ਖੁਸ਼ਵੰਤਨੁਮਾ ਕਸੌਲੀ
ਨਵਦੀਪ ਗਿੱਲ
ਕਸੌਲੀ, 13 ਅਕਤੂਬਰ, 2019 :
ਅੱਜ ਕਾਫ਼ੀ ਅਰਸੇ ਬਾਅਦ ਕਸੌਲੀ ਘੁੰਮ ਕੇ ਆਇਆ। ਮੌਕਾ ਸੀ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ-2019 ਦੇ ਤੀਜੇ ਤੇ ਆਖਰੀ ਦਿਨ ਦਾ। ਕਸੌਲੀ ਦੀ ਮਸ਼ਹੂਰੀ ਕਿਸੇ ਸਮੇਂ ਗਰਮੀਆਂ ਦੇ ਦਿਨਾਂ ਵਿੱਚ ਖੁਸ਼ਵੰਤ ਸਿੰਘ ਦੇ ਇੱਥੇ ਰਹਿਣ ਕਰ ਕੇ ਹੁੰਦੀ ਸੀ। 2014 ਵਿੱਚ 99 ਵਰ੍ਹਿਆਂ ਦੇ ਖੁਸ਼ਵੰਤ ਸਿੰਘ ਦੇ ਇਸ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ ਉਨ੍ਹਾਂ ਦੇ ਲੜਕੇ ਰਾਹੁਲ ਤੇ ਦੋਸਤਾਂ ਵੱਲੋਂ ਮਿਲ ਕੇ ਹਰ ਸਾਲ ਕਸੌਲੀ ਕਲੱਬ ਵਿਖੇ ਕਰਵਾਇਆ ਜਾਂਦਾ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ ਹੁਣ ਕਸੌਲੀ ਦੀ ਪਛਾਣ ਬਣਿਆ ਹੋਇਆ ਹੈ। ਜੈਪੁਰ ਲਿਟਫੈਸਟ ਤੋਂ ਬਾਅਦ ਇਹ ਦੇਸ਼ ਦਾ ਮਕਬੂਲ ਸਾਹਿਤ ਉਤਸਵ ਬਣ ਗਿਆ।
ਕਸੌਲੀ ਮੇਰਾ ਸਦਾ ਹੀ ਮਨਭਾਉਂਦਾ ਹਿੱਲ ਸਟੇਸ਼ਨ ਰਿਹਾ ਹੈ। ਸ਼ਾਂਤਚਿੱਤ, ਸਾਫ਼ ਸੁਥਰਾ ਤੇ ਛੋਟਾ ਜਿਹਾ ਇਹ ਕਸਬਾ ਵੱਡੇ ਹਿੱਲ ਸਟੇਸ਼ਨ ਨਾਲ਼ੋਂ ਕਿਤੇ ਵੱਧ ਸਕੂਨ ਦਿੰਦਾ ਹੈ। ਚੰਡੀਗੜ੍ਹ ਚ ਸ਼ੁਰੂਆਤੀ ਦਿਨਾਂ ਵੇਲੇ ਪੰਜਾਬੀ ਟ੍ਰਿਬਿਊਨ ਜੁਆਇਨ ਕਰਨ ਵੇਲੇ ਹਰ ਦੂਜੀ- ਤੀਜੀ ਵੀਕਲੀ ਛੁੱਟੀ ਸਮੇਂ ਕਸੌਲੀ ਨੂੰ ਵਹੀਰਾਂ ਘੱਤ ਦਿੰਦਾ ਸੀ। ਹਰ ਵਾਰ ਕਸੌਲੀ ਇਸੇ ਆਸ ਨਾਲ ਜਾਣਾ ਕਿ ਇਸ ਵਾਰ ਖੁਸ਼ਵੰਤ ਸਿੰਘ ਨਾਲ ਮੁਲਾਕਾਤ ਹੋਵੇਗੀ ਪਰ ਇਹ ਸਬੱਬ 2007 ਵਿੱਚ ਅਗਸਤ ਦੇ ਮਹੀਨੇ ਸਿਰਫ ਇਕ ਵਾਰ ਮਿਲਿਆ ਜਿਸ ਮੁਲਾਕਾਤ ਬਾਰੇ 2014 ਵਿੱਚ ਖੁਸ਼ਵੰਤ ਸਿੰਘ ਦੇ ਤੁਰ ਜਾਣ ਮੌਕੇ ਪੰਜਾਬੀ ਟ੍ਰਿਬਿਊਨ ਵਿੱਚ ‘ਧੱਕੇ ਨਾਲ ਕੀਤੀ ਖੁਸ਼ਵੰਤ ਸਿੰਘ ਦੀ ਇੰਟਰਵਿਊ’ ਸਿਰਲੇਖ ਹੇਠ ਲਿਖੇ ਲੇਖ ਵਿੱਚ ਜ਼ਿਕਰ ਕੀਤਾ ਸੀ।
ਵਾਪਸ ਆਉਣੇ ਆ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ-2019 ਵੱਲ। ਅੱਜ ਸਿਰਫ ਦੋ ਸੈਸ਼ਨ ਸਨ। ਪਹਿਲੇ ਸੈਸ਼ਨ ਵਿੱਚ ਬਾਲੀਵੁੱਡ ਅਭਿਨੇਤਰੀ ਮਨੀਸ਼ਾ ਕੋਇਰਾਲਾ ਦਾ ਰੂਬਰੂ ਸੀ ਜਿਸ ਨੇ ਨਾਮੁਰਾਦ ਬਿਮਾਰੀ ਕੈਂਸਰ ਤੋਂ ਉੱਭਰਨ ਦੀਆਂ ਆਪਣੀਆਂ ਜ਼ਿੰਦਾ ਦਿਲ ਉਦਾਹਰਨਾਂ ਨਾਲ ਸਰੋਤਿਆਂ ਦੇ ਲੂ ਕੰਢੇ ਖੜ੍ਹੇ ਕਰ ਦਿੱਤੇ। ਮਨੀਸ਼ਾ ਦੇ ਸਿਰੜ, ਸਿਦਕ ਦੀ ਸਭ ਨੇ ਜੰਮ੍ਹ ਕੇ ਤਾਰੀਫ਼ ਕੀਤੀ। ਇਸ ਮੌਕੇ ਉਸ ਨੇ ਆਪਣੀ ਜੀਵਨੀ ‘Healed: How Cancer gave me a new life’ ਜੋ ਨੀਲਮ ਕੁਮਾਰ ਨੇ ਲਿਖੀ ਹੈ, ਬਾਰੇ ਵੀ ਚਰਚਾ ਕੀਤੀ।
ਦੂਜਾ ਸੈਸ਼ਨ ਖੱਬੇ ਪੱਖੀ ਲਹਿਰ ਨਾਲ ਜੁੜੀ ਅਗਾਂਹਵਧੂ ਵਿਚਾਰਾਂ ਵਾਲੀ ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦਾ ਰੂਬਰੂ ਸੀ। ਇਹ ਸੈਸ਼ਨ ਸ਼ਬਾਨਾ ਦੇ ਪਿਤਾ ਅਤੇ ਚੋਟੀ ਦੇ ਸ਼ਾਇਰ ਕੈਫ਼ੀ ਆਜ਼ਮੀ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਸੀ। ਸ਼ਬਾਨਾ ਨੇ ਕੈਫੀ ਨਾਲ ਜੁੜੀਆਂ ਅਨੇਕਾਂ ਯਾਦਾਂ ਸਾਂਝੀਆਂ ਕੀਤੀਆਂ। ਨਾਲ਼ੋਂ ਨਾਲ ਸ਼ਬਾਨਾ ਵੱਲੋਂ ਕੈਫੀ ਦੀ ਸ਼ਾਇਰੀ ਦੀ ਪੇਸ਼ਕਾਰੀ ਸਰੋਤਿਆਂ ਲਈ ਸੋਨੇ ਉਤੇ ਸੁਹਾਗੇ ਦਾ ਕੰਮ ਕਰ ਰਹੀ ਸੀ।
ਪਹਿਲੇ ਸੈਸ਼ਨ ਦੇ ਅਖੀਰ ਚ ਸਵਾਲ-ਜਵਾਬ ਦੌਰਾਨ ਥਿਏਟਰ ਆਰਟਿਸਟ ਰਾਣੀ ਬਲਬੀਰ ਕੌਰ ਨੇ ਮਨੀਸ਼ਾ ਕੋਇਰਾਲਾ ਨੂੰ ਕਿਹਾ ਸੀ ਕਿ ਜਿਸ ਲੜਕੀ ਲਈ ਜਾਵੇਦ ਅਖਤਰ ਨੇ ਗੀਤ ‘ਇਕ ਲੜਕੀ ਕੋ ਦੇਖਾ’ ਲਿਖਿਆ ਹੋਵੇ, ਉਸ ਨੂੰ ਕੀ ਹੋ ਸਕਦਾ ਹੈ। ਦੂਜੇ ਸੈਸ਼ਨ ਦੇ ਮੁੱਢ ਚ ਹੀ ਸ਼ਬਾਨਾ ਆਜ਼ਮੀ ਨੇ ਚੁਟਕੀ ਲੈਂਦਿਆਂ ਕਿਹਾ, “ਮੈਂ ਤਾਂ ਸਮਝਦੀ ਸੀ ਕਿ ਜਾਵੇਦ ਨੇ ਇਕ ਲੜਕੀ ਕੋ ਦੇਖਾਂਗਾ ਗੀਤ ਮੇਰੇ ਲਈ ਲਿਖਿਆ ਪਰ ਅੱਜ ਪਤਾ ਲੱਗਾ ਕਿ ਉਹ ਤਾਂ ਮਨੀਸ਼ਾ ਲਈ ਲਿਖਿਆਂ ਸੀ”
ਸ਼ਬਾਨਾ ਨੇ ਆਪਣੇ ਮਾਤਾ-ਪਿਤਾ ਦੇ ਸੰਘਰਸ਼ ਅਤੇ ਕਮਿਊਨਿਸਟ ਪਾਰਟੀ ਨੂੰ ਸਮਰਪਣ ਦੀ ਗੱਲ ਸੁਣਾਉਂਦਿਆਂ ਦੱਸਿਆ ਕਿ ਉਹ ਸਾਰੀ ਕਮਾਈ ਪਾਰਟੀ ਨੂੰ ਦਿੰਦੇ ਸਨ ਅਤੇ ਪਾਰਟੀ ਵੱਲੋਂ 40 ਰੁਪਏ ਮਹੀਨਾ ਗੁਜ਼ਾਰੇ ਲਈ ਦਿੱਤੇ ਜਾਂਦੇ ਸਨ। ਇਕੇਰਾਂ ਸ਼ਬਾਨਾ ਮੁੰਬਈਂ ਚ ਝੁੱਗੀ ਝੌਪੜੀਆਂ ਢਾਹੁਣ ਖਿਲ਼ਾਫ ਜਦੋਂ ਉਹ ਭੁੱਖ ਹੜਤਾਲ਼ ਉਤੇ ਬੈਠੀ ਸੀ ਤਾਂ ਸਿਹਤ ਖ਼ਰਾਬ ਹੋਣ ਕਰਕੇ ਕੈਫੀ ਨੂੰ ਕਿਹਾ ਕਿ ਉਹ ਸ਼ਬਾਨਾ ਦੀ ਭੁੱਖ ਹੜਤਾਲ਼ ਬੰਦ ਕਰਵਾਏ। ਕੈਫੀ ਦੇ ਉਸ ਵੇਲੇ ਕਹੇ ‘ਆਲ ਦਿ ਬੈਸਟ ਕਾਮਰੇਡ’ ਸ਼ਬਾਨਾ ਲਈ ਉਤਸ਼ਾਹਵਰਧਕ ਸਾਬਤ ਹੋਏ। ਇਸੇ ਤਰ੍ਹਾਂ ਜਦੋਂ ਇਕ ਵਾਰ ਸ਼ਬਾਨਾ ਨੇ ਦਿੱਲੀ ਤੋਂ ਮੇਰਠ ਤੱਕ ਪੈਦਲ ਮਾਰਚ ਕਰਨ ਦਾ ਫੈਸਲਾ ਕੀਤਾ ਤਾਂ ਯੂ.ਪੀ. ਵਿੱਚ ਦਾਖਲੇ ਉਤੇ ਸ਼ਬਾਨਾ ਉਪਰ ਹਮਲੇ ਦੀ ਸੰਭਾਵਨਾ ਦੇ ਕਾਰਨ ਜਦੋਂ ਉਹ ਥੋੜੀ ਡਰੀ ਤਾਂ ਕੈਫੀ ਦੇ ਕਹੇ ਸ਼ਬਦ ‘ਮੇਰੀ ਬਹਾਦਰ ਧੀ ਡਰ ਰਹੀ ਹੈ’ ਨੇ ਸ਼ਬਾਨਾ ਨੂੰ ਨਿਡਰ ਬਣਾ ਦਿੱਤਾ।ਕੈਫੀ ਵੱਲੋਂ 6 ਦਸੰਬਰ ਨੂੰ ਬਾਬਰੀ ਮਸਜਿਦ ਢਾਹੇ ਜਾਣ ਵੇਲੇ ਲਿਖੀ ਕਵਿਤਾ ‘ਭਗਵਾਨ ਰਾਮ ਦਾ ਦੂਜਾ ਬਨਵਾਸ’ ਨੂੰ ਸੁਣਾਉਣ ਉਤੇ ਸ਼ਬਾਨਾ ਨੂੰ ਖ਼ੂਬ ਦਾਦ ਮਿਲੀ।
ਸਵਾਲ-ਜਵਾਬ ਸੈਸ਼ਨ ਚ ਚੰਡੀਗੜ੍ਹ ਵਸਦਾ ਸ਼ਾਇਰ ਸੁਰਿੰਦਰ ਗਿੱਲ ਪੰਜਾਬੀ ਦਾ ਝੰਡਾ ਬਰਦਾਰ ਸਾਬਤ ਹੋਇਆਂ ਜਿਸ ਨੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਵਿੱਚ ਹੀ ਚੱਲਦੇ ਫੈਸਟੀਵਲ ਦੌਰਾਨ ਠੇਠ ਪੰਜਾਬੀ ਵਿੱਚ ਸਵਾਲ ਕਰਦਿਆਂ ਸ਼ਬਾਨਾ ਨੂੰ ਕੈਫੀ ਦੀਆਂ ਯਾਦਾਂ ਬਾਰੇ ਕਿਤਾਬ ਲਿਖਣ ਲਈ ਕਿਹਾ। ਸ਼ਬਾਨਾ ਨੇ ਵੀ ਪੰਜਾਬੀ ਵਿੱਚ ਉਤਰ ਦਿੱਤਾ।ਗੱਲਾਂ ਹੋਰ ਵੀ ਹਨ ਜੋ ਕਿਤੇ ਅਖ਼ਬਾਰੀ ਲੇਖ ਵਿੱਚ ਸਾਂਝੀਆਂ ਕਰਾਂਗਾ।
ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ-2019 ਦੀ ਸਮਾਪਤੀ ਉਪਰੰਤ ਖੁਸ਼ਵੰਤ ਸਿੰਘ ਦੇ ਲੜਕੇ ਰਾਹੁਲ ਅਤੇ ਖੁਸ਼ਵੰਤ ਸਿੰਘ ਦੇ ਦੋਸਤ ਗੁਲਜ਼ਾਰ ਸਿੰਘ ਸੰਧੂ ਨਾਲ ਮੁਲਾਕਾਤ ਹੋਈ। ਚੰਡੀਗੜ੍ਹ ਤੋਂ ਮੀਡੀਆ ਦੇ ਸਾਥੀ ਅਜੇ ਭਾਰਦਵਾਜ ਤੇ ਪ੍ਰਦੀਪ ਤਿਵਾੜੀ ਵੀ ਉੱਥੇ ਮਿਲੇ।
13-10-2019