- ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ 50 ਨਾਵਲਕਾਰਾਂ ਤੇ ਕਹਾਣੀਕਾਰਾਂ ਨੇ ਕੀਤੀ ਸ਼ਿਰਕਤ
- ਹਰ ਸਾਲ ਦੋਵੇਂ ਪੰਜਾਬ ਸਾਂਝੇ ਤੌਰ `ਤੇ ਮਨਾਉਣਗੇ ਸ੍ਰੀ ਅਣਖੀ ਦਾ ਜਨਮ ਦਿਨ - ਪੰਜਾਬੀ ਅਕਾਡਮੀ ਲਾਹੌਰ
ਪੱਖੋਂ ਕਲਾਂ, 28 ਅਗਸਤ 2020 - ਸ੍ਰੋਮਣੀ ਨਾਵਲਕਾਰ ਰਾਮ ਸਰੂਪ ਅਣਖੀ ਦੇ 89ਵੇਂ ਜਨਮ ਦਿਨ ਨੂੰ ਸਮਰਪਿਤ 22 ਅਗਸਤ ਤੋਂ ਸ਼ੁਰੂ ਹੋਏ ਅੰਤਰਰਾਸ਼ਟਰੀ ਪੱਧਰ `ਤੇ ਸਾਹਿਤਕ ਸਮਾਗਮ 28 ਅਗਸਤ ਨੂੰ ਕਹਾਣੀ ਦਰਬਾਰ ਨਾਲ ਅਭੁੱਲ ਯਾਦਾਂ ਛੱਡਦੇ ਹੋਏ ਸਮਾਪਤ ਹੋ ਗਏ।ਸਾਹਿਤਕ ਸਮਾਗਮ ਦੀ ਲੜੀ ਵਿਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ 50 ਕਵੀਆਂ, ਨਾਵਲਕਾਰਾਂ ਤੇ ਕਹਾਣੀਕਾਰਾਂ ਨੇ ਉਚੇਚੇ ਤੌਰ `ਤੇ ਸਮੂਲੀਅਤ ਕੀਤੀ।ਲਾਹੌਰ ਦੀ ਪੰਜਾਬੀ ਅਕਾਡਮੀ ਅਤੇ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਸਾਂਝੇ ਤੌਰ `ਤੇ ਚਲਾਏ ਗਏ ਇਨ੍ਹਾਂ ਈ ਸਮਾਗਮਾਂ ਵਿਚ ਜਿੱਥੇ ਸ੍ਰੀ ਅਣਖੀ ਦੇ ਨਾਵਲਾਂ ਅਤੇ ਕਹਾਣੀਆਂ ਦੀ ਚਰਚਾ ਕੀਤੀ ਗਈ, ਉਥੇ ਹੀ ਵੱਖ ਵੱਖ ਉੱਘੇ ਲੇਖਕਾਂ ਨੇ ਇਸ ਮੰਚ `ਤੇ ਆਪਣੀਆਂ ਰਚਨਾਵਾਂ ਪੜ੍ਹ ਕੇ ਸ੍ਰੀ ਅਣਖੀ ਦੇ ਜਨਮ ਦਿਨ ਨੂੰ ਚਾਰ ਚੰਨ੍ਹ ਲਾਏ।ਸਮਾਗਮ ਵਿਚ ਲਹਿੰਦੇ ਪੰਜਾਬ ਤੋਂ ਕਹਾਣੀਕਾਰ ਜਾਹਿਦ ਹਸਨ, ਡਾ. ਕਰਾਮਤ ਮੁਗਲ, ਢਾਹਾਂ ਪੁਰਸਕਾਰ ਜੇਤੂ ਲੇਖਕ ਮੁਦਾਸਰ ਬਾਸ਼ੀਰ, ਸਾਫੀਆ ਹੈਆਤ, ਕਹਾਣੀਕਾਰ ਅਲੀ ਅਨਵਰ ਅਹਿਮਦ, ਅਲੀ ਜੋਸ਼ਾ, ਕਵਿੱਤਰੀ ਸਾਨੀਆ ਸ਼ੇਖ, ਮਹਿਨਾਜ਼ ਅਤੇ ਚੜ੍ਹਦੇ ਪੰਜਾਬ ਤੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਸ਼ਾਵਾਂ ਦੇ ਚੇਅਰਮੈਨ ਤੇ ਸ੍ਰੀ ਅਣਖੀ ਦੇ ਸਪੁੱਤਰ ਡਾ. ਕਰਾਂਤੀ ਪਾਲ, ਗ਼ਜ਼ਲਗੋ ਬੂਟਾ ਸਿੰਘ ਚੌਹਾਨ, ਡਾ. ਭੁਪਿੰਦਰ ਸਿੰਘ ਬੇਦੀ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਜਸਵੀਰ ਰਾਣਾ, ਦਰਸ਼ਨ ਜੋਗਾ, ਗੀਤਕਾਰ ਮਨਪ੍ਰੀਤ ਟਿਵਾਣਾ, ਗੁਰਪ੍ਰੀਤ ਕੌਰ ਅੰਬਾਲਾ, ਰਜਪ੍ਰੀਤ ਸਿੰਘ, ਗੁੱਲੂ ਅੱਛਣਪੁਰੀਆ ਆਦਿ ਨੇ ਲੜੀਵਾਰ ਸਮੂਲੀਅਤ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬੀ ਅਕਾਡਮੀ ਲਾਹੌਰ ਦੇ ਫਾਊਂਡਰ ਸ੍ਰੀ ਅਜ਼ਮ ਮਲਿਕ ਅਤੇ ਸਾਹਿਤ ਸਭਾ ਧੌਲਾ ਦੇ ਆਨਰੇਰੀ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਪੰਜਾਬ ਹਰ ਸਾਲ ਸ੍ਰੀ ਅਣਖੀ ਦਾ ਜਨਮ ਦਿਨ ਸਾਂਝੇ ਤੌਰ `ਤੇ ਮਨਾਇਆ ਜਾਇਆ ਕਰੇਗਾ।ਉਨ੍ਹਾਂ ਕਿਹਾ ਕਿ ਸਭਾ ਵੱਲੋਂ ਲਾਹੌਰ ਦੀ ਅਕਾਡਮੀ ਨਾਲ ਮਿਲ ਕੇ ਸ੍ਰੀ ਅਣਖੀ ਦੀਆਂ ਕਿਤਾਬਾਂ ਨੂੰ ਸ਼ਾਹਮੁਖੀ ਵਿਚ ਛਾਪ ਰਹੀ ਹੈ।ਜੋ ਪੰਜਾਬੀ ਸਾਹਿਤ ਲਈ ਬਹੁਤ ਮਾਣ ਵਾਲੀ ਗੱਲ ਹੈ।ਦੋਵੇਂ ਸੰਸਥਾ ਵੱਲੋਂ ਸਾਂਝੇ ਤੌਰ `ਤੇ ਰਾਮ ਸਰੂਪ ਅਣਖੀ ਜੀ ਦੇ ਨਾਮ ਹੇਠ ਇੱਕ ਐਵਾਰਡ "ਲਹਿੰਦਾ ਪੰਜਾਬ ਵੀ ਮੇਰਾ" ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਮੌਕੇ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਦੇ ਸੀ ਓ ਗੁਰਪ੍ਰੀਤ ਥਿੰਦ, ਸਭਾ ਦੇ ਸੈਕਟਰੀ ਦੀਪਅਮਨ, ਕੁਲਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।