ਡਾ. ਵਿੰਪੀ ਪਰਮਾਰ, ਡਾਂਸ ਵਿਭਾਗ,ਪੰਜਾਬੀ ਯੂਨੀਵਰਸਿਟੀ,ਪਟਿਆਲਾ,
ਰਿਸ਼ਤਾ ਸੀ ਰੂਹ ਦਾ ਰੂਹ ਦੇ ਨਾਲ, ਦੋਨਾਂ ਜੀ ਤੋੜ ਨਿਭਾਇਆ ਹੈ,
ਅਸੀਂ ਜਿਸ ਰੂਹ ਨੂੰ ਰੂਹ ਤੋਂ ਪਿਆਰ ਕੀਤਾ, ਉਸ ਰੂਹ ਨਾਲ ਦਿਲ ਦੁਖਾਇਆ ਹੈ,
ਕੀ ਵਫ਼ਾ ਉਹਨਾਂ ਦੀ ਕਰਾਂ ਬਿਆਂ, ਰਿਸ਼ਤੇ ਨੂੰ ਖੂਬ ਨਿਭਾਇਆ ਹੈ,
ਸੋਹਣੀ ਸੂਰਤ ਤੇ ਸੀਰਤ ਤੋਂ, ਲੱਗਦਾ ਸੀ ਰੱਬੀ ਨੂਰ ਜਿਹਾ,
ਦਿਲ ਮੰਨ ਫ਼ਰਿਸ਼ਤਾ ਸੀ ਬੈਠਾ, ਗੱਲਾਂ ਵਿੱਚ ਵੱਖ ਸੀ ਸਰੂਰ ਜਿਹਾ,
ਲਕੋ ਹੇਠ ਨਕਾਬ ਅਸਲ ਚਿਹਰਾ, ਮਾਸੂਮੀਅਤ ਦਾ ਖੇਡ ਰਚਾਇਆ ਹੈ,
ਕੀ ਵਫ਼ਾ ਉਹਨਾਂ ਦੀ ਕਰਾਂ ਬਿਆਂ, ਸ਼ਰਾਫ਼ਤ ਨੂੰ ਖੂਬ ਨਿਭਾਇਆ ਹੈ,
ਮਿਸ਼ਰੀ ਜਿਹੀਆਂ ਮਿਠੀਆਂ ਬਾਤਾਂ ਵਿੱਚ, ਮਰਜਾਣਾ ਦਿਲ ਇਹ ਆ ਬੈਠਾ,
ਬਸ ਇਹੋ ਗ਼ਲਤੀ ਹੋ ਗਈ, ਗੈਰਾਂ ਤੇ ਭਰੋਸਾ ਕਰ ਬੈਠਾ,
ਚੁੱਗਾ ਪਿਆਰ ਦੀ ਚੋਗ ਵਿੱਚ ਜਾਲ ਫਸਾ, ਜ਼ਾਲਮ ਨੇ ਖੰਜਰ ਚਲਾਇਆ ਹੈ,
ਕੀ ਵਫ਼ਾ ਉਹਨਾਂ ਦੀ ਕਰਾਂ ਬਿਆਂ, ਯਕੀਂ ਨੂੰ ਖੂਬ ਨਿਭਾਇਆ ਹੈ,
ਖ਼ੁਦਗਰਜ਼ ਬੇਰਹਿਮ ਜਹਾਂ ਅੰਦਰ, ਲੱਖਾਂ ਹੀ ਕਤਲ ਹੈ ਹੋ ਰਹੇ,
ਧੋਖੇ ਫ਼ਰੇਬ ਦੇ ਹੋਏ ਸ਼ਿਕਾਰ, ਰਿਸ਼ਤੇ ਬਦੀਨ ਹੋ ਰੋ ਰਹੇ,
ਦੇਹਾਂ ਦੇ ਕਤਲੇਆਮ ਵਿੱਚ ਮੈਂ, ਰੂਹ ਦਾ ਕਤਲ ਕਰਾਇਆ ਹੈ,
ਕੀ ਵਫ਼ਾ ਉਹਨਾਂ ਦੀ ਕਰਾਂ ਬਿਆਂ, ਈਮਾਨ ਨੂੰ ਖੂਬ ਨਿਭਾਇਆ ਹੈ,
ਮਹਿਰਮ ਦਿਲ ਦੇ ਤੋਂ ਘਾਇਲ ਮੈਂ, ਹੰਝੂ ਜੋ ਖੂਨ ਦੇ ਰੋਏ ਹਨ,
ਲਾਹ ਸ਼ਰਮ ਹਯਾ ਬੇਗੈਰਤ ਨੇ, ਹੱਥ ਨਾਲ ਉਹਨਾਂ ਦੇ ਧੋਏ ਹਨ,
ਦੇਣੇ ਜ਼ਖਮ ਫੇਰ ਉੱਤੇ ਨਮਕ ਪਾਉਣਾ, ਅਸੀਂ ਉਸ ਚੀਸ ਦਾ ਦਰਦ ਹੰਢਾਇਆ ਹੈ,
ਕੀ ਵਫ਼ਾ ਉਹਨਾਂ ਦੀ ਕਰਾਂ ਬਿਆਂ, ਯਾਰੀ ਨੂੰ ਖੂਬ ਨਿਭਾਇਆ ਹੈ,
ਦਿਲ ਕਹਿੰਦਾ ਜਿਸਨੂੰ ਨਹੀਂ ਸੀ ਰਜਦਾ, ਸਾਰੀ ਖੁਸ਼ੀਆਂ ਹਿੱਸੇ ਤੇਰੇ,
ਗ਼ਮ ਤੇਰੇ ਝੋਲੀ ਪੈ ਜਾਣ ਮੇਰੇ, ਲੁੱਟ ਮੇਰੇ ਹੀ ਅੱਜ ਹਾਸਿਆਂ ਨੂੰ,
ਨਾਪਾਕ ਨੇ ਪਾਕ ਦੁਆਵਾਂ ਦਾ, ਬੇਖ਼ੌਫ ਮਖ਼ੌਲ ਉਡਾਇਆ ਹੈ,
ਕੀ ਵਫ਼ਾ ਉਹਨਾਂ ਦੀ ਕਰਾਂ ਬਿਆਂ, ਫ਼ਰਜ਼ ਨੂੰ ਖੂਬ ਨਿਭਾਇਆ ਹੈ,
ਪਾ ਸਾਂਝ ਪ੍ਰੀਤ ਦੀ ਅੱਜ ਕਹਿੰਦੇ ਹਨ, ਕਿਹੜਾ ਪਿਆਰ ਇਹ ਪਿਆਰ ਹੈ ਕੀ ਹੁੰਦਾ,
ਖ਼ੁਦ ਨੂੰ ਮਾਸੂਮ ਦਸ ਸਾਨੂੰ ਦੋਸ਼ੀ, ਮੁਹੱਬਤ ਨੂੰ ਗੁਨਾਹ ਸਾਬਤ ਕਰ ਤਾ,
ਕਰ ਤੌਹੀਨ ਖ਼ੁਦਾ ਦੀ ਦਾਤ ਦੀ, ਈਬਾਦਤ ਸੱਚੀ ਨੂੰ ਦਾਗ ਲਗਾਇਆ ਹੈ,
ਕੀ ਵਫ਼ਾ ਉਹਨਾਂ ਦੀ ਕਰਾਂ ਬਿਆਂ, ਮੁਹੱਬਤ ਨੂੰ ਖੂਬ ਨਿਭਾਇਆ ਹੈ,
ਕੀ ਕਦਰ ਪਿਆਰ ਦੀ ਜਾਨਣਗੇ, ਜਿਨ੍ਹਾ ਖੇਡ ਹੈ ਮਨਪਰਚਾਵੇ ਦਾ,
ਤੁਰ ਗਏ ਸਧਰਾਂ ਦਾ ਖੂਨ ਬਹਾ, ਭੋਰਾ ਨਾ ਦੁੱਖ ਪਛਤਾਵੇ ਦਾ,
ਵਾਹ ਦੋਸਤ ਰਚੇ ਤੇਰੇ ਨਾਟਕ ਵਿੱਚ, ਤੂੰ ਬਾਖੂਬੀ ਕਿਰਦਾਰ ਨਿਭਾਇਆ ਹੈ,
ਕੀ ਵਫ਼ਾ ਤੇਰੀ ਦੀ ਸਿਫ਼ਤ ਕਰਾਂ, ਬੜੀ ਵਫ਼ਾ ਨਾਲ ਦਗਾ ਨਿਭਾਇਆ ਹੈ,
ਜੀ ਐੱਸ ਪੰਨੂੰ