ਚੰਡੀਗੜ੍ਹ, 28 ਫਰਵਰੀ 2020 - ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਅਚਾਰੀਆਕੁਲ ਚੰਡੀਗੜ੍ਹ ਦੇ ਸਹਿਯੋਗ ਨਾਲ ਉਘੇ ਰੰਗਕਰਮੀ ਅਤੇ ਲੇਖਕ ਬਲਕਾਰ ਸਿੱਧੂ ਦੀ ਕਲਮ 'ਚੋਂ ਨਿਕਲਿਆ ਨਾਟਕ 'ਸੱਸੀ ਪੁੰਨੂ' ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਗਾਂਧੀ ਭਵਨ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਕਾਰ ਸਿੱਧੂ ਨੇ ਦੱਸਿਆ ਕਿ 29 ਫਰਵਰੀ ਦਿਨ ਸ਼ਨੀਵਾਰ ਨੂੰ ਸੈਕਟਰ 16 ਸਥਿਤ ਗਾਂਧੀ ਭਵਨ ਵਿਖੇ 10:30 ਵਜੇ ਇਹ ਸਾਹਿਤਕ ਸਮਾਗਮ ਰੱਖਿਆ ਗਿਆ ਹੈ, ਜਿਸ ਵਿਚ ਬਤੌਰ ਮੁੱਖ ਮਹਿਮਾਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਸਰਵਉਚ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਪਹੁੰਚ ਰਹੇ ਹਨ। ਇਸੇ ਤਰ੍ਹਾਂ ਉਘੇ ਵਿਦਵਾਨ ਨਾਮਚਿੰਨ੍ਹ ਕਵੀ ਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਜਿੱਥੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਉਥੇ ਸਮਾਗਮ ਦੀ ਪ੍ਰਧਾਨਗੀ ਗਾਂਧੀ ਸਮਾਰਕ ਨਿਧੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਾਰਦਾ ਵਲੋਂ ਕੀਤੀ ਜਾਵੇਗੀ। ਧਿਆਨ ਰਹੇ ਕਿ ਇਹ ਸਮੁੱਚਾ ਸਮਾਗਮ ਅਚਾਰੀਆ ਕੁਲ ਦੀ ਅਗਵਾਈ ਕਰ ਰਹੇ ਉਘੇ ਸਾਹਿਤਕਾਰ ਪ੍ਰੇਮ ਵਿੱਜ ਅਤੇ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਲੇਖਕ ਸਭਾ ਨੇ ਸਮੁੱਚੇ ਰੰਗਕਰਮੀਆਂ, ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਉਚੇਚਾ ਸੱਦਾ ਦਿੱਤਾ।