ਲੁਧਿਆਣਾ: 26 ਮਾਰਚ 2019 - ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਵੱਖ ਵੱਖ ਭਾਸ਼ਾਵਾਂ ਦੇ ਆਦਾਨ ਪ੍ਰਦਾਨ ਯੋਜਨਾ ਅਧੀਨ ਪੰਜਾਬ ਦੌਰੇ ਤੇ ਆਈ ਸਿੰਧੀ ਕਵਿੱਤਰੀ ਦਰੋਪਦੀ ਚੰਦਨਾਨੀ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕੀਤੀ ਇਕੱਤਰਤਾ ਵਿੱਚ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਿੰਧੀ ਸਾਹਿੱਤ ਵਿੱਚ ਵੀ ਪੰਜਾਬੀ ਵਾਂਗ ਧਰਤੀ ਦਾ ਮਾਣ ਤੇ ਮਰਯਾਦਾ ਦੇ ਨਾਲ ਨਾਲ ਸਰੋਦੀ ਅੰਸ਼ ਭਰਪੂਰ ਮਿਠਾਸ ਹੈ।
ਦਰੋਪਦੀ ਚੰਦਨਾਨੀ ਨੇ ਕਿਹਾ ਕਿ ਪੰਜਾਬੀ ਸਾਹਿੱਤ ਦੀ ਧੁਰ ਅੰਦਰੋਂ ਜਾਣਕਾਰੀ ਹਾਸਲ ਕਰਨ ਲਈ ਉਹ ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ‘ਚ ਲੇਖਕਾਂ ਤੇ ਲੇਖਕ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਪੰਜਾਬੀ ਕਵੀ ਪ੍ਰੋ: ਸੁਰਜੀਤ ਜੱਜ ਦੇ ਨਾਲ ਜਾ ਕੇ ਮਿਲ ਰਹੀ ਹੈ। ਉਸ ਨੇ ਕਿਹਾ ਕਿ ਪੰਜਾਬੀ ਲੇਖਕਾਂ ਦੀ ਲੋਕ ਪੱਖੀ ਸੰਤੁਲਤ ਸੋਚ ਤੇ ਬੇਬਾਕੀ ਨੇ ਉਸ ਨੂੰ ਪ੍ਰਭਾਵਤ ਕੀਤਾ ਹੈ।
ਦਰੋਪਦੀ ਚੰਦਨਾਨੀ ਨੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਨਾਲ ਉਨ੍ਹਾਂ ਦੀ ਜ਼ਿੰਦਗੀ, ਕਾਵਿ ਸਿਰਜਣ ਪ੍ਰਕ੍ਰਿਆ ਤੇ ਹੁਣ ਤੀਕ ਲਿਖੀਆਂ ਰਚਨਾਵਾਂ ਬਾਰੇ ਲੰਮੀ ਮੁਲਾਕਾਤ ਰੀਕਾਰਡ ਕੀਤੀ।
ਗੁਰਭਜਨ ਗਿੱਲ ਨੇ ਦੱਸਿਆ ਕਿ ਰਾਵੀ ਪਾਰੋਂ 1947 ਚ ਏਧਰ ਉੱਜੜ ਕੇ ਆਏ ਟੱਬਰ ਦਾ 1953 ਚ ਜਨਮਿਆ ਪੁੱਤਰ ਹੋਣ ਦੇ ਬਾਵਜੂਦ ਉਹ ਉਜਾੜੇ ਤੇ ਵੰਡ ਦੀਆਂ ਪੀੜਾਂ ਅੱਜ ਵੀ ਮੇਰੇ ਨਾਲ ਨਾਲ ਤੁਰਦੀਆਂ ਹਨ। ਧਰਤੀ ਦੀ ਮਰਯਾਦਾ, ਲੋਕ ਸੰਘਰਸ਼ ਤੇ ਹਕੂਮਤੀ ਜਬਰ ਤੇ ਅੱਖ ਰੱਖਣ ਕਾਰਨ ਮੇਰੀ ਸਿਰਜਣਾ ਹਯਾਤੀ ਦਾ ਦਰਦਨਾਮਾ ਹੈ।
ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ,ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਪ੍ਰੋ: ਸੁਰਜੀਤ ਜੱਜ,ਸਰਪ੍ਰਸਤ ਸਰਦਾਰਨੀ ਜਸਵਿੰਦਰ ਕੌਰ ਗਿੱਲ, ਗੁਰਭਜਨ ਗਿੱਲ ਨੇ ਫੁੱਲਾਂ ਦਾ ਗੁੱਛਾ ਭੇਂਟ ਕਰਕੇ ਸਿੰਧੀ ਕਵਿੱਤਰੀ ਦਰੋਪਦੀ ਚੰਦਵਾਨੀ ਤੇ ਨਾਰੀ ਲਛਵਾਨੀ ਦਾ ਸਵਾਗਤ ਕੀਤਾ।