ਪੰਜਾਬ ਸਾਹਿਤ ਅਕਾਦਮੀ ਵਲੋਂ ਵਿਸ਼ੇਸ਼ ਲੈਕਚਰ
ਨਿੰਦਰ ਘੁਗਿਆਣਵੀ
ਚੰਡੀਗੜ੍ਹ, 30 ਸਤੰਬਰ 2021 - ਪੰਜਾਬ ਸਾਹਿਤ ਅਕਾਦਮੀ ਵੱਲੋਂ ਆਨ ਲਾਇਨ ਮਾਸਿਕ ਲੈਕਚਰ ਲੜੀ ਤਹਿਤ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਹੈ।ਇਸ ਆਨ ਲਾਇਨ ਮਾਸਿਕ ਲੈਕਚਰ ਲੜੀ ਤਹਿਤ ਗੁਰੁੂ ਤੇਗ ਬਹਾਦਰ ਜੀਵਨ , ਬਾਣੀ ਅਤੇ ਸ਼ਹਾਦਤ ਵਿਸ਼ੇ ਤੇ ਚੌਥਾ ਲੈਕਚਰ ਡਾ. ਰੰਜੂ ਬਾਲਾ (ਮੁਖੀ ਪੰਜਾਬੀ ਵਿਭਾਗ, ਸਰਕਾਰੀ ਕਾਲਜ , ਚੰਡੀਗੜ੍ਹ) ਨੇ ਦਿੱਤਾ।
ਉਹਨਾਂ ਨੇ ਗੁਰੁੂ ਤੇਗ ਬਹਾਦਰ ਜੀਵਨ ਦਰਸ਼ਨ ਦੇ ਮੂਲ ਸਰੋਕਾਰਾਂ ਬਾਰੇ ਚਰਚਾ ਕੀਤੀ।ਉਹਨਾਂ ਨੇ ਕਿਹਾ ਕਿ ਗੁਰੂ ਜੀ ਦੀ ਸੇਵਾ ਮਹਾਨ ਸੇਵਾ ਹੈ। ਓਹਨਾ ਨੇ ਪ੍ਰਮੁੱਖ ਨੁਕਤਾ ਸਾਂਝਾ ਕਰਦੇ ਹੋਏ ਕਿਹਾ ਕਿ ਗੁਰੁੂ ਤੇਗ ਬਹਾਦਰ ਜੀ ਸੰਸਾਰਿਕਤਾ ਪ੍ਰਤਿ ਤਿਆਗ ਅਤੇ ਵੈਰਾਗ ਦੀ ਭਾਵਨਾ ਕਾਰਣ ਹਰਿ-ਭਗਤੀ ਵਿਚ ਲੀਨ ਰਹਿੰਦੇ ਸਨ । ਪਰ ਆਪਣੇ ਪਿਤਾ ਗੁਰੂ ਹਰਿਗੋਬਿੰਦ ਜੀ ਵਲੋਂ ਆਤਮ-ਰਖਿਆ ਲਈ ਸ਼ੁਰੂ ਕੀਤੀ ਸੈਨਿਕ ਕ੍ਰਾਂਤੀ ਦੀ ਮੁਹਿੰਮ ਵਿਚ ਆਪ ਨੇ 13/14 ਸਾਲਾਂ ਦੀ ਉਮਰ ਵਿਚ ਕਰਤਾਰਪੁਰ ਦੇ ਯੁੱਧ ਵਿਚ ਹਿੱਸਾ ਲਿਆ ਅਤੇ ਯੁੱਧ-ਭੂਮੀ ਵਿਚ ਸੈਨਿਕ ਪਰਾਕ੍ਰਮ ਦਿਖਾਉਣ ਕਾਰਣ ਪਿਤਾ-ਗੁਰੂ ਵਲੋਂ ਜੁਝਾਰੂ ਨਾਂ 'ਤੇਗ ਬਹਾਦਰ' ਪ੍ਰਾਪਤ ਕੀਤਾ ।
ਆਪ ਦੇ ਹਿਰਦੇ ਅੰਦਰ ਦੇਸ਼-ਵਾਸੀਆਂ ਦੇ ਕਲਿਆਣ ਦੀ ਭਾਵਨਾ ਸਦਾ ਸਜਗ ਰਹਿੰਦੀ । ਇਹੀ ਕਾਰਣ ਹੈ ਕਿ ਅਸਾਮ ਦੀ ਮੁਹਿੰਮ ਵੇਲੇ ਲੜਾਈ ਵਿਚ ਦੋਹਾਂ ਪਾਸਿਓਂ ਭਾਰਤੀਆਂ ਦਾ ਨੁਕਸਾਨ ਹੁੰਦਿਆਂ ਨ ਸਹਾਰ ਕੇ ਸ਼ਾਂਤੀ-ਪੂਰਵਕ ਵਿਰੋਧ ਦਾ ਮਾਮਲਾ ਖ਼ਤਮ ਕੀਤਾ ਅਤੇ ਕਸ਼ਮੀਰੀ ਪੰਡਿਤਾਂ ਦੇ ਸੰਕਟ ਨੂੰ ਆਪਣਾ ਸੰਕਟ ਸਮਝ ਕੇ ਆਪਣਾ ਆਪ ਕੁਰਬਾਨ ਕਰ ਦਿੱਤਾ । ਡਾ. ਨੀਲਮ ਗਰੇਵਾਲ (ਵਾਇਸ ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ) ਨੇ ਪ੍ਰਧਾਨਗੀ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਇਹ ਲੜੀ ਸ਼ੁਰੂ ਕਰਕੇ ਵਿਲੱਖਣ ਕਾਰਜ ਕੀਤਾ ਹੈ। ਸਾਨੂੰ ਸਾਰਿਆਂ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਹੋ ਰਹੇ ਕਾਰਜਾਂ ਵਿਚ ਮੂਲਵਾਨ ਯੋਗਦਾਨ ਪਾਉਣਾ ਚਾਹੀਦਾ ਹੈ।
ਡਾ.ਸਰਬਜੀਤ ਕੌਰ ਸੋਹਲ (ਪ੍ਰਧਾਨ ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ) ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ ਵੱਲੋਂ ਆਨ ਲਾਇਨ ਮਾਸਿਕ ਲੈਕਚਰ ਲੜੀ ਬਹੁਤ ਦੀ ਕੁਸ਼ਲਤਾ ਪੂਰਵਕ ਚੱਲ ਰਹੀ ਹੈ।ਭਾਰਤੀ ਸੰਸਕ੍ਰਿਤੀ ਅਨੇਕ ਗੌਰਵਪੂਰਣ ਪਰੰਪਰਾਵਾਂ ਨਾਲ ਭਰਪੂਰ ਹੈ । ਤਪ, ਸੰਜਮ, ਵੀਰਤਾ, ਤਿਆਗ, ਸੇਵਾ ਆਦਿ ਨਾਲ ਸੰਬੰਧਿਤ ਅਨੇਕ ਘਟਨਾਵਾਂ ਨਾਲ ਭਾਰਤੀ ਇਤਿਹਾਸ ਭਰਿਆ ਪਿਆ ਹੈ । ਪਰ ਅਜੇ ਤਕ ਬਲੀਦਾਨ ਜਾਂ ਸ਼ਹੀਦੀ ਦੀ ਘਾਟ ਸੀ । ਸਾਮੀ ਸੰਸਕ੍ਰਿਤੀ ਵਿਚ ਹਜ਼ਰਤ ਈਸਾ ਦਾ ਸਲੀਬ ਉਤੇ ਚੜ੍ਹਨਾ, ਕਰਬਲਾ ਦੇ ਮੈਦਾਨ ਵਿਚ ਇਮਾਮ ਹੁਸੈਨ ਦਾ ਸ਼ਹੀਦ ਹੋਣਾ ਯੁਗ-ਪਲਟਾਉਣ ਵਾਲੀਆਂ ਘਟਨਾਵਾਂ ਸਨ ਜਿਨ੍ਹਾਂ ਤੋਂ ਉਨ੍ਹਾਂ ਧਰਮਾਂ ਦੇ ਅਨੁਯਾਈ ਹੁਣ ਤਕ ਪ੍ਰੇਰਣਾ ਲੈਂਦੇ ਆ ਰਹੇ ਸਨ ।
ਮੌਲਾਨਾ ਮੁਹੰਮਦ ਅਲੀ ਅਨੁਸਾਰ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਦ । ਭਾਰਤੀ ਸੰਸਕ੍ਰਿਤੀ ਵਿਚ ਬਲੀਦਾਨ ਦੀ ਪਰੰਪਰਾ ਦਾ ਆਰੰਭ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਹੋਇਆ ਅਤੇ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨਾਲ ਇਸ ਅੱਗ ਨੇ ਭਾਂਬੜ ਦਾ ਰੂਪ ਧਾਰਣ ਕਰ ਲਿਆ ਤੇ ਫਿਰ ਸ਼ਹਾਦਤ ਜਾਂ ਬਲੀਦਾਨ ਦੀ ਪਰੰਪਰਾ ਦਾ ਵਿਕਾਸ ਹੋਣ ਲਗ ਗਿਆ ।
ਇਸ ਆਨ ਲਾਇਨ ਮਾਸਿਕ ਲੈਕਚਰ ਲੜੀ ਦੇ ਕੋਆਡੀਨੇਟਰ ਡਾ.ਅਮਰਜੀਤ ਸਿੰਘ ਹਨ।ਉਹਨਾਂ ਦੱਸਿਆ ਕਿ ਇਸ ਮਾਸਿਕ ਲੈਕਚਰ ਲੜੀ ਵਿਚ ਗੁਰੁੂ ਤੇਗ ਬਹਾਦਰ ਜੀ ਦੇ ਜੀਵਨ ਦਰਸ਼ਨ ਤੋਂ ਲੈ ਕੇ ਸ਼ਹਾਦਤ ਤੱਕ 12 ਲੈਕਚਰ ਹੋਣਗੇ ।
ਸਮਾਗਮ ਦੇ ਅਖੀਰ ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਆਪ ਸਾਰਿਆਂ ਦੀ ਸ਼ਮੂਲੀਅਤ ਸਦਕਾ ਹੀ ਅਸੀਂ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਹੀ ਰੂਪ ਵਿਚ ਮਨਾ ਸਕਦੇ ਹਾਂ।