ਲੁਧਿਆਣਾ, 25 ਫ਼ਰਵਰੀ, 2017 : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਪੀ.ਏ.ਯੂ. ਲੁਧਿਆਣਾ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਲੈਕਚਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲੋਕਧਾਰਾ ਮਾਹਿਰ ਡਾ. ਨਾਹਰ ਸਿੰਘ ਭਾਸ਼ਨ ਦੇਣ ਲਈ ਆਏ।ਪ੍ਰਧਾਨਗੀ ਮੰਡਲ ਵਿਚ ਡਾ. ਸੁਰਜੀਤ ਪਾਤਰ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਜਗਮੋਹਣ ਸਿੰਘ ਕਲਕੱਤਾ ਅਤੇ ਮੈਡਮ ਰਵਿੰਦਰ ਕੌਰ ਧਾਲੀਵਾਲ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਸ਼ਸੋਬਤ ਸਨ। ਇਸ ਸਮਾਗਮ ਦੇ ਕਨਵੀਨਰ ਡਾ. ਦੇਵਿੰਦਰ ਦਿਲਰੂਪ ਸਨ ਜੋ ਕਿ ਅਕਾਡਮੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹੋਣ ਦੇ ਨਾਲ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ।ਡਾ. ਨਾਹਰ ਸਿੰਘ ਨੇ ਡਾ. ਮਹਿੰਦਰ ਸਿੰਘ ਰੰਧਾਵਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਸਾਡੇ ਨਵੇਂ ਪੰਜਾਬ ਦੇ ਨਿਰਮਾਤਾ ਅਤੇ ਮਾਹਾਂ ਵਿਯਨਰੀ ਸਨ। ਉਹ ਪੰਜਾਬੀ ਪਿੰਡ ਨੂੰ ਆਧਾਰ ਮੰਨ ਕੇ ਮਿਹਨਤੀ ਅਤੇ ਪੜੇ ਲਿਖੇ ਕਿਸਾਨ ਦਾ ਸੁਪਨਾ ਆਪਣੇ ਅੰਦਰ ਸਮੋਏ ਹੋਏ ਸਨ।
ਉਨਾ ਦੇ ਭਾਸ਼ਣ ਤੋਂ ਬਾਅਦ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਡਾ. ਰੰਧਾਵਾ ਦੀ ਸੱਭਿਆਚਾਰਕ ਭੂਮਿਕਾ ਸਬੰਧੀ ਤਿੱਖੇਂ ਪ੍ਰਸ਼ਨ ਪੁੱਛੇ ਜਿਨਾਂ ਦਾ ਡਾ. ਨਾਹਰ ਸਿੰਘ ਨੇ ਵਿਸਥਾਰਕ ਜਵਾਬ ਦਿਤਾ ਇਸ ਤਰਾਂ ਪੀ. ਏ. ਯੂ. ਦੇ ਇਕਨਾਮਿਕਸ ਵਿਭਾਗ ਦੇ ਮੁੱਖੀ ਡਾ. ਸੁਖਪਾਲ ਸਿੰਘ ਨੇ ਵੀ ਸੰਵਾਦ ਸਾਂਝਾ ਕੀਤਾ। ਇਸ ਸਮੇਂ ਡਾ. ਸੁਰਜੀਤ ਪਾਤਰ ਜੀ ਨੇ ਪ੍ਰਧਾਨਗੀ ਟਿੱਪਣੀ ਕਰਦਿਆਂ ਆਖਿਆ ਕਿ ਇਤਿਹਾਸ ਡਾ. ਰੰਧਾਵਾ ਵਰਗੀਆਂ ਸ਼ਖ਼ਸੀਅਤਾਂ ਦਾ ਬਾਰ ਬਾਰ ਮੁਲਾਂਕਣ ਕਰਦਾ ਰਹੇਗਾ। ਉਹਨਾ ਇਕ ਲੋਕਧਾਰਾ ਸਬੰਧੀ ਕਵਿਤਾ ਵੀ ਸੁਣਾਈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਡਾ. ਨਾਹਰ ਸਿੰਘ ਅਤੇ ਮਹਿਮਾਨਾ ਲਈ ਸੁਆਗਤੀ ਸ਼ਬਦ ਕਹੇ ਅਤੇ ਡਾ. ਨਾਹਰ ਸਿੰਘ ਸਬੰਧੀ ਜਾਣ ਪਛਾਣ ਸਾਂਝੀ ਕੀਤੀ। ਡਾ. ਰਵਿੰਦਰ ਕੌਰ ਧਾਲੀਵਾਲ ਨੇ ਪੰਜਾਬੀ ਸਾਹਿਤ ਅਕਾਡਮੀ ਅਤੇ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਡਾ. ਰੰਧਾਵਾ ਅਤੇ ਲੈਕਚਰ ਸਬੰਧੀ ਵੀ ਟਿੱਪਣੀਆਂ ਕੀਤੀਆਂ।
ਅੰਤ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਡਾ. ਮਹਿੰਦਰ ਰੰਧਾਵਾ ਬਾਰੇੇ ਸਮੁੱਚੇ ਭਾਸ਼ਣ ਅਤੇ ਪੁੱਛੇ ਪ੍ਰਸ਼ਨਾਂ ਸਬੰਧੀ ਆਪਣੀ ਰਾਇ ਦਿਤੀ ਕਿ ਸਾਨੂੰ ਡਾ. ਰੰਧਾਵਾ ਵਰਗੀ ਸ਼ਖ਼ਸੀਅਤ ਦਾ ਮੁਲਾਂਕਣ ਸ਼ਰਧਾ ਨਾਲ ਨਹੀਂ ਸਗੋਂ ਵਿਗਿਆਨਕ ਤਰੀਕੇ ਨਾਲ ਕਰਨਾ ਚਾਹੀਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਕਾਡਮੀ ਤੇ ਮੀਤ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ, ਇੰਜ. ਜਸਵੰਤ ਜਫ਼ਰ, ਸਤੀਸ਼ ਗੁਲਾਟੀ, ਬਾਲ ਮੁਕੰਦ ਸ਼ਰਮਾ, ਡਾ. ਅਮਰਜੀਤ ਸਿੰਘ ਹੇਅਰ, ਮਲਕੀਤ ਸਿੰਘ ਬਰ੍ਹਮੀ, ਅਮਰੀਕਾ ਤੋਂ ਆਏ ਉੱਘੇ ਸਮਾਜ ਸੇਵੀ ਰੂਪ ਸਿੰਘ ਰੂਪਾ, ਚਰਨ ਸਿੰਘ, ਸ. ਮਲਕੀਤ ਸਿੰਘ ਔਲਖ, ਡਾ. ਪੁਸ਼ਪਿੰਦਰ ਸਿੰਘ ਆਦਿ ਸਾਮਿਲ ਸਨ। ਇਸ ਸਮੇਂ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਗਈ। ਇਕ ਬਾਲ ਸਾਹਿਤ ਦੀ ਪੁਸਤਕ ‘ਨਿੱਕੇ ਨਿੱਕੇ ਪੈਰ’ਡਾ. ਦੇਵਿੰਦਰ ਦਿਲਰੂਪ ਰਚਿਤ ਅਤੇ ਦੂਜੀ ਕਾਵਿ ਪੁਸਤਕ ਡਾ. ਪੁਸ਼ਪਿੰਦਰ ਸਿੰਘ ਹੋਰਾਂ ਨੇ ਲਿਖੀ ਹੈ। ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਵਿਦਿਆਰਥੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਵਿਦਿਆਰਥੀਆਂ ਨੇ ਸਮੁੱਚੇ ਸਮਾਗਮ ਦੀ ਵਿਚਾਰ ਚਰਚਾ ਨੂੰ ਬੜੀ ਗੰਭੀਰਤਾ ਨਾਲ ਸੁਣਿਆ।