16 ਨਵੰਬਰ 1915 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ 6 ਸਾਥੀ ਪਹਿਲੇ ਲਾਹੌਰ ਸਾਜ਼ਿਸ਼ ਕੇਸ ਚ ਲਾਹੌਰ ਜੇਲ੍ਹ ਚ ਫਾਂਸੀ ਚੜ੍ਹੇ ਸਨ।
ਅੰਮ੍ਰਿਤਸਰ ਜ਼ਿਲ੍ਹੇ ਦੇ ਚਾਰ ਸੂਰਮੇ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ, ਪਿੰਡ ਗਿੱਲਵਾਲੀ ਦੇ ਭਾਈ ਬਖ਼ਸ਼ੀਸ਼ ਸਿੰਘ, ਭਾਈ ਸੁਰੈਣ ਸਿੰਘ ਵੱਡਾ, ਭਾਈ ਸੁਰੈਣ ਸਿੰਘ ਨਿੱਕਾ, ਭਾਈ ਹਰਨਾਮ ਸਿੰਘ ਸਿਆਲਕੋਟੀ ਪਿੰਡ ਭੱਟੀ ਗੋਰਾਇਆ( ਹੁਣ ਇਹ ਪਰਿਵਾਰ ਪਹਿਲਾਂ ਸੇਖਵਾਂ ਜ਼ਿਲ੍ਹਾ ਗੁਰਦਾਸਪੁਰ ਤੇ ਹੁਣ ਸਰਨਾ ਜ਼ਿਲ੍ਹਾ ਪਠਾਨਕੋਟ ਚ ਰਹਿੰਦਾ ਸੁਣਿਐਂ) ਅਤੇ ਸੱਤਵੇਂ ਸੂਰਮੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ (ਪੂਨਾ ਮਹਾਂ ਰਾਸ਼ਟਰ)ਇੱਕੋ ਦਿਨ ਇੱਕੋ ਸਮੇਂ ਫਾਂਸੀ ਲੱਗੇ। ਪੱਤਰਕਾਰ ਦੋਸਤੋ, ਸਰਾਭਾ ਪਹਿਲਾ ਪੱਤਰਕਾਰ ਸ਼ਹੀਦ ਵੀ ਹੈ। 16 ਨਵੰਬਰ ਵਿਸ਼ਵ ਪਰੈੱਸ ਦਿਵਸ ਵੀ ਹੈ। ਯਾਦ ਰੱਖਣਾ ਆਪਣੇ ਪੁਰਖ਼ੇ ਨੂੰ ਆਪਣੇ ਅੰਦਾਜ਼ ਚ।
ਇਹ ਗੀਤ ਸੂਰਮਿਆਂ ਨਮਿਤ ਹੈ
ਗੀਤ :
ਗੋਰੇ ਤੁਰ ਗਏ ਕਾਲ਼ੇ ਆ ਗਏ
ਸੋਨ ਚਿੜੀ ਨੂੰ ਲੁੱਟ ਕੇ ਖਾ ਗਏ
ਕੀ ਖੱਟਿਆ ਜੀ ਲੋਕ ਰਾਜ ਦਾ ਸੂਹਾ ਸੁਪਨਾ ਪਾਲ ਕੇ।
ਡਾਕੂਆਂ ਨੇ ਦਿੱਲੀ ਲੁੱਟੀ ਦੁਪਹਿਰੇ ਦੀਵਾ ਬਾਲ਼ ਕੇ।
ਖ਼ੂਨ ਦਾ ਵੇਖੋ ਬਣ ਗਿਆ ਪਾਣੀ।
ਯਾਦ ਕਿਸੇ ਨੂੰ ਨਾ ਕੁਰਬਾਨੀ।
ਅਕਲੋਂ ਅੰਨ੍ਹੇ ਦੇਣ ਸੰਥਿਆ,
ਅਕਲਾਂ ਦਾ ਨਾ ਮੁੱਲ ਦਵਾਨੀ।
ਗੁੰਡੀ ਰੰਨ ਪਰਧਾਨੋ ਬਣ ਗਈ,
ਚੋਰ ਉਚੱਕੇ ਪਾਲ ਕੇ।
ਡਾਕੂਆਂ ਨੇ ਦਿੱਲੀ ਲੁੱਟੀ....
ਟੋਡੀ ਬੱਚੇ ਕੁਰਸੀ ਬਹਿ ਗਏ।
ਅਸਲੀ ਵਾਰਿਸ ਪਿੱਛੇ ਰਹਿ ਰਹਿ ਗਏ। ਇਨਕਲਾਬ ਦੇ ਝੰਡੇ ਪਾਟੇ,
ਹੱਥਾਂ ਦੇ ਵਿੱਚ ਡੰਡੇ ਰਹਿ ਗਏ।
ਸੱਚੀ ਗੱਲ ਨਿਕਲ ਗਈ ਮੂੰਹੋਂ,
ਰੱਖੀ ਸੀ ਜੋ ਟਾਲ਼ ਕੇ।
ਡਾਕੂਆਂ ਨੇ ਦਿੱਲੀ ਲੁੱਟੀ.......
ਐਸੀ ਤੇਜ਼ ਹਨ੍ਹੇਰੀ ਵੱਗੇ।
ਬੰਦੇ ਵੇਖੋ ਬਣ ਗਏ ਢੱਗੇ।
ਪੈਸੇ ਦੀ ਸਰਦਾਰੀ ਹੋ ਗਈ,
ਹਰ ਕੁਰਸੀ ਦੀ ਬੋਲੀ ਲੱਗੇ।
ਸਾਨੂੰ ਕਰਦੇ ਅੰਨ੍ਹੇ ਬੋਲ਼ੇ,
ਕੰਨੀਂ ਸਿੱਕਾ ਢਾਲ਼ ਕੇ।
ਡਾਕੂਆਂ ਨੇ ਦਿੱਲੀ ਲੁੱਟੀ.......
ਸੁਣੋ ਸ਼ਹੀਦਾਂ ਦਾ ਇਹ ਕਹਿਣਾ।
ਤੌਕ ਗੁਲਾਮੀ ਦਾ ਤਦ ਲਹਿਣਾ।
ਕਸਮਾਂ ਖਾਓ ਹੁਣ ਨਹੀਂ ਬਹਿਣਾ।
ਜ਼ੁਲਮ ਵੇਖ ਕੇ ਚੁੱਪ ਨਹੀਂ ਬਹਿਣਾ।
ਸੌਣ ਵਾਲਿਓ ਜਾਗ ਪਵੋ ਹੁਣ ,
ਗੂੜ੍ਹੀ ਨੀਂਦਰ ਟਾਲ਼ ਕੇ।
ਡਾਕੂਆਂ ਨੇ ਦਿੱਲੀ ਲੁੱਟੀ........
ਗੁਰਭਜਨ ਗਿੱਲ
Gurbhajansinghgill@gmail.Com
Phone: 98726 31199