਼ਵਨੀ ਜੋਸ਼ੀ ਨੇ ਉਰਦੂ ਸ਼ਾਇਰੀ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਆਪਣੀ ਬੌਧਿਕ ਜ਼ਿੰਦਗੀ ਵਿੱਚ ਇੱਕ ਹੋਰ ਕਦਮ ਅੱਗੇ ਵਧਾਇਆ ਹੈ।
ਜੋਸ਼ੀ ਵਲੋਂ ਪਾਕਿਸਤਾਨ ਦੀ ਆਧੁਨਿਕ ਕਵੀ ਅੰਦਲੀਬ ਰਾਠੌਰ ਦੀ ਉਰਦੂ ਭਾਸ਼ਾ ਦੀ ਕਿਤਾਬ (ਆਇਨਾ ਤਾਕ ਪਰ) ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ। ਇਹ 124 ਪੰਨਿਆਂ ਦੀ ਕਿਤਾਬ ਹੁਣ ਐਮਾਜ਼ਾਨ 'ਤੇ ਈ-ਬੁੱਕ ਰਾਹੀਂ ਦੁਨੀਆ ਭਰ ਦੇ ਪੰਜਾਬੀ ਪ੍ਰੇਮੀਆਂ ਲਈ ਉਪਲਬਧ ਹੈ।
ਅਸ਼ਵਨੀ ਜੋਸ਼ੀ ਨੇ ਦੱਸਿਆ ਕਿ ਪੁਸਤਕ ਵਿੱਚ ਵਿਸ਼ਵ ਕਵੀ ਅਤੇ ਚਾਰਟਰ ਆਫ਼ ਮੋਰਵਾ ਐਵਾਰਡ ਜੇਤੂ ਡਾ: ਜਰਨੈਲ ਸਿੰਘ ਨੇ ਪ੍ਰਵਾਨ ਕਰਦਿਆਂ ਲਿਖਿਆ ਹੈ ਕਿ ਪੁਸਤਕ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ਨੂੰ ਦਰਸਾਉਂਦੀ ਹੈ ਜੋ ਇੱਛਾਵਾਂ ਦੇ ਪਰਦੇ ਪਿੱਛੇ ਲੁਕੇ ਰਹਿੰਦੇ ਹਨ। ਅੰਦਲੀਬ ਰਾਠੌਰ ਦੀ ਕਵਿਤਾ ਸਰਹੱਦਾਂ ਪਾਰ ਦੀ ਸੁੰਦਰਤਾ ਅਤੇ ਮੇਲ-ਮਿਲਾਪ ਦੀ ਇੱਛਾ ਨੂੰ ਉਤਸਾਹ ਦਿੰਦੀ ਹੈ।
ਅਸ਼ਵਨੀ ਜੋਸ਼ੀ ਨੇ ਪੁਸਤਕ ਰਾਹੀਂ ਦੱਸਿਆ ਕਿ ਉਰਦੂ ਅਤੇ ਪੰਜਾਬੀ ਦਾ ਪੁਰਾਣਾ ਡੂੰਘਾ ਰਿਸ਼ਤਾ ਹੈ। ਜੋਸ਼ੀ ਨੇ ਲਿਖਿਆ ਹੈ ਕਿ ਅੱਜ ਵੀ ਭਾਰਤੀ ਪੰਜਾਬ ਦੇ ਮਾਲ ਵਿਭਾਗ ਵਿੱਚ ਉਰਦੂ ਦਾ ਬੋਲਬਾਲਾ ਹੈ। ਜੋਸ਼ੀ ਦਾ ਕਹਿਣਾ ਹੈ ਕਿ ਕਿਸੇ ਵੀ ਭਾਸ਼ਾ ਦਾ ਅਨੁਵਾਦ ਪੂਰਾ ਕਰਨ ਲਈ ਮੂਲ ਅਤੇ ਲਕਸ਼ ਭਾਸ਼ਾ ਦਾ ਮਾਹਿਰ ਹੋਣਾ ਜ਼ਰੂਰੀ ਹੈ। ਪਰ ਉਰਦੂ ਦੇ ਮਾਹਿਰ ਨਾ ਹੋਣ ਦੇ ਬਾਵਜੂਦ ਜੋਸ਼ੀ ਨੇ ਆਈਨਾ ਤਾਕ ਪਰ ਦੀ ਲੇਖਿਕਾ ਨੂੰ ਉਸਦੇ ਬੋਲਾਂ ਰਾਹੀਂ
ਸੁਣ ਕੇ ਲੇਖਿਕਾ ਦੀ ਮਾਨਵੀ ਰੂਹ ਦੀ ਆਵਾਜ਼ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪੰਜਾਬੀ ਪ੍ਰੇਮੀਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਸੀ। ਜੋਸ਼ੀ ਦਾ ਕਹਿਣਾ ਹੈ ਕਿ ਇਹ ਇੰਨਾ ਸੌਖਾ ਵੀ ਨਹੀਂ ਸੀ। ਉਹਨਾਂ ਦਾ ਕਹਿਣਾ ਹੈ ਕਿ ਹਿੰਦੀ ਅਤੇ ਪੰਜਾਬੀ ਦਾ ਗਿਆਨ ਰੱਖਣ ਵਾਲਾ ਥੋੜ੍ਹੇ ਜਿਹੇ ਯਤਨ ਨਾਲ ਉਰਦੂ ਬੋਲੀ ਦੇ ਅਰਥ ਸਮਝ ਸਕਦਾ ਹੈ। ਪੇਸ਼ੇ ਤੋਂ ਸਮੁੰਦਰੀ ਇੰਜਨੀਅਰ ਜੋਸ਼ੀ ਦਾ ਮੰਨਣਾ ਹੈ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਕੁਝ ਵੀ ਅਸੰਭਵ ਨਹੀਂ ਹੈ।
ਇਸ ਤੋਂ ਪਹਿਲਾਂ ਅਸ਼ਵਨੀ ਜੋਸ਼ੀ ਨੇ ਹਿੰਦੀ ਪੁਸਤਕ ਪਰਿਮਾਰਜਿਤ ਇੱਕਿਗਾਈ ਲਿਖੀ ਸੀ, ਜਿਸ ਨੂੰ ਪੰਜਾਬ ਦੇ ਰਾਜਪਾਲ ਨੇ ਰਾਜ ਭਵਨ ਵਿਖੇ ਰਿਲੀਜ਼ ਕੀਤਾ ਸੀ।