ਜਰਨੈਲ ਸਿੰਘ
ਭਾਵੇਂ ਕਿ ਗਾਹੇ-ਬ-ਗਾਹੇ ਫੇਸਬੁਕ ਉੱਪਰ ਲਿਖੀ ਹੋਈ ਗੁਲਸ਼ਨ ਦਿਆਲ ਦੀ ਵਾਰਤਕ ਪੜ੍ਹਨ ਨੂੰ ਮਿਲ ਜਾਂਦੀ ਰਹੀ ਹੈ ਪਰ ਉਸ ਦਾ ਤਸੱਵਰ ਇਕ ਵਾਰਤਾਕਰ ਵਲਾ ਨਹੀਂ ਇਕ ਕਵੀ ਵਾਲਾ ਹੀ ਬਣਿਆ ਰਿਹਾ। ਉਸ ਨੇ ਦੋ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾ ਕੇ ਉਤਰੀ ਅਮਰੀਕਾ ਦੇ ਕਵੀਆਂ ਦੀ ਮੂਹਰਲੀ ਕਤਾਰ ਵਿਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਹੁਣ ਜਦੋਂ ਉਸ ਦੀ ਪਹਿਲੀ ਵਾਰਤਕ ਪੁਸਤਕ 'ਵਿਸ਼ਵ ਪਰਿਕਰਮਾ' ਪੜ੍ਹੀ ਤਾਂ ਯਕੀਨ ਹੋ ਗਿਆ ਕਿ ਉਹ ਚੰਗੀ ਕਵਿਤਰੀ ਹੀ ਨਹੀਂ, ਇਕ ਸਮਰੱਥਾਵਾਨ ਵਾਰਤਕ ਲੇਖਕਾ ਵੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਮੋਹਨ ਤਿਆਗੀ ਨੇ ਦਿਆਲ ਦੀ ਇਸ ਵਾਰਤਕ ਪੁਸਤਕ ਦੇ ਮੁਖ-ਬੰਦ ਵਿਚ ਕਿਹਾ ਹੈ, "ਹੱਥਲੀ ਵਾਰਤਕ ਪੁਸਤਕ 'ਤੇ ਇਕ ਨਜ਼ਰ ਸੁੱਟੀ ਜਾਵੇ ਤਾਂ ਇਹ ਵਾਰਤਕ ਪੁਸਤਕ ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਇਕ ਮਹੱਤਵਪੂਰਨ ਅਤੇ ਮੁੱਲਵਾਨ ਕਿਰਤ ਵਜੋਂ ਉਭਰ ਕੇ ਸਾਹਮਣੇ ਆਉੇਂਦੀ ਹੈ। ਇਹ ਪੁਸਤਕ ਜਿੱਥੇ ਮਾਨਵੀ ਜੀਵਨ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਅਤੇ ਸਰੋਕਾਰਾਂ ਦੇ ਕੋਲਾਜ ਦੇ ਰੂਪ ਵਿਚ ਆਪਣੀ ਭਰਵੀਂ ਹੋਂਦ ਦਾ ਅਹਿਸਾਸ ਕਰਾਉਂਦੀ ਹੈ, ਉਸ ਦੇੇ ਨਾਲ ਹੀ ਮਨੁੱਖੀ ਜੀਵਨ ਨਾਲ ਸਬੰਧਤ ਸਮਾਜਿਕ, ਆਰਥਿਕ ਅਤੇ ਰਾਜਨੀਤਕ ਵਰਤਾਰਿਆਂ ਨੂੰ ਬੜੀ ਗਹਿਰੀ ਦ੍ਰਿਸ਼ਟੀ ਤੋਂ ਘੋਖਣ ਦਾ ਯਤਨ ਕਰਦੀ ਹੈ।"
ਇਸ ਪਰਥਾਏ ਇਹ ਪੁਸਤਕ ਪੜ੍ਹਦਿਆਂ ਮੈਨੂੰ ਇਉਂ ਜਾਪਿਆ ਜਿਵੇਂ ਲੇਖਕਾ ਵਿਸ਼ਵ ਪਰਿਕਰਮਾ ਕਰਨ ਲਈ ਲੰਮੇ ਸਫਰ 'ਤੇ ਨਿਕਲੀ ਹੋਵੇ। ਇਸ ਸਫਰ ਵਿਚ ਮਿਲਦੇ ਵਿਸ਼ਵ ਦੇ ਲੋਕਾਂ ਦੀਆਂ ਬੋਲੀਆਂ, ਆਦਤਾਂ, ਰਹਿਤਲ, ਰਾਜਨੀਤਕ, ਸਮਾਜਿਕ ਤੇ ਧਾਰਮਿਕ ਅਕੀਦਿਆਂ ਨੂੰ ਨਿਹਾਰਦੀ ਹੋਈ ਨਾਲ ਦੀ ਨਾਲ ਕਲਮਬੰਦ ਵੀ ਕਰਦੀ ਜਾ ਰਹੀ ਹੋਵੇ। ਇਸ ਤੋਂ ਬਿਨਾਂ ਉਹ ਜ਼ਿੰਦਗੀ ਦੇ ਮੀਲ-ਪੱਥਰਾਂ ਦੇ ਨਾਲ ਨਾਲ ਤੁਰਦੀ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਵੀ ਵਾਚਦੀ ਜਾ ਰਹੀ ਹੋਵੇ ਜਿਨ੍ਹਾਂ ਵਿਚੋਂ ਕੁਝ ਵੱਖਰਾ ਲੱਭੇ।
ਕੁਝ ਵੱਖਰਾ ਲੱਭਣ ਲਈ ਗੁਲਸ਼ਨ ਦਿਆਲ ਨੇ ਸੰਸਾਰ ਵਿਚ ਵਿਚਰਦਿਆਂ ਜ਼ਿੰਦਗੀ ਦੇ ਹਰ ਪਹਿਲੂ ਨੂੰ ਬੜੀ ਨੀਝ ਨਾਲ ਦੇਖਿਆ, ਘੋਖਿਆ ਤੇ ਜਾਣਿਆ। ਜੋ ਦੇਖਿਆ, ਘੋਖਿਆ ਤੇ ਜਾਣਿਆ, ਫਿਰ ਉਸ ਨੂੰ ਬੜੇ ਰੌਚਿਕ ਢੰਗ ਨਾਲ ਸਰਲ ਭਾਸ਼ਾ ਵਿਚ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਖਿਲਾਰਾ ਨਹੀਂ ਪਾਇਆ। ਕੋਈ ਲੰਮੇ ਲੰਮੇ ਲੇਖ ਨਹੀਂ ਲਿਖੇ। ਪੁਸਤਕ 'ਵਿਸਵ ਪਰਿਕਰਮਾ' ਵਿਚਲੇ 53 ਨਿਬੰਧਾਂ ਵਿਚੋਂ ਕੇਵਲ ਇਕ ਨਿਬੰਧ 'ਸਾਹਸ ਦੀ ਮਿਸਾਲ, ਮਰੀਨਾ' ਦਸ ਸਫੇ ਦਾ ਅਤੇ ਇਕ ਨਿਬੰਧ 'ਖਬਰਨਾਮਾ' ਛੇ ਸਫੇ ਦਾ ਹੈ, ਬਾਕੀ ਸਭ ਨਿਬੰਧ ਪੰਜ ਜਾਂ ਪੰਜ ਸਫਿਆਂ ਤੋਂ ਵੀ ਘੱਟ ਹਨ। ਇਹੋ ਕਾਰਨ ਹੈ ਕਿ ਪੁਸਤਕ ਪੜ੍ਹਦਾ ਹੋਇਆ ਪਾਠਕ ਉਕਤਾਉਂਦਾ ਨਹੀਂ।
ਗੁਲਸ਼ਨ ਦਿਆਲ ਨੇ ਆਪਣੇ ਨਿਬੰਧਾਂ ਨੂੰ ਲਿਖਣ ਲਈ ਇਕ ਵੱਖਰੀ ਸ਼ੈਲੀ ਦੀ ਵਰਤੋਂ ਕੀਤੀ ਹੈ। ਉਹ ਨਿਬੰਧ ਨੂੰ ਪਹਿਲਾਂ ਕਿਸੇ ਇਕ ਘਟਨਾ ਦੇ ਵਰਨਣ ਤੋਂ ਸ਼ੁਰੂ ਕਰ ਕੇ ਫਿਰ ਵਿਸ਼ੇ ਦੀ ਸਾਰਥਿਕਤਾ ਬਿਆਨ ਕਰਦੀ ਹੈ, ਜਿਵੇਂ, 'ਸ਼ਬਦ ਸ਼ਕਤੀ ਨਿਬੰਧ ਦਾ ਅਰੰਭ ਇਸ ਤਰਾਂ ਸ਼ੁਰੂ ਕੀਤਾ ਹੈ, "ਲੈਂਗੂਏਜ ਇਜ਼ ਦ ਮੋਸਟ ਪਾਰਫੁਲ ਟੂਲ' ਇਸ ਤਰ੍ਹਾਂ ਇਕ ਕੁੜੀ ਨੇ ਆਪਣੀ ਤਕਰੀਰ ਸ਼ੁਰੂ ਕੀਤੀ, ਜਦ ਪਿਛਲੇ ਐਤਵਾਰ ਅਸੀਂ ਮੇਰੀ ਭਤੀਜੀ ਦੀ ਗਰੈਜੂਏਸ਼ਨ ਸੈਰੀਮਨੀ 'ਤੇ ਗਏ। ਮੇਰੀਆਂ ਦੋ ਭਤੀਜੀਆਂ ਤੇ ਛੋਟੀ, ਉਨ੍ਹਾਂ ਤਿੰਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਮੈਂ ਬਹੁਤ ਆਨੰਦ ਮਾਣਦੀ ਹਾਂ।" ਇਸ ਤਰ੍ਹਾਂ ਲਿਖਣ ਨਾਲ ਉੁਹ ਆਪਣੇ ਪਾਠਕ ਨੂੰ ਵਿਸ਼ੇ ਵਲ ਰੁਚਿਤ ਕਰ ਲੈਂਦੀ ਹੈ।
ਪੁਸਤਕ ਪੜ੍ਹਦਿਆਂ ਸਾਨੂੰ ਇਉਂ ਵੀ ਅਹਿਸਾਸ ਹੁੰਦਾ ਹੈ ਜਿਵੇਂ ਅਸੀਂ ਗੁਲਸ਼ਨ ਦਿਆਲ ਦੀ ਸਵੈ-ਜੀਵਨੀ ਦਾ ਅਧਿਅਨ ਕਰ ਰਹੇ ਹੋਈਏ। ਕਿਸੇ ਨਾ ਕਿਸੇ ਨਿਬੰਧ ਵਿਚੋਂ ਕੋਈ ਨਾ ਕੋਈ ਦਿਆਲ ਦੇ ਜੀਵਨ ਦੀ ਕੜੀ ਦ੍ਰਿਸ਼ਟੀ-ਗੋਚਰ ਹੁੰਦੀ ਜਾਂਦੀ ਹੈ ਜਿਸ ਵਿਚੋਂ ਉਸ ਦੇ ਸੁਭਾਅ ਦੀ ਝਲਕ ਪੈ ਜਾਂਦੀ ਹੈ। ਉਸ ਝਲਕ ਵਿਚੋਂ ਅਸੀ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਅਜੇਹੀ ਪੁਸਤਕ ਗੁਲਸ਼ਨ ਦਿਆਲ ਹੀ ਲਿਖ ਸਕਦੀ ਸੀ।
ਗੁਲਸ਼ਨ ਦਿਆਲ ਨੇ ਪੁਸਤਕ ਵਿਚ ਆਪਣੇ ਜੀਵਨ ਦੀ ਝਲਕਾਂ ਹੀ ਨਹੀਂ ਦਿਖਲਾਈਆਂ, ਉਸ ਨੇ ਸੰਸਾਰ ਦੀਆਂ ਕਈ ਹੋਰ ਨਾਮਵਰ ਸ਼ਖਸੀਅਤਾਂ ਦੀਆਂ ਜੀਵਨ ਝਲਕਾਂ ਦੇ ਵੀ ਸ਼ਾਬਦਿਕ ਦਰਸ਼ਨ ਕਰਵਾਏ ਹਨ। ਜਿਨ੍ਹਾਂ ਵਿਚ ਕਰਾਂਤੀਕਾਰੀ ਕਵੀ ਪਾਸ਼, ਪਾਸ਼ ਦਾ ਬਾਪ ਸ. ਸੋਹਣ ਸਿੰਘ ਸੰਧੂ, ਪ੍ਰਸਿੱਧ ਸਾਹਿਤਕਾਰ ਡਾ. ਰਘਬੀਰ, ਪਾਕਿਸਤਾਨੀ ਕਵੀ ਅਫਜ਼ਲ ਸਾਹਿਰ, ਅਫਜ਼ਲ ਰਜ਼ਾ, ਸਮਾਜ ਸੇਵੀ ਸ਼ਖਸੀਅਤਾਂ ਜ਼ੈਫ ਤੇ ਜ਼ੀਨਤ, ਪਾਕਿਸਤਾਨ ਵਿਚਲੀ ਮਾਨਵੀ ਹੱਕਾਂ ਪਹਿਲੀ ਝੰਡਾ ਬਰਦਾਰ ਔਰਤ ਆਸਮਾ ਜਹਾਂਗੀਰ, ਪਾਬਲੋ ਨਰੂਦਾ ਤੇ ਜਵਾਹਰ ਲਾਲ ਨਹਿਰੂ ਅਤੇ ਕਈ ਹੋਰ। ਪਾਬਲੋ ਨਹਿਰੂ ਮਿਲਣੀ ਵਾਲੇ ਨਿਬੰਧ ਵਿਚੋਂ ਤਾਂ ਸਾਨੂੰ ਨਹਿਰੂ ਦੀ ਉਸ ਦੋਗਲੀ ਸ਼ਖਸੀਅਤ ਦੇ ਦਰਸ਼ਨ ਵੀ ਹੋ ਜਾਦੇ ਹਨ ਜਿਸ ਬਾਰੇ ਅਸੀਂ ਕਿਆਸ ਵੀ ਨਹੀਂ ਸੀ ਕਰ ਸਕਦੇ।
ਪੁਸਤਕ ਦੇ ਕਈ ਨਿਬੰਧਾਂ ਵਿਚ ਬੋਲੀ, ਖਾਸ ਕਰ ਮਾਂ ਬੋਲੀ ਦੀ ਮਹੱਤਤਾ ਨੂੰ ਵੱਖਰੇ ਵੱਖਰੇ ਨਜ਼ਰੀਏ ਤੋਂ ਦਰਸਾਇਆ ਗਿਆ ਹੈ। 'ਬੋਲੀ ਬਿਨਾਂ, ਬੋਲੇ ਬਿਨਾਂ, ਲਫਜ਼ਾਂ ਬਿਨਾਂ ਸਭਿਅਕ ਮਨੁੱਖ ਦਾ ਗੁਜ਼ਾਰਾ ਨਹੀਂ' ਬੋਲੀ ਹੀ ਮਨੁੱਖ ਨੂੰ ਇਕ ਦੂਜੇ ਨਾਲ ਜੋੜਦੀ ਹੈ। ਬੋਲੀ ਇਕ ਸ਼ਕਤੀ ਸ਼ਾਲੀ ਹਥਿਆਰ ਹੈ ਜੋ ਦੁਨੀਆਂ ਨੂੰ ਬਦਲ ਸਕਦਾ ਹੈ। ਪਰ ਬੋਲੀ ਦੀ ਆਪਣੇ ਆਪ ਵਿਚ ਕੋਈ ਹੋਂਦ ਨਹੀਂ, ਇਹ ਇਕ ਸੰਚਾਰ ਦਾ ਸਾਧਨ ਹੈ, ਮਨੁੱਖ ਹੀ ਇਸ ਵਿਚ ਅਰਥ ਭਰਦਾ ਹੈ।
ਮਾਂ ਬੋਲੀ ਦੀ ਇਹ ਸਾਰਥਿਕਤਾ ਹੈ ਕਿ ਮਾਂ ਬੋਲੀ ਵਿਚ ਬੋਲੇ ਬੋਲ ਵੱਧ ਸ਼ਕਤੀਸ਼ਾਲੀ ਹੁੰਦੇ ਹਨ। ਮਾਂ ਬੋਲੀ ਕਈ ਕ੍ਰਿਸ਼ਮੇ ਕਰ ਸਕਦੀ ਹੈ। ਜੋ ਵਿਚਾਰ ਆਪਣੀ ਮਾਂ ਬੋਲੀ ਵਿਚ ਪ੍ਰਗਟਾਏ ਜਾ ਸਕਦੇ ਹਨ ਹੋਰ ਕਿਸੇ ਬੋਲੀ ਵਿਚ ਨਹੀਂ। ਜਿਹੜੇ ਮਾਂ ਬੋਲੀ ਨੂੰ ਪਿਆਰ ਕਰਦੇ ਹਨ, ਉਹ ਦੂਸਰੀਆਂ ਬੋਲੀਆਂ ਦਾ ਵੀ ਸਤਿਕਾਰ ਕਰਦੇ ਹਨ। ਕਿਸੇ ਓਪਰੇ ਥਾਂ, ਜਿੱਥੇ ਆਪਣਾ ਕੋਈ ਨਾ ਹੋਵੇ, ਮਾਂ ਬੋਲੀ ਵਿਚ ਸੁਣੇ ਚੰਦ ਸ਼ਬਦ ਮਨ ਨੂੰ ਧਰਵਾਸ ਬਨ੍ਹਾਉਂਦੇ ਹਨ। ਭਾਰਤ ਦੇ ਹਰ ਖਿੱਤੇ ਦਾ ਮਨੁੱਖ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ, ਆਪਣੀ ਮਾਂ ਬੋਲੀ ਉਪਰ ਮਾਣ ਵੀ ਕਰਦਾ ਹੈ ਪਰ ਬਹੁਤੇ ਪੰਜਾਬੀਆਂ ਦੀ ਬਦਕਿਸਮਤੀ ਹੈ ਕਿ ਉਹ ਮਾਨਸਿਕ ਗ਼ੁਲਾਮੀ ਵਿਚ ਗਰੱਸੇ ਹੋਏ, ਆਪਣੀ ਮਾਂ ਬੋਲੀ ਨੂੰ ਗੰਵਾਰਾਂ ਦੀ ਬੋਲੀ ਸਮਝਦੇ ਹਨ ਅਤੇ ਇਸ ਨੂੰ ਬੋਲਣ ਤੋਂ ਕੰਨੀ ਕਤਰਾਉਂਦੇ ਹਨ। ਹਿੰਦੀ ਜਾਂ ਅੰਗ੍ਰੇਜ਼ੀ ਵਿਚ ਗੱਲ ਕਰਨ ਨੂੰ ਉਹ ਆਪਣਾ ਵਡੱਪਣ ਸਮਝਦੇ ਹਨ। ਬੋਲੀ ਦੇ ਮਸਲੇ ਵਿਚ ਪਾਕਿਸਤਾਨੀ ਪੰਜਾਬੀ ਤਾਂ ਇਸ ਤੋਂ ਵੀ ਗਏ ਗੁਜ਼ਰੇ ਹਨ। ਓਥੇ ਪੰਜਾਬੀ ਬੋਲੀ ਨਾਲ ਚੜ੍ਹਦੇ ਪੰਜਾਬ ਨਾਲੋਂ ਵੀ ਵਧ ਵਿਤਕਰਾ ਹੋ ਰਿਹਾ ਹੈ। ਓਥੇ ਪੰਜਾਬੀ ਬੋਲੀ ਨੂੰ ਪੜ੍ਹਾਈ ਦਾ ਮਾਧਿਅਮ ਹੀ ਨਹੀਂ ਬਣਾਇਆ ਗਿਆ। ਪਾਕਿਸਤਾਨੀ ਪੰਜਾਬੀ ਮਾਵਾਂ, ਜਿਹੜੀ ਬੋਲੀ ਆਪ ਬੋਲਦੀਆਂ ਹਨ, ਆਪਣੇ ਬੱਚਿਆਂ ਨੂੰ ਉਸ ਬੋਲੀ ਵਿਚ ਗੱਲ ਕਰਨ ਤੋਂ ਰੋਕਦੀਆਂ ਹਨ। ਇੰਨਾ ਵਿਤਕਰਾ ਹੁੰਦੇ ਹੋਏ ਵੀ ਸੰਸਾਰ ਵਿਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਪੰਜਾਬੀ ਬੋਲੀ ਦਸਵੇਂ ਸਥਾਨ 'ਤੇ ਖੜ੍ਹੀ ਹੈ।
ਪੁਸਤਕ ਵਿਚੋਂ ਉਤਰੀ ਅਮਰੀਕਾ ਦੀ ਸਿੱਖਿਆ ਨੀਤੀ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ। ਜਿਵੇਂ; ਮਾਪਿਆਂ ਦੀ ਰਹਾਇਸ਼ ਅਨੁਸਰ ਬੱਚਿਆਂ ਦਾ ਸਕੂਲ ਵਿਚ ਦਾਖਲਾ। ਅਧਿਆਪਕਾਂ ਦਾ ਬੱਚਿਆਂ ਪ੍ਰਤੀ ਸੁਹਿਰਦ ਵਤੀਰਾ, ਬਿਪਤਾ ਸਮੇਂ ਬੱਚਿਆਂ ਦੀ ਕਾਊਂਸਲਿੰਗ, ਵਿਕਲਾਂਗ ਜਾਂ ਆਸਾਧਾਰਨ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਸਿੱਖਿਆ ਪ੍ਰਾਪਤ ਅਧਿਆਪਕਾਂ ਦੀ ਨਿਯੁਕਤੀ। ਨਿੱਕੀ ਉਮਰ ਵਿਚ ਹੀ ਬੱਚੇ ਵਿਚ ਪੜ੍ਹਨ ਰੁਚੀ ਪੈਦਾ ਕਰਨਾ। 2 ਮਾਰਚ ਨੂੰ ਪੜ੍ਹਨ ਦਿਵਸ ਵਜੋ ਮਨਾਉਣਾ।
ਬਹੁਤ ਹੀ ਸੰਖੇਪ ਵਿਚ ਕੁਝ ਟਿੱਪਣੀਆਂ;
ਭਾਰਤ ਉਹ ਦੇਸ਼ ਹੈ ਜਿੱਥੇ ਇਸਤਰੀ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਭਾਰਤ ਵਿਚ ਹੀ ਇਸਤਰੀ ਦੀ ਵੱਧ ਬੇਹੁਰਮਤੀ ਹੁੰਦੀ ਹੈ। ਭਾਰਤੀ ਸਮਾਜ ਵਿਚ ਹੀ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਕੰਜਕਾਂ ਪੂਜਨ ਵਾਲੇ ਸਮਾਜ ਵਿਚ ਹੀ ਕੰਜਕਾਂ ਕੁੱਖਾਂ ਵਿਚ ਮਾਰੀਆਂ ਜਾਂਦੀਆਂ ਹਨ, ਕੰਜਕਾਂ ਨਾਲ ਬਲਾਤਕਾਰ ਹੁੰਦੇ ਹਨ ਤੇ ਕੰਜਕਾਂ ਦਾਜ ਦੀ ਬਲੀ ਚੜ੍ਹਦੀਆ ਹਨ।
ਮਜ਼੍ਹਬੀ ਕਟੜਤਾ ਵਿਚ ਗਰੱਸੇ ਲੋਕ ਇਨਸਾਨੀਅਤ ਤੋਂ ਕੋਰੇ ਹੁੰਦੇ ਹਨ। ਉਹ ਦੂਸਰੇ ਮਜ਼੍ਹਬ ਪ੍ਰਤੀ ਨਫਰਤ ਪੈਦਾ ਕਰਦੇ ਹਨ। ਮਜ਼੍ਹਬੀ ਕਟੜਤਾ ਵਾਲੇ ਲੋਕ ਹੀ ਕਤਲੋਗਾਰਤ ਵਿਚ ਹਿੱਸੇਦਾਰ ਹੁੰਦੇ ਹਨ। ਇਹ ਮਜ਼੍ਹਬੀ ਕਟੜਤਾ ਹੀ ਹੈ ਕਿ ਇਕ ਪਸ਼ੂ ਦੇ ਕਾਰਨ ਇਨਸਾਨ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਕਟੜਤਾ ਕਿਸੇ ਕਿਸਮ ਦੀ ਵੀ ਹੋਵੇ ਇਨਸਾਨੀਅਤ ਲਈ ਘਾਤਕ ਹੈ।
ਭਾਰਤ ਨਾਂ ਨੂੰ ਤਾਂ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਸਥਾਪਤ ਵਰਗ ਨੇ ਦੇਸ਼ ਨੂੰ ਲੋਕਤੰਤਰ ਦੀ ਥਾਂ ਜਾਤੀਤੰਤਰ ਬਣਾ ਦਿੱਤਾ ਹੈ। ਸਥਾਪਤ ਜਾਤੀ ਵਰਗ ਦਾ ਹੀ ਬੋਲ ਬਾਲਾ ਹੈ। ਉਹ ਹਰ ਗੱਲ ਆਪਣੇ ਅਕੀਦੇ ਅਨੁਸਾਰ ਕਰਵਾਉਣ 'ਤੇ ਬਜ਼ਿਦ ਹੈ। ਸਥਾਪਤ ਜਾਤੀ ਵਰਗ ਰਾਹੀਂ ਦੂਸਰੇ ਜਾਤੀ ਵਰਗਾਂ ਉਪਰ ਤਸ਼ੱਦਦ ਕੀਤਾ ਜਾ ਰਿਹਾ ਹੈ। ਜਿਹੜਾ ਘਟ ਗਿਣਤੀ ਜਾਤੀ ਵਰਗ ਤਸ਼ੱਦਦ ਝੇਲਦਾ ਹੈ ਉਹੀ ਉਸ ਵਿਰੁਧ ਆਵਾਜ਼ ਉਠਾਉਂਦਾ ਹੈ। ਦੂਜਾ ਘਟ ਗਿਣਤੀ ਨਹੀਂ ਬੋਲਦਾ। ਵਾਰੀ ਵਾਰੀ ਹਰ ਵਰਗ ਸੰਪਰਦਾਇਕਤਾ ਦਾ ਸ਼ਿਕਾਰ ਹੋ ਰਿਹਾ ਹੈ। ਜਿੰਨਾ ਚਿਰ ਸਾਰੇ ਵਰਗ ਮਿਲ ਕੇ ਇਸ ਤਸ਼ਦਦ ਦਾ ਵਿਰੋਧ ਨਹੀਂ ਕਰਦੇ। ਇਹ ਮਸਲਾ ਹੱਲ ਨਹੀਂ ਹੋਵੇਗਾ।
ਸੁੰਦਰਤਾ ਦਾ ਮਾਪ-ਦੰਡ ਗਹਿਣੇ ਗੱਟੇ ਤੇ ਹਾਰ ਸਿੰਗਾਰ ਨਹੀਂ ਹੁੰਦਾ। ਸਰੀਰ ਉਪਰ ਪਹਿਨੇ ਹੋਏ ਗਹਿਣੇ ਤਾਂ ਔਰਤ ਨੂੰ ਗ਼ੁਲਾਮ ਬਣਾਈ ਰੱਖਣ ਦੇ ਪ੍ਰਤੀਕ ਹਨ ਅਤੇ ਹਾਰ ਸ਼ਿੰਗਾਰ ਵੀ ਮਾਨਸਿਕ ਗ਼ੁਲਾਮੀ ਦੀ ਨਿਸ਼ਾਨੀ ਹੈ। ਸਾਦਗੀ, ਹਲੀਮੀ ਅਤੇ ਬੋਲ ਚਾਲ ਦਾ ਸਲੀਕਾ ਹੀ ਅਸਲੀ ਸੁੰਦਰਤਾ ਹੈ।
ਰੂਹ ਦੇ ਰਿਸ਼ਤੇ ਖੂਨ ਦੇ ਰਿਸ਼ਤਿਆਂ ਨਾਲੋਂ ਪੀਡੇ ਹੁੰਦੇ ਹਨ। ਲਹੂ ਦੇ ਰਿਸ਼ਤੇ ਹਉਂਮੈ ਵਿਚ ਗਰੱਸੇ ਹੁੰਦੇ ਤੇ ਆਥਿਕਤਾ ਨਾਲ ਬੱਝੇ ਹੁੰਦੇ ਹਨ ਪਰ ਰੂਹ ਦੇ ਰਿਸ਼ਤੇ ਲੋੜ ਨਾਲ ਬੱਝੇ ਨਹੀਂ ਹੁੰਦੇ। ਉਹ ਤਾ ਉਮਰ ਨਿਭਦੇ ਹਨ। 'ਧਰਮ ਪਿਤਾ' ਇਸ ਦੀ ਮਸਾਲ ਹੈ।
ਕਾਨੂੰਨ ਅੰਨ੍ਹਾ ਹੁੰਦਾ ਹੈ। ਫੈਸਲੇ ਗਵਾਹੀਆਂ ਦੇ ਸਹਾਰੇ ਹੁੰਦੇ ਹਨ। ਕਈ ਵਾਰ ਬੇਦੋਸ਼ੇ ਵੀ ਦੋਸ਼ੀ ਸਿੱਧ ਹੋ ਜਾਂਦੇ ਹਨ। ਜਦੋਂ ਤਕ ਉਹ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਵਿਚ ਸਫਲ ਹੁੰਦੇ ਹਨ ਤਾਂ ਬੇਦੋਸ਼ੇ ਆਪਣੀ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਜੇਲ੍ਹਾਂ ਵਿਚ ਬਤੀਤ ਕਰ ਚੁੱਕੇ ਹੁੰਦੇ ਹਨ।
ਦੋਸਤੀ ਝੂਠ ਦੇ ਪਰਦੇ ਤੋਂ ਪਾਰ ਹੁੰਦੀ ਹੈ। ਦੋਸਤੀ ਵਿਚ ਈਰਖਾ ਤੇ ਤੰਗ-ਦਿਲੀ ਦੀ ਕੋਈ ਥਾਂ ਨਹੀਂ ਹੁੰਦੀ। ਜਦੋਂ ਦੋਸਤੀ ਵਿਚ ਰੀਣ ਭਰ ਵੀ ਸ਼ੱਕ ਦੀ ਗੁੰਜਾਇਸ਼ ਆ ਜਾਵੇ ਤਾਂ ਸਮਝੋ ਕਿ ਦੋਸਤੀ ਦੇ ਦਿਨ ਪੁਗਣ ਵਾਲੇ ਹਨ।
ਚੰਗਾਈ ਤੇ ਬੁਰਾਈ ਨਾਲ ਨਾਲ ਹੀ ਚਲਦੀਆਂ ਹਨ ਅਤੇ ਇਹ ਇਕ ਦੂਜੀ ਉਪਰ ਨਿਰਭਰ ਹੁੰਦੀਆਂ ਹਨ। ਜੇ ਬੁਰਾਈ ਹੀ ਨਾ ਹੋਵੇ ਤਾਂ ਚੰਗਾਈ ਦਾ ਕਿਵੇਂ ਪਤਾ ਲੱਗੇਗਾ? ਇਸੇ ਤਰ੍ਹਾਂ ਸਤਿਯੁਗ ਤੇ ਕਲਯੁਗ ਵੀ ਵੱਖਰੇ ਸਮੇਂ ਨੂੰ ਪਰਿਭਾਸ਼ਤ ਨਹੀਂ ਕਰਦੇ, ਇਹ ਵੀ ਨਾਲੋ ਨਾਲ ਚਲਦੇ ਹਨ। ਕੰਸ ਹੈ ਤਾਂ ਕ੍ਰਿਸ਼ਨ ਹੈ ਰਾਵਣ ਹੈ ਤਾਂ ਰਾਮ ਹੈ।
ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਜੇ ਉਹ ਆਪਣਾ ਕਿਰਦਾਰ ਸਹੀ ਢੰਗ ਨਾਲ ਨਿਭਾਵੇ ਤਾਂ ਸਰਕਾਰਾਂ ਆਪਣੀ ਮਨ ਆਈ ਨਹੀਂ ਕਰ ਸਕਦੀਆਂ। ਪਰ ਸੰਸਾਰ ਪੱਧਰ ਦਾ ਮੀਡੀਆ ਵਿਕਾਊ ਹੈ। ਸਭ ਸਥਾਪਤੀ ਦੀ ਬੋਲੀ ਬੋਲਦੇ ਹਨ। ਕੋਈ ਮਾਈ ਦਾ ਲਾਲ ਹੀ ਆਪਣੀ ਜਾਨ ਜੋਖੋਂ ਵਿਚ ਪਾ ਕੇ ਸੱਚ ਨੂੰ ਬਿਆਨ ਕਰਨ ਦੀ ਹਿੰਮਤ ਕਰਦਾ ਹੈ। ਸੱਚ ਦੇ ਰਾਹ 'ਤੇ ਚੱਲਣ ਵਾਲੇ ਮੀਡੀਆ ਕਰਮੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਹਨ। ਫਿਰ ਵੀ ਅਜੇ ਅਜੇਹੇ ਕੁਝ ਇਕ ਮਾਈ ਦੇ ਲਾਲ ਹਨ ਜਿਹੜੇ ਆਪਣੀ ਜਾਨ ਪ੍ਰਵਾਹ ਨਾ ਕਰਦਿਆਂ, ਆਪਣਾ ਫਰਜ਼ ਸਮਝ ਕੇ ਸਚਾਈ ਨੂੰ ਲੋਕਾਂ ਸਾਹਮਣੇ ਲਿਆਈ ਜਾਂਦੇ ਹਨ।
ਇਹ ਧਾਰਨਾ ਗਲਤ ਹੈ ਕਿ ਗੋਰੇ ਆਪਣੇ ਮਾਪਿਆਂ ਦੀ ਸਾਂਭ ਸੰਭਾਲ ਨਹੀਂ ਕਰਦੇ। ਭਾਵੇਂ ਕੋਈ ਮਨੁੱਖ ਕਿਸੇ ਵੀ ਨਸਲ, ਕੌਮ, ਬਰਾਦਰੀ ਦਾ ਹੋਵੇ, ਮਾਪੇ ਸਭ ਨੂੰ ਪਿਆਰੇ ਹੁੰਦੇ ਹਨ। ਪਰ ਹਰ ਨਸਲ, ਕੌਮ, ਕਬੀਲੇ ਦੇ ਮਨੁੱਖ ਦਾ ਆਪਣੇ ਮਾਪਿਆਂ ਪ੍ਰਤੀ ਲਗਾਉ ਦਾ ਢੰਗ ਵੱਖਰਾ ਵੱਖਰਾ ਹੁੰਦਾ ਹੈ। ਭਾਰਤੀਆਂ ਵਿਚ ਵੀ ਅਨੇਕ ਮਾਪੇ ਹਨ ਜਿਹੜੇ ਸਾਂਭ ਸੰਭਾਲ ਤੋਂ ਵਿਰਵੇ ਬ੍ਰਿਧ ਘਰਾਂ ਵਿਚ ਧੱਕੇ ਖਾਂਦੇ ਹਨ।
ਅਸੀਂ ਕਿਸੇ ਪ੍ਰਭਾਵ ਅਧੀਨ ਕੋਈ ਨਜ਼ਰੀਆ ਅਪਣਾ ਲੈਂਦੇ ਹਾਂ ਜਿਹੜਾ ਕਿ ਪੂਰੀ ਤਰ੍ਹਾਂ ਸੱਚ ਨਹੀਂ ਹੁੰਦਾ। ਅਸਲ ਵਿਚ ਕਈ ਵਾਰ ਜੋ ਅਸੀਂ ਦੇਖਦੇ ਹਾਂ ਉਸੇ ਉਪਰ ਯਕੀਨ ਕਰ ਲੈਂਦੇ ਹਾਂ ਪਰ ਉਸ ਦੇ ਪਿੱਛੇ ਦਾ ਵਰਤਾਰਾ ਨਹੀਂ ਸਮਝ ਸਕਦੇ। ਜਦੋਂ ਅਸੀਂ ਆਪਣੀਆਂ ਅੱਖਾਂ ਤੋਂ ਇਕੋ ਨਜ਼ਰੀਏ ਵਾਲੀ ਐਨਕ ਲਾਹ ਕੇ ਦੇਖਾਂਗੇ ਤਾਂ ਅਸਲੀ ਤਸਵੀਰ ਦਾ ਪਤਾ ਲੱਗੇਗਾ ਅਤੇ ਸੰਕੀਰਨ ਸੋਚ ਤੋਂ ਬਚ ਜਾਵਾਂਗੇ।
ਇਸ ਪੁਸਤਕ ਵਿਚਲੇ ਕਈ ਵਿਸ਼ਿਆਂ ਉਪਰ ਗੱਲ ਕਰਨੋ ਰਹਿ ਗਈ ਹੈ, ਜਿਵੇਂ; ਵਿਸ਼ਵ ਵਿਚ ਅਮਰੀਕਾ ਦੀ ਭੂਮਿਕਾ, ਟਰੰਪ ਬਾਰੇ ਵਿਰੋਧੀਆਂ ਦੇ ਵਿਚਾਰ। ਯਹੂਦੀਆਂ ਦਾ ਵਸੇਬਾ। ਵਿਸ਼ਵ ਦੀ ਰਾਜਨੀਤਕ ਸਥਿਤੀ ਬਾਰੇ ਵਿਚਾਰ। ਨਾਰੀ ਦੀ ਸ਼ਕਤੀ, ਸੰਵੇਦਨਾ ਤੇ ਨਾਰੀ ਦੀ ਤਰਾਸਦੀ। ਪੌਂਡੀਚੈਰੀ ਤੇ ਗੋਆ ਦਾ ਯਾਤਰਾ ਵਰਨਣ। ਵੋਟ ਦੀ ਰਾਜਨੀਤੀ ਤੇ ਪੰਜਾਬ ਦੀ ਕੰਗਾਲੀ। ਯਤੀਮਾਂ ਦਾ ਤਰਾਸਦਿਕ ਜੀਵਨ, ਨਵੰਬਰ ਦਾ ਦੁਖਾਂਤ ਤੇ ਸਿੱਖਾਂ ਦੀ ਨਸਲਕੁਸ਼ੀ ਬਾਰੇ ਗ਼ੈਰ ਸਿੱਖਾਂ ਦੇ ਪ੍ਰਭਾਵ। ਨਾਮ ਵਿਚ ਕੀ ਪਿਆ ਜਾਂ ਨਾਮ ਕੀ ਨਹੀਂ ਪਿਆ। ਇਨ੍ਹਾਂ ਤੋਂ ਬਿਨਾਂ ਵੀ ਪੁਸਤਕ ਵਿਚ ਹੋਰ ਬੜਾ ਕੁਝ ਹੈ, ਜਿਸ ਉਪਰ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਉਹ ਕਦੀ ਫਿਰ ਸਹੀ। ਇਹ ਪੁਸਤਕ ਲਿਖਣ ਲਈ ਮੈਂ ਗੁਲਸ਼ਨ ਦਿਆਲ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਕਵਿਤਾ ਤੇ ਵਾਰਤਕ ਵਿਚ ਇਕੋ ਜਿਹਾ ਯੋਗਦਾਨ ਪਾਉਂਦੀ ਰਹੇਗੀ।