25 ਹਜ਼ਾਰ ਡਾਲਰ ਦਾ ਪਹਿਲਾ ਢਾਹਾਂ ਇਨਾਮ 2018 ਬਲਦੇਵ ਸਿੰਘ ਸੜਕਨਾਮਾ ਨੂੰ
ਵੈਨਕੂਵਰ , 13 ਸਤੰਬਰ , 2018 : ਢਾਹਾਂ ਇੰਟਰਨੈਸ਼ਨਲ ਪੰਜਾਬੀ ਐਵਾਰਡ ਨੇ 2018 ਲੈ 25 ਹਜ਼ਾਰ ਡਾਲਰ ਦੇ ਪਹਿਲੇ ਇਨਾਮ ਲਈ ਚਰਚਿਤ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਢਾਹਾਂ ਨੂੰ ਚੁਣਿਆ ਹੈ . 10 ਹਜ਼ਾਰ ਡਾਲਰ ਦੇ ਦੂਜੇ ਇਨਾਮ ਲਈ ਪੰਜਾਬ ਦੇ ਹਰਪ੍ਰੀਤ ਸੇਖਾ ਅਤੇ ਪਾਕਿਸਤਾਨ ਦੇ ਨਾਸਿਰ ਬਲੋਚ ਨੂੰ ਚੁਣਿਆ ਗਿਆ ਹੈ . ਇਨ੍ਹਾਂ ਇਨਾਮ ਦਾ ਐਲਾਨ ਅੱਜ ਇਥੇ ਕੀਤਾ ਗਿਆ .
‘ਸੂਰਜ ਦੀ ਅੱਖ’ਨਾਵਲ ਉੱਤੇ ਬਲਦੇਵ ਸਿੰਘ ਨੂੰ ਸਾਲ 2018 ਦਾ ਢਾਹਾਂ ਇਨਾਮ ਮਿਲਿਆ ਹੈ। ਪੰਜਾਬ ਦੇ ਮਹਾਂ ਨਾਇਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਕਾਲ ਦੇ ਸਭਨਾਂ ਪਾਸਾਰਾਂ ਨੂੰ ਆਪਣੀ ਪਕੜ ਵਿਚ ਲਿਆਉਣ ਵਾਲਾ ਇਹ ਉਸਦਾ ਸ਼ਾਹਕਾਰ ਇਤਿਹਾਸਕ ਨਾਵਲ ਹੈ।
ਪੰਜਾਬ ਵਿਚ ਮੋਗੇ ਦਾ ਰਹਿਣ ਵਾਲਾ ਬਲਦੇਵ ਸਿੰਘ ਇਕ ਮੰਨਿਆ ਪ੍ਰਮੰਨਿਆ ਪੰਜਾਬੀ ਲੇਖਕ ਹੈ।ਪੰਜਾਬੀ ਵਿਚ ਸ੍ਰੇਸ਼ਟ ਰਚਨਾ ਲਈ ਸਾਲ 2011 ਵਿਚ ਉਸਨੂੰ ਲੋਕ ਨਾਇਕ ਦੁੱਲਾ ਭੱਟੀ ਬਾਰੇ ਉਸਦੇ ਨਾਵਲ 'ਢਾਹਵਾਂ ਦਿੱਲੀ ਦੇ ਕਿੰਗਰੇ’ ਉੱਤੇ ਭਾਰਤੀ ਸਾਹਿਤ ਅਕਾਦਮੀ ਦਾ ਮਾਣਮੱਤਾ ਪੁਰਸਕਾਰ ਮਿਲ ਚੁੱਕਿਆ ਹੈ। ਪੰਜਾਬ ਸਰਕਾਰ ਦੇ ‘ਸ਼੍ਰੋਮਣੀ ਸਾਹਿਤਕਾਰ’ ਪੁਰਸਕਾਰ ਸਮੇਤ ਹੋਰ ਵੀ ਬਹੁਤ ਸਾਰੇ ਐਵਾਰਡ ਤੇ ਮਾਣ ਸਨਮਾਨ ਉਸਦੀ ਝੋਲੀ ਪਏ ਹਨ। ਬੀ.ਐੱਡ ਅਤੇ ਪੰਜਾਬੀ ਵਿਚ ਐੱਮ.ਏ. ਦੀ ਡਿਗਰੀ ਪ੍ਰਾਪਤ ਇਸ ਲੇਖਕ ਨੇਆਪਣਾ ਸਿਰਜਣਾਤਮਕ ਸਫਰ 1977 ਵਿਚ ਪਲੇਠਾ ਕਹਾਣੀ ਸੰਗ੍ਰਹਿ ‘ਗਿੱਲੀਆਂ ਛਿਟੀਆਂ ਦੀ ਅੱਗ’ ਛਪਵਾਉਣ ਨਾਲ ਸ਼ੁਰੂ ਕੀਤਾ ਸੀ।ਕੁਝ ਸਮੇਂ ਤਕ ਸਕੂਲ ਅਧਿਆਪਕ ਵਜੋਂ ਕੰਮ ਕਰਨ ਉਪਰੰਤ ਉਹ ਚੰਗੇਰੇ ਜੀਵਨ ਦੀ ਭਾਲ਼ ਵਿਚ ਪੱਛਮੀ ਬੰਗਾਲ ਵਿਚ ਕਲਕੱਤੇ ਚਲਿਆ ਗਿਆ ਸੀ। ਉੱਥੇ ਉਸਨੇ ਖੁਦ ਟਰੱਕ ਉਪਰੇਟਰ ਬਣਨ ਤੋਂ ਪਹਿਲਾਂ ਟਰੱਕਾਂ ਦੇ ਕਲੀਨਰ ਅਤੇ ਟੈਕਸੀ ਡਰਾਈਵਰ ਵਜੋਂ ਸਖਤ ਮਿਹਨਤ ਕੀਤੀ। ਟਰੱਕ ਡਰਾਈਵਰ ਦਾ ਉਸਦਾ ਅਨੁਭਵ ‘ਸੜਕਨਾਮਾ’ ਲਿਖਣ ਲਈ ਪ੍ਰੇਰਣਾ ਸ੍ਰੋਤ ਬਣਿਆ, ਜੋ ਅੰਮ੍ਰਤਾ ਪ੍ਰੀਤਮ ਦੇ ਰਿਸਾਲੇ ‘ਨਾਗਮਣੀ’ ਵਿਚ ਬਾਕਾਇਦਾ ਕਾਲਮ ਵਜੋਂ ਛਪਦਾ ਰਿਹਾ। ‘ਸੜਕਨਾਮਾ ’ ਨੇ ਉਸਨੂੰ ਏਨੀ ਮਸ਼ਹੂਰੀ ਦੁਆਈ ਕਿ ਇਹ ਸ਼ਬਦ ਉਸਦੇ ਨਾਂ ਨਾਲ ਪੱਕੇ ਤੌਰ ‘ਤੇ ਜੁੜ ਗਿਆ ਅਤੇ ਉਹ ਬਲਦੇਵ ਸਿੰਘ ਸੜਕਨਾਮਾ ਬਣ ਗਿਆ। ਮਗਰੋਂ ਸੜਕਨਾਮਾ ਤਿੰਨ ਜਿਲਦਾਂ ਵਿਚ ਇਕ ਨਾਵਲ ਵਜੋਂ ਪ੍ਰਕਾਸ਼ਤ ਹੋਇਆ। ਵੇਸਵਾਵਾਂ ਦੀ ਜ਼ਿੰਦਗੀ ਨਾਲ ਸੰਬੰਧਤ ਬਲਦੇਵ ਸਿੰਘ ਦਾ ਨਾਵਲ ‘ਲਾਲ ਬੱਤੀ’ ਵੀ ਬਹੁਤ ਮਸ਼ਹੂਰ ਹੋਇਆ। ਬਲਦੇਵ ਸਿੰਘ ਨੇ ਨਾਵਲ ਤੇ ਕਹਾਣੀ ਸਮੇਤ ਨਾਟਕ, ਵਾਰਤਕ, ਸਫਰਨਾਮਾ ਅਤੇ ਬੱਚਿਆਂ ਲਈ ਸਾਹਿਤ ਦੇ ਰੂਪ ਵਿਚ ਵੱਖ ਵੱਖ ਵਿਧਾਵਾਂ ਵਿਚ ਢੇਰ ਰਚਨਾ ਕੀਤੀ ਹੈ। ਅਨੁਵਾਦ ਅਤੇ ਸੰਪਾਦਨ ਸਮੇਤ ਉਸਦੀਆਂ ਛਪੀਆਂ ਪੁਸਤਕਾਂ ਦੀ ਗਿਣਤੀ 60 ਤਕ ਪਹੁੰਚ ਜਾਂਦੀ ਹੈ। ‘ਅੰਨ ਦਾਤਾ’, ‘ਪੰਜਵਾਂ ਸਾਹਿਬਜ਼ਾਦਾ’ ਅਤੇ ‘ਸਤਲੁਜ ਵਹਿੰਦਾ ਰਿਹਾ ’ ਉਸਦੇ ਹੋਰ ਪ੍ਰਸਿੱਧ ਨਾਵਲ ਹਨ।
ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :