ਸਿੱਧੂ ਨੇ ਨਿੰਦਰ ਘੁਗਿਆਣਵੀ ਨੂੰ ਲਾਇਆ ਆਰਟਸ ਕੌਂਸਲ 'ਚ ਮੀਡੀਆ ਸਲਾਹਕਾਰ ਅਤੇ ਸੰਪਾਦਕ-ਲੇਖਕਾਂ ਤੇ ਕਲਾਕਾਰਾਂ ਵੱਲੋਂ ਸਵਾਗਤ
ਚੰਡੀਗੜ੍ਹ,28 ਮਾਰਚ, 2018 : ਪੰਜਾਬ ਦੇ ਸਭਿਆਚਾਰਕ ਮਾਮਲਿਆਂ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉੱਘੇ ਲੇਖਕ ਤੇ ਕਾਲਮਨਿਸਟ ਨਿੰਦਰ ਘੁਗਿਆਣਵੀ ਨੂੰ ਪੰਜਾਬ ਆਰਟਸ ਕੌਂਸਲ 'ਚ ਮੀਡੀਆ ਸਲਾਹਕਾਰ ਅਤੇ ਸੰਪਾਦਕ ਨਿਯੁਕਤ ਕੀਤਾ ਹੈ .
ਆਪਣੀ ਛੋਟੀ ਉਮਰੇ ਸਾਹਿਤ, ਕਲਾ ਤੇ ਸਭਿਆਚਾਰ ਨਾਲ ਸਬੰਧਤ 52 ਪੁਸਤਕਾਂ ਲਿਖਣ ਵਾਲੇ ਉੱਘੇ ਲੇਖਕ ਤੇ ਕਾਲਮਨਿਸਟ ਨਿੰਦਰ ਘੁਗਿਆਣਵੀ ਦੀ ਇਸ ਨਿਯੁਕਤੀ ਦਾ ਮਾਲਵੇ ਦੇ ਉੱਘੇ ਲੇਖਕਾਂ ਤੇ ਕਲਾਕਾਰਾਂ ਨੇ ਨਿੱਘਾ ਸਵਾਗਤ ਕੀਤਾ ਹੈ।
ਉਸਤਾਦ ਯਮ੍ਹਲਾ ਜੱਟ ਦੇ ਚੇਲੇ ਰਹੇ ਘੁਗਿਆਣਵੀ ਦੀ ਨਿਯੁਕਤੀ ਦਾ ਆਰਟਸ ਕੌਂਸਲ ਪੰਜਾਬ ਸਰਕਾਰ ਦੇ ਚੇਅਰਮੈਨ ਸੁਰਜੀਤ ਪਾਤਰ ਅਤੇ ਜਨਰਲ ਸਕੱਤਰ ਡਾ.ਲਖਵਿੰਦਰ ਜੌਹਲ, ਪੰਜਾਬ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ ਗੁਰਭਜਨ ਗਿੱਲ, ਗਾਇਕ ਰਵਿੰਦਰ ਗਰੇਵਾਲ, ਹਰਜੀਤ ਹਰਮਨ ਅਤੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਆਈ.ਏ.ਐੱਸ, ਐਸ.ਐਸ.ਪੀ ਡਾ.ਨਾਨਕ ਸਿੰਘ ਆਈ.ਪੀ.ਐੱਸ,ਦੀਪਕ ਪਾਰਿਕ ਆਈ.ਪੀ.ਐੱਸ, ਤੇਲੰਗਾਨਾ ਰਾਜ ਦੇ ਪੁਲੀਸ ਕਮਿਸ਼ਨਰ ਵਿਕਰਮਜੀਤ ਦੁੱਗਲ ਆਈ.ਪੀ.ਐੱਸ, ਵਰੁਣ ਰੂਜ਼ਮ ਆਈ.ਏ.ਐਸ ਸਮੇਤ ਕਈ ਉੱਘੀਆਂ ਹਸਤੀਆਂ ਨੇ ਸਵਾਗਤ ਕੀਤਾ ਹੈ।ਇਸ ਕਦਮ ਲਏ ਨਵਜੋਤ ਸਿੱਧੂ ਦੀ ਸ਼ਲਾਘਾ ਕੀਤੀ ਹੈ .
ਦਿੱਲੀ ਤੋਂ ਉੱਘੇ ਕਥਾਕਾਰ ਗੁਰਬਚਨ ਸਿੰਘ ਭੁੱਲਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਨਾਮੀ ਲੇਖਕਾਂ ਨੂੰ ਅਜਿਹੇ ਅਦਾਰਿਆਂ ਵਿਚ ਲਿਆ ਕੇ ਮਾਣ-ਤਾਣ ਦੇਣਾ ਸ਼ੁੱਭ ਸ਼ਗਨ ਹੈ। ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਲਾਕਾਰਾਂ ਦੀ ਕਦਰ ਕਰਨੀ ਆਉਂਦੀ ਹੈ। ਹਲਕਾ ਫ਼ਰੀਦਕੋਟ ਦੇ ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਖਿਆ ਕਿ ਘੁਗਿਆਣਵੀ ਨੇ ਆਪਣੀ ਜ਼ਿੰਦਗੀ ਕਲਾ ਤੇ ਸਾਹਿਤ ਨੂੰ ਹੀ ਸਮਰਪਿਤ ਕਰ ਦਿੱਤੀ ਹੈ, ਅਜਿਹੇ ਲੇਖਕ ਦਾ ਚੰਗੇ ਅਹੁਦੇ ਉੱਤੇ ਨਿਵਾਜ ਕੇ ਸਨਮਾਨ ਕਰਨਾ ਸਰਕਾਰਾਂ ਦਾ ਫ਼ਰਜ਼ ਬਣਦਾ ਹੈ। ਪਿੰਡ ਘੁਗਿਆਣਾ ਵਾਸੀਆਂ ਨੇ ਇਸ ਖ਼ੁਸ਼ੀ ਮੌਕੇ ਲੱਡੂ ਵੰਡੇ।
ਫ਼ੋਟੋ- ਨਿੰਦਰ ਘੁਗਿਆਣਵੀ ਨੂੰ ਕੁਰਸੀ 'ਤੇ ਬਿਠਾਉਂਦੇ ਹੋਏ ਨਵਜੋਤ ਸਿੰਘ ਸਿੱਧੂ