ਮਹਿਲ ਕਲਾਂ, 3 ਮਾਰਚ, 2017 (ਗੁਰਭਿੰਦਰ ਗੁਰੀ) : ਜਾਤ ਪਾਤ ਅਤੇ ਹਿੰਸਕ ਸ਼ਬਦਾਂਵਲੀ ਵਾਲੇ ਗੀਤਾਂ ਦਾ ਅਜੋਕੀ ਨੌਜਵਾਨ ਪੀੜ੍ਹੀ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ, ਜੋ ਅੱਜ ਦੇ ਸਮੇਂ 'ਚ ਇੱਕ ਚਿੰਤਾ ਵਿਸ਼ਾ ਦਾ ਬਣਿਆ ਹੋਇਆ ਹੈ। ਟੀ.ਵੀ ਅਤੇ ਸ਼ੋਸ਼ਲ ਸਾਇਟਾਂ 'ਤੇ ਚੱਲ ਰਹੇ ਪੰਜਾਬੀ ਗੀਤਾਂ ਦੀ ਨਕਲ ਨੌਜਵਾਨ ਪੀੜ੍ਹੀ ਬਿਨ੍ਹਾ ਕਿਸੇ ਸੋਚੇ ਸਮਝੇ ਕਰਦੀ ਹੈ। ਜਿਵੇਂ ਕਿ ਨਜਾਇਜ ਹਥਿਆਰਾਂ, ਨਸ਼ਿਆਂ, ਗੁੰਡਾਗਰਦੀ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਸ਼ਹਿ ਦੇਣ ਵਾਲੇ ਸ਼ਬਦਾਂ ਦਾ ਪ੍ਰਯੋਗ ਕਈ ਗੀਤਕਾਰ ਜਾਂ ਗਾਇਕ ਆਪਣੇ ਗੀਤਾਂ 'ਚ ਕਰਦੇ ਹਨ 'ਤੇ ਉਨ੍ਹਾਂ ਦਾ ਅਜੋਕੀ ਅਤੇ ਆਉਣ ਵਾਲੀਆਂ ਨਸਲਾਂ 'ਤੇ ਕੀ ਪ੍ਰਭਾਵ ਪੈਂਦਾ ਹੈ ਇਸ ਬਾਰੇ ਕੋਈ ਸੋਚ ਵਿਚਾਰ ਨਹੀਂ ਕਰਦਾ। ਕਈ ਗੀਤਾਂ ਦੇ ਫਿਲਮਾਂਕਣ ਕਰਨ ਸਮੇਂ ਛੋਟੇ ਸਕੂਲੀ ਬੱਚਿਆਂ ਨੂੰ ਦਿਖਾਇਆ ਜਾਂਦਾ ਹੈ, ਕਈਆਂ 'ਚ ਲਚਰਤਾ ਪਰੋਸੀ ਜਾਂਦੀ ਹੈ ਤੇ ਕਈ ਵੀਡੀਓ 'ਚ ਨਿਰਦੇਸ਼ਕ ਅਸ਼ਲੀਲਤਾਂ ਦੀਆਂ ਹੱਦਾਂ ਪਾਰ ਕਰ ਜਾਂਦੇ ਹਨ ਜਿਸ ਕਾਰਨ ਬੱਚਿਆਂ 'ਤੇ ਬੁਰਾ ਪ੍ਰਭਾਵ ਤਾਂ ਪੈਂਦਾ ਹੀ ਹੈ, ਉੱਥੇ ਟੀ.ਵੀ. ਅੱਗੇ ਬੈਠੇ ਮਾਪਿਆਂ ਨੂੰ ਵੀ ਸ਼ਰਮਿੰਦਗੀ ਝੱਲਣੀ ਪੈਂਦੀ ਹੈ। ਇਸ ਬਾਰੇ ਕੀ ਕਹਿਣਾ ਹੈ ਸਾਹਿਤਕਾਰ, ਗੀਤਕਾਰ ਅਤੇ ਗਾਇਕਾਂ ਦਾ ਆਓ ਜਾਣਦੇ ਹਾਂ :
ਉਘੇ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਇੱਕ ਸੱਭਿਅਕ ਸੁਸਾਇਟੀ ਦੇ ਆਪਣੇ ਨਿਯਮ ਹੁੰਦੇ ਹਨ, ਇਸੇ ਤਰ੍ਹਾਂ ਹੀ ਸੱਭਿਆਚਾਰ ਦੇ ਵੀ ਆਪਣੇ ਨਿਯਮ ਹਨ, ਜਿਹੜੇ ਗੀਤ ਸਾਡੇ ਰਿਸਤਿਆਂ ਨੂੰ ਸੱਟ ਮਾਰਦੇ ਹਨ, ਉਹ ਸਰਾਸਰ ਗੁੰਡਾਗਰਦੀ ਹੈ। ਜਿਹੜਾ ਕਾਨੂੰਨ ਗੁੰਡਿਆਂ ਦੇ ਖਿਲਾਫ ਲੱਗਦਾ ਹੈ, ਉਹੋ ਹੀ ਕਾਨੂੰਨ ਸੱਭਿਆਚਾਰ ਦੇ ਮੁਹਾਦਰੇ ਨੂੰ ਵਿਗਾੜਨ ਵਾਲੇ ਇੰਨ੍ਹਾਂ ਲੋਕਾਂ 'ਤੇ ਵੀ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਸੱਭਿਆਚਾਰ ਪ੍ਰਤੀ ਕੋਈ ਠੋਸ ਨੀਤੀ ਨਹੀਂ ਹੈ, ਨਹੀਂ ਤਾਂ ਅੱਜ ਸੱਭਿਆਚਾਰ ਮੇਲਿਆਂ ਵਿੱਚੋਂ ਸਾਡੇ ਲੋਕ ਸਾਜ ਅਤੇ ਲੋਕ ਗੀਤ ਗਾਇਬ ਨਾ ਹੁੰਦੇ।
ਜਦੋਂ ਸਮਾਜਿਕ ਕੁਰੀਤੀਆਂ ਨੂੰ ਸ਼ਹਿ ਦੇਣ ਵਾਲੇ ਆ ਰਹੇ ਗੀਤਾਂ ਸਬੰਧੀ ਗਾਇਕ ਗਿੱਲ ਹਰਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਿਆਦਾ ਕਸੂਰਵਾਰ ਉਨ੍ਹਾਂ ਲੋਕਾਂ ਨੂੰ ਸਮਝਦੇ ਹਨ, ਜੋ ਇਸ ਤਰ੍ਹਾਂ ਦੇ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਹਨ, ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਲੱਚਰ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਵਾਲੇ ਗੀਤਾਂ ਨੂੰ ਸੁਣਨਾ ਬੰਦ ਕਰ ਦਿਓਗੇ ਤਾਂ ਇਸ ਤਰ੍ਹਾਂ ਦੇ ਗੀਤ ਆਪਣੇ ਆਪ ਹੀ ਆਉਣੇ ਬੰਦ ਹੋ ਜਾਣਗੇ। ਬਾਕੀ ਕਲਾਕਾਰ ਦੀ ਆਪਣੀ ਜ਼ਮੀਰ ਵੀ ਹੁੰਦੀ ਹੈ।
* ਗਾਇਕ ਗਿੱਲ ਹਰਦੀਪ
---
ਨਜਾਇਜ ਹਥਿਆਰਾਂ, ਨਸ਼ਿਆਂ, ਗੁੰਡਾਗਰਦੀ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਸ਼ਹਿ ਦਿੰਦੇ ਗੀਤਾਂ ਸਬੰਧੀ ਜਦੋਂ ਉਘੇ ਗੀਤਕਾਰ, ਗਾਇਕ ਅਤੇ ਅਦਾਕਾਰ ਹੈਪੀ ਰਾਏਕੋਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵੈਸੇ ਤਾਂ ਇਸ ਤਰ੍ਹਾਂ ਦੇ ਗੀਤ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ, ਪਰ ਕਈ ਗੀਤ ਜ਼ਿੰਨ੍ਹਾਂ 'ਚ ਅਣਖ ਜਾਂ ਪਰਿਵਾਰਿਕ ਰਿਸਤਿਆਂ ਦੀ ਗੱਲ ਹੁੰਦੀ ਹੈ, ਉਸ ਨੂੰ ਸਰੋਤੇ ਜਿਆਦਾ ਸੁਣਨਾ ਪਸੰਦ ਨਹੀਂ ਕਰਦੇ, ਇਸ ਲਈ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਅਜਿਹੇ ਗੀਤਾਂ ਤੋਂ ਮੁੱਖ ਮੋੜਨਾ ਪਵੇਗਾ ਜੋ ਸਾਡੇ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰੋਤੇ ਅਜਿਹੇ ਗੀਤਾਂ ਨੂੰ ਅਹਿਮੀਅਤ ਦੇਣਾ ਛੱਡ ਦੇਣ ਤਾਂ ਲਿਖਣੇ ਅਤੇ ਗਾਉਣੇ ਆਪਣੇ ਆਪ ਬੰਦ ਹੋ ਜਾਣਗੇ।
* ਗਾਇਕ ਅਤੇ ਅਦਾਕਾਰ ਹੈਪੀ ਰਾਏਕੋਟੀ
---
ਉਘੇ ਗੀਤਕਾਰ ਅਤੇ ਗਾਇਕ ਬਲਵੀਰ ਬੋਪਾਰਾਏ ਦਾ ਅਯੋਕੇ ਗੀਤਾਂ ਪ੍ਰਤੀ ਕਹਿਣਾ ਹੈ ਕਿ ਅਜਿਹੇ ਗੀਤ ਮਾੜੀ ਮਾਨਸ਼ਿਕਤਾ ਅਤੇ ਛੋਟੀ ਸੋਚ ਦਾ ਕਾਰਨ ਹਨ, ਸਾਨੂੰ ਹਮੇਸ਼ਾਂ ਪਰਿਵਾਰਿਕ ਨੂੰ ਰਿਸ਼ਤਿਆਂ ਨੂੰ ਦਰਸਾਉਂਦੇ ਲੋਕਾਂ ਦੀ ਗੱਲ ਕਰਦੇ ਗੀਤਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ, ਜਿੱਥੋਂ ਤੱਕ ਫਿਲਮਾਂਕਣ ਕਰਨ ਸਮੇਂ ਛੋਟੇ ਬੱਚਿਆਂ ਨੂੰ ਲਿਆ ਜਾਂਦਾ ਹੈ, ਉਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਗੀਤ ਉਹੀ ਲਿਖੇ ਅਤੇ ਗਾਏ ਜਾਣ ਜੋ ਆਪਣੇ ਪਰਿਵਾਰ ਵਿੱਚ ਵੇਖੇ ਅਤੇ ਸੁਣੇ ਜਾ ਸਕਣ।
* ਗੀਤਕਾਰ ਅਤੇ ਗਾਇਕ ਬਲਵੀਰ ਬੋਪਾਰਾਏ
---
ਉੱਭਰ ਰਹੇ ਗੀਤਕਾਰ ਗੀਤਾ ਕਾਲਸਾਂ ਨਾਲ ਜਦੋਂ ਲੱਚਰ, ਹਿੰਸਕ ਅਤੇ ਨਸ਼ਿਆਂ ਵੱਲ ਪ੍ਰੇਰਤ ਕਰਨ ਵਾਲੇ ਗੀਤਾਂ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਲੜ੍ਹ ਉਮਰ ਦੇ ਨੌਜਵਾਨ ਅਜਿਹੇ ਗੀਤਾਂ ਤੋਂ ਜਲਦੀ ਪ੍ਰਭਾਵਿਤ ਹੁੰਦੇ ਹਨ, ਬੇਸ਼ੱਕ ਕਲਾਕਾਰ ਦੀ ਇਹ ਸਭ ਕਲਪਨਾ ਹੁੰਦੀ ਹੈ, ਪਰ ਨੌਜਵਾਨ ਇਸ ਨੂੰ ਅਸਲ ਜ਼ਿੰਦਗੀ 'ਚ ਅਪਣਾ ਲੈਂਦੇ ਹਨ, ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਅਰਥ ਭਰਪੂਰ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਦੀ ਹੀ ਲੰਮੀ ਉਮਰ ਹੁੰਦੀ ਹੈ।
* ਗੀਤਕਾਰ ਗੀਤਾ ਕਾਲਸਾਂ