ਮੇਰੀ ਏਨੀ ਉਮਰ ਤਾਂ ਨਹੀਂ ਕਿ ਮੈਂ ਜ਼ਿੰਦਗੀ ਦੇ ਹਰ ਪੜਾਅ ਬਾਰੇ ਟਿੱਪਣੀ ਕਰ ਸਕਾਂ ਪਰ ਉਹ ਉਮਰ ਜ਼ਰੂਰ ਹੈ ਮੇਰੀ ਜਿਸ ਵਿਚ ਇੱਕ ਬੱਚੇ ਨੂੰ ਜਾਂ ਖ਼ਾਸ ਤੌਰ ਤੇ ਇੱਕ ਕੁੜੀ ਨੂੰ ਮਾਂ ਦੇ ਸਾਥ ਤੇ ਸੁਝਾਅ ਦੀ ਬੇਹੱਦ ਲੋੜ ਹੁੰਦੀ ਹੈ।
ਜਦੋਂ ਸਵੇਰੇ ਉੱਠਦੀ ਹਾਂ ਤਾਂ ਰੱਬ ਦਾ ਨਾਮ ਸਿਮਰਦੇ ਹੋਏ ਅਣਹਦ ਇੱਛਾਵਾਂ ਤੇ ਸ਼ੁਕਰਾਨੇ ਔੜ ਦੇ ਨੇ ਪਰ ਪਹਿਲਾਂ ਤਾਂ ਚੰਗੇ ਪਰਿਵਾਰ ਮਿਲਣ ਦਾ ਸ਼ੁਕਰਾਨਾ ਹੁੰਦਾ ਹੈ। ਜਿਸ ਵਿਚੋਂ ਮਾਂ ਦਾ ਨਾਂ ਬੇਸ਼ੱਕ ਸਰਬਉੱਚ ਰਹਿੰਦਾ ਹੈ।
ਮਾਂ ਦੇ ਕਿਰਦਾਰ ਦੀ ਸ਼ਲਾਘਾ ਕਰਨ ਲਈ ਸ਼ਾਇਦ ਕਿਸੇ ਵੀ ਇਨਸਾਨ ਕੋਲ ਸ਼ਬਦਾਂ ਦੀ ਤੋਟ ਹੀ ਰਹਿੰਦੀ ਹੋਵੇਗੀ। ਪਰ ਫੇਰ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਅੱਜ ਹਰ ਤਰੀਕੇ ਨਾਲ ਇਸ ਲੇਖ ਵਿਚ ਸਿੱਧ ਕਰ ਸਕਾਂ ਕਿ 'ਮਾਵਾਂ' ਠੰਢੀਆਂ ਛਾਵਾਂ ਹੀ ਹੁੰਦੀਆਂ ਹਨ!
ਮਾਂ ਬੱਚੇ ਦਾ ਸਾਥ ਤਾਂ ਓਸ ਪਲ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਬੱਚਾ ਕੁੱਖ ਵਿਚ ਆ ਵੱਸਦਾ ਹੈ। ਮਾਂ ਦੀ ਰੂਹ ਤਾਂ ਉਸ ਵੇਲੇ ਹੀ ਉਸ ਦੇ ਨਾਲ ਜੁੜ ਜਾਂਦੀ ਹੈ। ਫੇਰ ਨੰਨ੍ਹੀ ਜਾਨ ਨੂੰ ਉਹ ਧੀਰਜ ਨਾਲ ਆਪਣੇ ਅੰਦਰ ਨੌਂ ਮਾਹ ਤਕ ਪਾਲਦੀ ਹੈ ਜਿਸ ਦੌਰਾਨ ਉਹ ਇੱਕ ਬਚਪਣੇ ਭਰੀ ਕੁੜੀ ਤੋਂ ਇੱਕ ਜ਼ਿਮੇਦਾਰ ਮਾਂ ਵਿਚ ਤਬਦੀਲ ਹੋ ਜਾਂਦੀ ਹੈ। ਅਤੇ ਬੱਚੇ ਦੇ ਜਨਮ ਹੋਣ ਤੇ ਉਸ ਦੇ ਸਾਰੇ ਰਿਸ਼ਤੇ ਪਿੱਛੇ ਤੇ ਇਹ ਰਿਸ਼ਤਾ ਤਰਜੀਹ ਤਾਂ ਆ ਜਾਂਦਾ ਹੈ। ਜਨਮ ਉਪਰੰਤ ਬੱਚੇ ਦੀ ਦੇਖਭਾਲ ਵਿਚ ਉਹ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਇੱਕ ਕਰ ਦਿੰਦੀ ਹੈ। ਪਰਿਵਾਰ ਦੇ ਸਾਰੇ ਨਗ ਇੱਕ ਪਾਸੇ ਤੇ ਮਾਂ ਦੀ ਝੋਲੀ ਇੱਕ ਪਾਸੇ ਹੁੰਦੀ ਹੈ। ਇਹ ਮੈਂ ਆਪਣੇ ਤਜਰਬੇ ਤੋਂ ਤਾਂ ਨਹੀਂ ਪਰ ਆਪਣੀ ਭੈਣ ਦੇ ਹਾਲ ਹੀ ਵਿਚ ਹੋਏ ਜਣੇਪੇ ਤੋਂ ਬਾਅਦ ਵੇਖਿਆ। ਰੱਬ ਓਸ ਨਾਜ਼ੁਕ ਕੁੜੀ ਨੂੰ ਇੱਕ ਅਲੱਗ ਹੀ ਕਿਸਮ ਦੀ ਹਿੰਮਤ , ਸਹਿਣਸ਼ੀਲਤਾ ਅਤੇ ਆਤਮਨਿਰਭਰਤਾ ਬਖ਼ਸ਼ ਦਿੰਦਾ ਹੈ।
ਹੌਲੀ ਹੌਲੀ ਮਾਂ ਇੱਕ ਨਵੇਂ ਮਨੁੱਖ ਦੇ ਜੀਵਨ ਨੂੰ ਸੰਵਾਰਦੀ ਹੈ। ਇਹੋ ਜਿਹਾ ਵੱਡਾ ਅਤੇ ਜ਼ਿੰਮੇ ਵਾਲਾ ਕਾਰਜ ਪਰਮਾਤਮਾ ਨੇ ਇੱਕ ਔਰਤ ਨੂੰ ਸੌਂਪਿਆ ਹੈ। ਤੇ ਉਹ ਇਸ ਤੇ ਖਰੀ ਉੱਤਰਦੀ ਹੈ।
ਬਾਲ ਦੇ ਜੀਵਨ ਦੇ ਹਰ ਮੋੜ ਤੇ ਢਾਲ ਵਾਂਗ ਉਹ ਖਲੋਤੀ ਰਹਿੰਦੀ ਹੈ।
ਮੇਰਾ ਤਜਰਬਾ ਕਹਿੰਦਾ ਹੈ ਕਿ ਜੇ ਮਾਂ ਦੇ ਸਾਥ ਦੀ ਯਕੀਨੀ ਹੋਵੇ ਤਾਂ ਕਿਸੇ ਵੀ ਹਾਲਾਤ ਜਾਂ ਕਾਰਜ ਤੋਂ ਡਰ ਨਹੀਂ ਲਗਦਾ। ਇਹ ਤਸੱਲੀ ਹੁੰਦੀ ਹੈ ਕਿ ਘਰ ਮੁੜ ਕੇ ਇੱਕ ਹੱਥ ਪੱਕਾ ਹੈ ਜੋ ਸਿਰ ਤੇ ਪਿਆਰ ਨਾਲ ਫੇਰ ਕੇ ਨਾਕਾਮਯਾਬੀ ਵੇਲੇ ਹੌਸਲਾ ਦੇਗਾ 'ਤੇ ਕਾਮਯਾਬ ਹੋਣ ਤੇ ਸ਼ਾਬਾਸ਼। ਇਹ ਲਿਖਦੇ ਹੋਏ ਜ਼ਿਕਰਯੋਗ ਲਗਦਾ ਹੈ ਕਿ ਜੋ ਮਾਵਾਂ ਸਮਾਜ ਜਾਂ ਪਰਿਵਾਰ ਦੇ ਡਰ ਤੋਂ ਆਪਣੇ ਬੱਚਿਆਂ ਤੇ ਪੜ੍ਹਾਈ ਅਤੇ ਹੋਰ ਕਿਸਮ ਦੇ ਦਬਾਅ ਪਾਉਂਦੀਆਂ ਹਨ ਓਹਨਾ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਬੱਚੇ ਲਈ ਉਸ ਦੀ ਭਾਵਨਾਵਾਂ ਅਤੇ ਸਮੱਸਿਆਵਾਂ ਦਾ ਪ੍ਰਗਟਾਵਾ ਕਰਨ ਦੇ ਸਾਰੇ ਰਸਤੇ ਬੰਦ ਕਰ ਦਿੰਦੀਆਂ ਹਨ ਕਿਉਂਕਿ ਮਾਂ ਨਾਲ ਗੱਲਾਂ ਸਾਂਝੀ ਕਰਨ ਤੋਂ ਵੀ ਉਹ ਵਾਂਝਾ ਹੋ ਜਾਂਦਾ ਹੈ। ਅਤੇ ਮਾਂ ਦਾ ਇਹ ਰਵੱਈਆ ਇੱਕ ਇਨਸਾਨ ਦਾ ਜੀਵਨ ਖੋਖਲਾ ਕਰ ਸਕਦਾ ਹੈ ।
ਹੁਣ ਮੁੜ ਆਪਣੇ ਵਿਸ਼ੇ ਤੇ ਆਉਂਦੇ ਹੋਏ ਮੈਂ ਆਪਣੀ ਮਾਂ ਦੇ ਯੋਗਦਾਨ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ। ਇਸ ਮਾਂ(ਪਤੀ ਤੋਂ ਵੱਖਰੇ) ਲਈ ਕੇਲ ਇੱਕ ਕੁੜੀ ਨੂੰ ਪਾਲਨਾ ਤੇ ਵੱਡਾ ਕਰਨਾ ਸੌਖਾ ਨਹੀਂ ਰਿਹਾ ਹੋਣਾ। ਪਰ ਪਰਿਵਾਰ ਦੇ ਸਾਥ ਨੇ ਨਾਂ ਇਸ ਕੱਲੀ ਮਾਂ ਨੂੰ ਨਾ ਮੈਨੂੰ ਕਦੀ ਜਜ਼ਬਾਤੀ ਤੌਰ ਤੇ ਇਹ ਕਮੀ ਮਹਿਸੂਸ ਹੋਣ ਦਿੱਤੀ ਹੈ।
ਮੈਂ ਇਸ ਵੇਲੇ ਵਕਾਲਤ ਦੀ ਪੜ੍ਹਾਈ ਤੇ ਜੁਡੀਸ਼ਿਅਰੀ ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਹਾਂ । ਤੇ ਮੇਰੇ ਨਾਲ ਪੜ੍ਹਦੇ ਤੇ ਕਈ ਸਫਲ ਹੋਏ ਵਿਅਕਤੀ ਹਨ ਜਿਨ੍ਹਾਂ ਤੋ ਮੈਂ ਸੁਝਾਅ ਲੈਂਦੀ ਰਹਿੰਦੀ ਹਾਂ ਪਰ ਮੇਰੀ ਸਬ ਤੋਂ ਵੱਡੀ ਸਲਾਹਕਾਰ ਤਾਂ ਮੇਰੀ ਮਾਂ ਹੀ ਰਹਿੰਦੀ ਹੈ। ਉਸ ਦੀ ਜੀਵਨ ਵਲ ਸਕਾਰਾਤਮਿਕ ਸੋਚ ਮੈਨੂੰ ਹੌਸਲਾ ਤੇ ਹਰ ਮੁਸੀਬਤ ਦਾ ਹੱਲ ਦਿੰਦੀ ਹੈ।
ਇਸ ਵਿਕਸਿਤ ਤੇ ਖੁੱਲ੍ਹੇ ਵਿਚਾਰਾਂ ਦੇ ਸਮਾਜ ਵਿਚ ਓਨਾ ਮਾਵਾਂ ਵਿਚੋਂ ਇੱਕ ਮਾਂ ਮੇਰੀ ਵੀ ਹੈ ਜੋ ਆਪਣੇ ਬੱਚੇ ਨੂੰ ਹਰ ਤਰੀਕੇ ਦੀ ਗਲ ਕਰਨ ਦਾ ਮੌਕਾ ਦਿੰਦੀ ਹੈ। ਇਹੀ ਕਾਰਨ ਹੈ ਕਿ ਮੈਂ ਆਪਣੀ ਗ਼ਲਤੀਆਂ ਜਾਂ ਅਸਫਲਤਾਵਾਂ ਵੀ ਸਾਂਝੀਆਂ ਕਰ ਲੈਂਦੀ ਹਾਂ। ਅਤੇ ਮੈਨੂੰ ਇਹ ਭਰੋਸਾ ਹੈ ਕਿ ਮੇਰੀ ਗ਼ਲਤੀਆਂ ਤੇ ਮੈਨੂੰ ਸਮਝਾਇਆ ਜਾਵੇਗਾ ਨਾ ਕਿ ਇਹਨਾਂ ਤੇ ਇਹੋ ਜਿਹਾ ਪ੍ਰਤੀਕਰਮ ਦਿੱਤਾ ਜਾਵੇਗਾ ਕਿ ਮੈਂ ਗ਼ਲਤ ਜਾਂ ਸਹੀ ਦੀ ਸਮਝ ਦੀ ਜਗ੍ਹਾ ਉਸ ਨੂੰ ਛੁਪਾਉਣ ਦੇ ਉਪਰਾਲੇ ਵਲ ਲਗ ਜਾਵਾ।
ਮੇਰੇ ਖ਼ਿਆਲ ਨਾਲ ਕਿਸੇ ਵੀ ਪੜ੍ਹਾਈ ਤੋਂ ਉੱਤੇ ਇਨਸਾਨ ਦੀ ਸ਼ਖ਼ਸੀਅਤ ਮਾਅਨਾ ਰੱਖਦੀ ਹੈ ਜੋ ਉਸ ਦੀ ਮਾਂ ਦੇ ਪ੍ਰਭਾਵ ਹੇਠ ਬਣਦੀ ਹੈ!
24-07-2016
ਮਿਸ ਹੈਲੀ ਫਰ ਕੌਰ
ਲਾਅ ਸਟੂਡੈਂਟ ( ਆਖ਼ਰੀ ਸਾਲ )
ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ
# 1434, ਸੈਕਟਰ 41-ਬੀ
ਚੰਡੀਗੜ੍ਹ
helly21june@gmail.com