ਸੰਤ ਬਾਬਾ ਸੁੱਚਾ ਸਿੰਘ ਜੀ ਨੇ 1985 ਚ ਜਵੱਦੀ(ਲੁਧਿਆਣਾ) ਚ ਟਕਸਾਲੀ ਕੀਰਤਨ ਦੀ ਸੇਵਾ ਦਾ ਬੀਬੀ ਜਸਬੀਰ ਕੌਰ ਦੇ ਸਾਥ ਸਹਿਯੋਗ ਨਾਲ ਸੁਪਨਾ ਲਿਆ ਸੀ ਤਾਂ ਕਿਸੇ ਨੂੰ ਚਿੱਤ ਚੇਤੇ ਨਹੀਂ ਸੀ ਕਿ ਇਹ ਸੰਸਥਾ ਖ਼ੁਦ ਟਕਸਾਲ ਬਣ ਜਾਵੇਗੀ, ਹੀਰੇ ਢਾਲਣ ਵਾਲੀ।
ਬਾਬਾ ਜੀ ਨੇ 1990 ਚ ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਜੀ ਨੂੰ ਸੰਗੀਤ ਸੇਵਾ ਲਈ ਜਵੱਦੀ ਰਹਿਣ ਲਈ ਮਨਾਇਆ ਤਾਂ ਸਭਨਾਂ ਦੇ ਮਨ ਚ ਇਹ ਖ਼ਦ਼ਾ ਸੀ ਕਿ ਭੰਵਰਾ ਜੀ ਵਰਗਾ ਆਜ਼ਾਦ ਪਰਿੰਦਾ ਪਿੰਜਰੇ ਚ ਨਹੀਂ ਪੈਣ ਲੱਗਾ।
ਪਰ ਕਰਾਮਾਤ ਹੋ ਗਈ।
ਭੰਵਰਾ ਜੀ ਟਿਕੇ, ਖ਼ੂਬ ਟਿਕੇ।
9 ਮੈਂਬਰੀ ਕਮੇਟੀ ਦਾ ਗਠਨ ਕਰਕੇ ਭੰਵਰਾ ਜੀ ਨੇ ਕੌਮੀ ਪੱਧਰ ਦੇ ਗਿਆਨਵੰਤ ਸੰਗੀਤਕਾਰ ਬੁਲਾਏ। ਸ਼੍ਰੀ ਗੁਰੂ ਗਰੰਥ ਸਾਹਿਬ ਦੇ 31 ਮੁੱਖ ਰਾਗਾਂ ਦੇ ਸਰੂਪ ਪਛਾਣੇ, ਉਨ੍ਹਾਂ ਦੀਆਂ ਪੁਰਾਤਨ ਰੀਤਾਂ ਬੰਦਸ਼ਾਂ ਇਕੱਤਰ ਕਰਵਾਈਆਂ। ਬੀਬੀ ਜਸਬੀਰ ਕੌਰ ਦਾ ਕੇਂਦਰੀ ਯੋਜਨਾਕਾਰੀ ਦਿਮਾਗ ਸੀ। ਪ੍ਰੋ: ਕਰਤਾਰ ਸਿੰਘ, ਭਾਈ ਬਲਬੀਰ ਸਿੰਘ,ਪੰਡਤ ਦਲੀਪ ਚੰਦਰ ਬੇਦੀ ਤੇ ਕਿੰਨੇ ਹੋਰ ਸਹਿਯੋਗੀ ਨਾਲ ਸਨ।
ਪਹਿਲੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ1991 ਨੇ ਸੁਪਨਾ ਪੱਕੇ ਪੈਰੀਂ ਕੀਤਾ।
ਹਰ ਰਾਗ ਦੇ ਗਾਇਨ ਤੋਂ ਪਹਿਲਾਂ ਭੰਵਰਾ ਜੀ ਜਾਣਕਾਰੀ ਦਿੰਦੇ। ਟਕਸਾਲੀ ਰਾਗੀ ਗਾਇਨ ਕਰਦੇ। ਰੀਕਾਰਡਿੰਗ ਕੀਤੀ ਗਈ ਜੋ ਯੁਗ ਪਰਵਰਤਕ ਬਣੀ।
ਭੰਵਰਾ ਜੀ ਕੋਲ ਸਿਰਕੱਢਵੇਂ ਰਾਗੀ ਤੇ ਨੌਜਵਾਨ ਕੀਰਤਨ ਸਿੱਖਦੇ, ਰਾਗ ਵਿੱਦਿਆ ਦੀ ਪਰਵੀਨਤਾ ਲਈ।
ਭਾਈ ਨਿਰੰਜਨ ਸਿੰਘ ਤੇ ਕੁਲਦੀਪ ਸਿੰਘ ਦੀ ਆਵਾਜ਼ ਚ ਪਹਿਲੀ ਆਡਿਓ ਕੈਸਿਟ ਗੁਰ ਪਰਮੇਸ਼ਰ ਪੂਜੀਏ ਰੀਕਾਰਡ ਹੋਈ, ਭੰਵਰਾ ਜੀ ਦੇ ਸੰਗੀਤ ਚ।
ਭਾਈ ਨਿਰੰਜਨ ਸਿੰਘ ਜਵੱਦੀ ਤੇ ਭਾਈ ਕੁਲਦੀਪ ਸਿੰਘ ਕੀਰਤਨ ਜਗਤ ਦੀ ਸਨਮਾਨ ਯੋਗ ਹਸਤੀ ਹਨ। ਕੁਲਦੀਪ ਸਿੰਘ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹਨ।
ਉਦੋਂ ਹੀ ਭਾਈ ਸੁਖਵੰਤਸਿੰਘ ਜੀ ਭੰਵਰਾ ਸਾਹਿਬ ਦੇ ਚਰਨੀਂ ਲੱਗੇ। ਹੁਣ ਉਹ ਪ੍ਰਿੰਸੀਪਲ ਸੁਖਵੰਤ ਸਿੰਘ ਹਨ। ਮਿੱਟੀ ਨੂੰ ਛੋਹ ਕੇ ਸੋਨਾ ਬਣਾਉਣ ਵਾਲੇ।
ਜਵੱਦੀ ਛੱਡ ਕੇ ਹੁਣ ਜੰਡਿਆਲਾ ਗੁਰੂ(ਅੰਮ੍ਰਿਤਸਰ) ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਯਾਦ ਚ ਸੁਰ ਅਭਿਆਸ ਕੇਂਦਰ ਚਲਾ ਰਹੇ ਹਨ।
ਵਿਸ਼ਵ ਭਰ ਚ ਉਨ੍ਹਾਂ ਗੇ ਸਿਖਾਏ ਬਾਲਕੇ ਕਮਾਲ ਕਰ ਰਹੇ ਹਨ।
ਸਵਰਗੀ ਇਸ਼ਮੀਤ ਤੋਂ ਬਾਦ ਦੇਵਿੰਦਰਪਾਲ ਸਿੰਘ ਇੰਡੀਅਨ ਆਈਡਲ ਬਣਿਆ।
ਸਭ ਕੁਝ ਗਾਉਂਦਾ ਹੈ ਗੁਣੀ ਗਿਆਨੀ ਗੁਰਸਿੱਖ ਪੁੱਤਰ ਦੇਵਿੰਦਰਪਾਲ ਸਿੰਘ।
ਵਿਸ਼ਵ ਚ ਘੁੰਮਦਾ ਹੈ। ਅਸ਼ਲੀਲਤਾ ਵਾਲੇ ਬੋਲਾਂ ਦਾ ਸੰਪੂਰਨ ਪਰਹੇਜ਼ਗਾਰ।
ਪੰਜਾਬ ਚ ਉਸ ਨੂੰ ਜਾਨਣ ਤੇ ਮਾਨਣ ਵਾਲੇ ਵਿਰਲੇ ਨੇ।
ਅੱਜ ਸਵੇਰੇ ਮਨਜੀਤ ਇੰਦਰਾ ਨੇ ਇਹ ਕਲਿਪਿੰਗ ਭੇਜੀ ਜਿਸ ਚ ਦੇਵਿੰਦਰਪਾਲ ਬੀਬੀ ਰੇਸ਼ਮਾਂ ਤੇ ਪਰਵੇਜ਼ ਮਹਿੰਦੀ ਦਾ ਗਾਇਆ ਗੀਤ
ਗੋਰੀਏ! ਮੈਂ ਜਾਣਾ ਪਰਦੇਸ ਗਾ ਰਿਹੈ।
ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਰੇਸ਼ਮਾਂ ਜੀ ਤੇ ਪਰਵੇਜ਼ ਮਹਿੰਦੀ ਕੋਲੋਂ ਵੱਖ ਵੱਖ ਸਮੇਂ ਇਹ ਗੀਤ ਕੋਲ ਬੈਠ ਕੇ ਸੁਣਿਆ ਹੋਇਆ ਹੈ।
ਮੈਂ ਵਡਭਾਗ ਮੰਨਦਾਂ ਕਿ ਮੈਂ ਦੇਵਿੰਦਰਪਾਲ ਸਿੰਘ ਦੀਆਵਾਜ਼ ਚ ਸਾਹਮਣੇ ਬਹਿ ਕੇ ਨਾ ਸਹੀ, ਕਿਸੇ ਬਦੇਸ਼ੀ ਕਨਸਰਟ ਚੋਂ ਰੀਕਾਰਡਡ ਸੁਣ ਰਿਹਾਂ।
ਤੁਸੀਂ ਵੀ ਸੁਣੋ ਪਿਆਰਿਓ।
ਦੇਵਿੰਦਰ ਪਾਲ ਸਿੰਘ ਦਾ ਸੰਪਰਕ ਨੰਬਰ
+91 98032 52204 ਹੈ ਜੀ।
ਜੇ ਨਾ ਚੁੱਕੇ ਤਾਂ ਪ੍ਰਿੰਸੀਪਲ ਸੁਖਵੰਤ ਸਿੰਘ ਕੋਲ ( 98150 71645)
ਸ਼ਿਕਾਇਤ ਲਗਾ ਕੇ ਮਿੱਠੀ ਝਿੜਕ ਦਿਵਾ ਸਕਦੇ ਹੋ।
ਬੁਰੇ ਗੀਤ ਗਾਇਕਾਂ ਤੇ ਗੀਤਾਂ ਨੂੰ ਨਿੰਦਣ ਨਾਲੋਂ ਜ਼ਰੂਰੀ ਹੈ ਚੰਗਿਆਂ ਨੂੰ ਸਤਿਕਾਰਨਾ।
ਬੁਰਾਈ ਨੂੰ ਮਾਰਨ ਦਾ ਕਾਰਗਰ ਢੰਗ ਇਹੀ ਹੈ।
ਗੁਰਭਜਨ ਗਿੱਲ