ਰਾਸ਼ਟਰੀ ਗੀਤ
ਰਾਸ਼ਟਰੀ ਗੀਤ.......
ਉਹ ਸਮੂਹ-ਗਾਣ ਨਹੀੰ
ਜੋ ਸਕੂਲਾਂ ਦੀ ਸਵੇਰ ਸਭਾ ਵਿੱਚ
ਹਰ ਰੋਜ਼.......
ਮਿਲ ਕੇ ਬੋਲ ਲਿਆ ਜਾਂਦਾ ਹੈ !
ਜੋ ਹਰ ਫਿਲਮ ਦੀ ਸ਼ੁਰੂਆਤ ਵਿੱਚ
ਖੜ੍ਹਕੇ ਸੁਣਨ ਲਈ........
ਦਰਸ਼ਕਾਂ 'ਤੇ ਥੋਪਿਆ ਜਾ ਸਕੇ !
ਜਿਸਦੀ ਸ਼ਰਤ.......
ਸਾਵਧਾਨ ਰਹਿਣਾ ਨਹੀਂ,
ਕੇਵਲ ਸਾਵਧਾਨ ਖੜ੍ਹਣਾ ਹੋਵੇ !
ਜਿਸਦੇ ਚੱਲਦਿਆਂ........
ਮੁੱਠਾਂ ਚੂਲਿਆਂ ਨਾਲ ਹੀ ਲੱਗੀਆਂ ਰਹਿਣ
ਤੇ ਜ਼ਿਹਨ ਸੁੱਤਾ ਹੋਵੇ !
ਰਾਸ਼ਟਰੀ ਗੀਤ.......
ਦੇਸ਼ ਦੀ ਉਸਤਤ ਵਿਚ,
ਰੋਜ਼ਮਰਾ ਦਾ ਪਹਾੜਾ ਨਹੀਂ ਹੁੰਦਾ !
ਇਹ ਰਾਸ਼ਟਰ ਦਾ ਵਿਸ਼ਲੇਸ਼ਨ ਵੀ ਹੁੰਦਾ ਹੈ
ਆਪਣੇ ਸਾਹਾਂ ਦਾ-
ਆਤਮ ਨਿਰੀਖਣ ਵੀ ਹੁੰਦਾ ਹੈ !
ਆਪਣੀ ਚੁੱਪ ਦਾ ਪਰੀਖਣ ਵੀ ਹੁੰਦਾ ਹੈ !
ਰਾਸ਼ਟਰੀ ਗੀਤ.......
ਪੰਜਾਬ ਨੂੰ ਪਾਣੀ-ਹੀਣ ਕਰਕੇ
ਸਿੰਧੀਆਂ ਨੂੰ ਕੁਰਸੀ ਲਈ
ਹਾਕਮਾਂ ਦੇ ਰਹਿਮੋ-ਕਰਮ 'ਤੇ ਛੱਡਕੇ
ਗੁਜਰਾਤ ਨੂੰ.......
ਲਹੂ-ਲੁਹਾਨ ਕਰਕੇ ਥੋੜੀ ਬਣ ਸਕਦਾ !
ਮਰਾਠਾ ਤਿਰਸ਼ੂਲਾਂ ਨਾਲ........
ਮਰਹੱਟਿਆਂ ਲਈ ਰਾਖਵਾਂ ਕਰਕੇ
ਦਰਾਵਿੜਾਂ ਤੇ ਹਿੰਦੀ ਮੜ੍ਹਕੇ ਨਹੀਂ ਬਣਦਾ !
ਉਤਕੁਲ ਤੇ ਬੰਗ ਵਿੱਚ........
ਲੋਕ-ਲਹਿਰਾਂ ਦਾ ਘਾਣ ਕਰਕੇ,
ਰਾਸ਼ਟਰੀ ਗੀਤ ਨਹੀਂ ਸਿਰਜਿਆ ਜਾ ਸਕਦਾ !
ਰਾਸ਼ਟਰੀ ਗੀਤ........
ਵਿੰਧ ਦਾ ਖਣਨ ਕਰਕੇ ਨਹੀਂ
ਖਾਣਾਂ ਦੇ ਕਾਮਿਆਂ ਦੀ ਗੁਜ਼ਰ ਤੇ ਉਜ਼ਰ ਨੂੰ
ਉੱਤਮ ਕਰਕੇ ਹੀ ਮੋਹਿਤ ਬਣੇਗਾ
ਹਿਮਾਚਲ ਨੂੰ.......
ਦੇਵ-ਭੂਮੀ ਕਹਿਕੇ ਹੀ ਨਹੀਂ,
ਲੋਕ-ਭੂਮੀ ਬਣਾਕੇ ਹੀ ਮੌਲਿਕ ਹੋਵੇਗਾ !
ਗੰਗਾ ਤੇ ਜਮੁਨਾ........
ਸਿਰਫ਼ ਮੁਰਦੇ ਰੋੜਣ ਕਰਕੇ ਹੀ
ਇਸ ਗੀਤ ਦਾ ਹਿੱਸਾ ਨਹੀਂ ਹੋ ਸਕਦੀਆਂ !
ਜਿਊਂਦੇ ਹੋਏ,
ਕਰੋੜਾਂ ਗਰੀਬ ਲੋਕਾਂ ਲਈ........
ਇਹਨਾਂ ਦੇ ਕੋਈ ਹੋਰ ਵੀ ਅਰਥ ਨੇ !
ਜਿੰਨ੍ਹਾਂ ਲਈ........
ਧਰਤੀ ਉਤਲਾ ਹੀ ਨਹੀਂ,
ਭੂ ਅੰਦਰਲਾ ਪਾਣੀ ਵੀ ਦੂਸ਼ਿਤ ਹੈ !
ਸ਼ਾਇਦ "ਐਰੋਆਂ ਵਾਲੇ" ਘਰਾਂ ਵਾਸਤੇ
ਇਸ ਗੀਤ ਦੀ.......
ਕੁੱਝ ਪਾਵਨ ਗਰਿਮਾ ਬਚੀ ਹੋਵੇ !
ਰਾਸ਼ਟਰੀ ਗੀਤ........
ਸਿਰਫ਼ ਜੈ ਹੇ ਦੇ ਸਿਖ਼ਰ ਨਾਲ
ਅੰਤਿਮ ਛਿਣਾਂ ਵਿੱਚ
ਬੋਲਾਂ ਦੀ ਬੁਲੰਦੀ ਨੂੰ ਛੂਹਣ ਦਾ ਨਾਮ ਨਹੀੰ
ਇਹ ਹਰ ਸ਼ਹਿਰੀ ਦੀ ਰੂਹ ਵਿਚਲੀ
ਉਹ ਗਹਿਰਾਈ ਹੈ
ਜਿਥੋਂ ਵਤਨ ਦੇ ਵਾਸਤੇ........
ਸਰਫ਼ਰੋਸੀ ਦੀ ਤਮੰਨਾ ਉੱਠਦੀ ਹੈ !
ਜਿਥੋਂ ਚੋਹਲਿਆਂ ਨੂੰ ਬਸੰਤੀ ਰੰਗ ਵਿੱਚ ਰੰਗਨ ਦੀ
ਤਾਂਘ ਫੁੱਟਦੀ ਹੈ !
Sarbjeet Sohi