ਕਮਲ ਸੇਖੋਂ ਦੀ ਗੀਤਾਂ ਦੀ ਪੁਸਤਕ 'ਕੁਝ ਪਲ ਮੇਰੇ ਨਾਂ ਕਰਦੇ' ਪਿਆਰ, ਰੋਮਾਂਸ ਅਤੇ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਪੁਸਤਕ ਵਿਚ 54 ਗੀਤ ਅਤੇ ਕੁਝ ਟੱਪੇ ਹਨ, ਜਿਨ੍ਹਾਂ ਵਿਚ ਇਸ਼ਕ, ਪਿਆਰ, ਮੁਹੱਬਤ, ਰੋਮਾਂਸ ਦੇ ਹਓਕੇ, ਹਾਵੇ ਅਤੇ ਪਿਆਰ ਵਿਚ ਗਲਤਾਨ ਪਿਆਰਿਆਂ ਦੀਆਂ ਸਿਸਕੀਆਂ ਅਤੇ ਉਨ੍ਹਾਂ ਦੀਆਂ ਤੜਪਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਮ ਤੌਰ ਤੇ ਇਸਤਰੀਆਂ ਗੀਤ ਗਾਉਂਦੀਆਂ ਤਾਂ ਹਨ ਪ੍ਰੰਤੂ ਲਿਖਦੀਆਂ ਨਹੀਂ, ਉਹ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦਾ ਰੂਪ ਦੇ ਦਿੰਦੀਆਂ ਹਨ। ਗੀਤ ਲਿਖਣ ਵਿਚ ਮਰਦਾਂ ਦੀ ਅਜਾਰੇਦਾਰੀ ਹੀ ਸਮਝੀ ਜਾਂਦੀ ਹੈ ਪ੍ਰੰਤੂ ਕਮਲ ਸੇਖ਼ੋਂ ਨੇ ਇਸ ਪਾਸੇ ਆਪਣੀ ਕਲਮ ਦਾ ਮੂੰਹ ਮੋੜਕੇ ਇਸਤਰੀਆਂ ਲਈ ਗੀਤ ਲਿਖਣ ਦਾ ਰਾਹ ਖੋਲ੍ਹ ਦਿੱਤਾ ਹੈ ਪ੍ਰੰਤੂ ਉਸਦੇ ਇਹ ਗੀਤ ਕਵਿਤਾਵਾਂ ਵਰਗੇ ਹੀ ਹਨ। ਗੀਤ ਸਾਹਿਤ ਦਾ ਅਜਿਹਾ ਰੂਪ ਹੈ, ਜਿਸ ਵਿਚ ਮਨ ਦੀਆਂ ਭਾਵਨਾਵਾਂ ਨੂੰ ਗੁਣਗੁਣਾਉਂਦਿਆਂ ਸਰੋਦੀ ਢੰਗ ਨਾਲ ਪ੍ਰਗਟਾਇਆ ਜਾ ਸਕਦਾ ਹੈ। ਆਮ ਤੌਰ ਤੇ ਗੀਤ ਲੋਕ ਭਾਵਨਾਵਾਂ ਦਾ ਦੂਜਾ ਰੂਪ ਹੀ ਹੁੰਦੇ ਹਨ। ਕਮਲ ਸੇਖੋਂ ਨੇ ਵੀ ਆਪਣੇ ਗੀਤਾਂ ਵਿਚ ਪੰਜਾਬ ਦੇ ਪਿੰਡਾਂ ਵਿਚ ਜਿਹੜੇ ਹਾਲਾਤ ਨਾਲ ਨੌਜਵਾਨ ਲੜਕੇ ਅਤੇ ਮੁਟਿਆਰਾਂ ਪਿਆਰ ਦੀ ਪੀਂਘ ਪਾਉਣ ਤੋਂ ਬਾਅਦ ਜੂਝਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ, ਕਲਪਨਾਵਾਂ ਅਤੇ ਲਾਲਸਾਵਾਂ ਜੋ ਸੁਪਨੇ ਸਿਰਜਦੀਆਂ ਹਨ, ਉਨ੍ਹਾਂ ਨੂੰ ਗੀਤਾਂ ਦੇ ਰੂਪ ਵਿਚ ਦਰਸਾਇਆ ਹੈ। ਅਲ੍ਹੜ੍ਹ ਨੌਜਵਾਨ ਲੜਕੇ ਅਤੇ ਲੜਕੀਆਂ ਚੜ੍ਹਦੀ ਜਵਾਨੀ ਵਿਚ ਭਾਵਨਾਵਾਂ ਵਿਚ ਵਹਿੰਦੇ ਹੋਏ ਇਸ਼ਕ ਦੀ ਲੋਰ ਦੀ ਘੁੰਮਣਘੇਰੀ ਵਿਚ ਪੈ ਜਾਂਦੇ ਹਨ ਪ੍ਰੰਤੂ ਸਾਡੇ ਸਮਾਜ ਦੇ ਸਮਾਜਿਕ ਬੰਧਨ ਅਤੇ ਪਰੰਪਰਾਵਾਂ ਉਨ੍ਹਾਂ ਦਾ ਰਸਤਾ ਰੋਕ ਕੇ ਖੜ੍ਹ ਜਾਂਦੀਆਂ ਹਨ, ਫਿਰ ਜੋ ਉਨ੍ਹਾਂ ਦੇ ਦਿਲਾਂ ਵਿਚ ਭਾਂਬੜ ਮਚਦੇ ਹਨ, ਲੂਹਰੀਆਂ ਉਠਦੀਆਂ ਹਨ, ਉਨ੍ਹਾਂ ਸਥਿਤੀਆਂ ਨੂੰ ਸ਼ਬਦੀ ਰੂਪ ਦੇ ਕੇ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਦੋ ਪ੍ਰੇਮੀ ਸਮਾਜਿਕ ਬੰਧਨਾ ਕਰਕੇ ਬ੍ਰਿਹਾ ਵਿਚ ਤੜਪਦੇ ਹਨ ਤਾਂ ਕਮਲ ਸੇਖੋਂ ਉਨ੍ਹਾਂ ਬਾਰੇ ਲਿਖਦੀ ਹੈ ਕਿ
ਗੀਤ, ਗ਼ਜ਼ਲ ਜਾਂ ਕਵਿਤਾ ਵਰਗਾ, ਮੇਰਾ ਵੀ ਕੋਈ ਨਾਂ ਧਰਦੇ।
ਤੂੰ ਆਪਣੇ ਕੀਮਤੀ ਪਲਾਂ ਵਿਚੋਂ, ਕੁਝ ਪਲ ਮੇਰੇ ਨਾਂ ਕਰਦੇ।
ਕਮਲ ਸੇਖੋਂ ਦੇ ਗੀਤ ਵੀ ਸਤਰੰਗੀ ਪੀਂਘ ਵਾਂਗ ਬਹੁਰੰਗੀ ਰੰਗਾਂ ਵਿਚ ਰੰਗੇ ਹੋਏ ਹਨ। ਇਸ ਲਈ ਉਸਦੇ ਅਨੇਕਾਂ ਰੰਗ ਵਿਖਰਦੇ ਹਨ। ਕਦੀਂ ਉਹ ਧਰਮ ਦੇ ਠੇਕੇਦਾਰਾਂ, ਨੂੰਹ ਸੱਸ ਦੇ ਤਕਰਾਰ, ਭਰੂਣ ਹੱਤਿਆ, ਦਾਜ ਦਹੇਜ, ਸਾਧਾਰਣਤਾ, ਜਾਤ ਪਾਤ ਅਤੇ ਇਸਤਰੀਆਂ ਦੀ ਗਹਿਣਿਆਂ ਦੀ ਲਾਲਸਾ ਦੇ ਕਸੀਦੇ ਪੜ੍ਹਦੀ ਹੈ। ਕਦੀਂ ਪਿਆਰ ਵਿਚ ਤੜਪਦੇ ਨੌਜਵਾਨਾਂ ਦਾ ਜ਼ਿਕਰ ਕਰਦੀ ਹੈ। ਅਸਲ ਵਿਚ ਸਮਾਜ ਵਿਚ ਜੋ ਵਾਪਰ ਰਿਹਾ ਹੈ ਅਤੇ ਅਣਹੋਣੀਆਂ ਹੋ ਰਹੀਆਂ ਹਨ, ਉਨ੍ਹਾਂ ਦਾ ਪ੍ਰਛਾਵਾਂ ਉਸਦੇ ਗੀਤਾਂ ਵਿਚੋਂ ਉਘੜਕੇ ਸਾਹਮਣੇ ਆਉਂਦਾ ਹੈ। ਇਸ ਦਾ ਭਾਵ ਹੈ ਕਿ ਉਹ ਸਮਾਜਿਕ ਸਰੋਕਾਰਾਂ ਬਾਰੇ ਸੁਚੇਤ ਹੈ। ਕਮਲ ਸੇਖੋਂ ਆਪਣੇ ਗੀਤਾਂ ਵਿਚ ਜਿਹੜੀ ਸ਼ਬਦਾਵਲੀ ਵਰਤਦੀ ਹੈ, ਉਹ ਵੀ ਠੇਠ ਪੰਜਾਬੀ ਘਰਾਂ ਵਿਚ ਬੋਲੀ ਜਾਣ ਵਾਲੀ ਹੁੰਦੀ ਹੈ, ਉਸਦੇ ਗੀਤਾਂ ਵਿਚੋਂ ਪੰਜਾਬੀ ਸਭਿਆਚਾਰ ਦੀ ਝਲਕ ਪੈਂਦੀ ਹੈ। ਮਨੁੱਖਤਾ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਵਾਲਿਆਂ ਧਰਮ ਦੇ ਠੇਕੇਦਾਰਾਂ ਦੀਆਂ ਕਾਰਵਾਈਆਂ ਤੋਂ ਦੁੱਖੀ ਹੋ ਕੇ ਉਹ ਰੱਬ ਨੂੰ ਤਾਅਨੇ ਮਾਰਦੀ ਹੋਈ ਲਿਖਦੀ ਹੈ:
ਆਪਣੇ ਹੀ ਵੈਰੀ ਪੈਦਾ ਕੀਤੇ ਤੂੰ ਜਹਾਨ 'ਤੇ,
ਦੋਵੇਂ ਹੱਥੀਂ ਲੁੱਟੀ ਜਾਂਦੇ ਰੱਬਾ ਤੇਰੇ ਨਾਮ 'ਤੇ
ਦੱਸ ਆਪਣੀ ਹੀ ਇੱਜ਼ਤ ਘਟਾਈ ਕਾਸਤੋਂ।
ਆ ਬਹਿਕੇ ਦੀਵਾ ਪਿਆਰ ਦਾ ਜਗ੍ਹਾ ਲਈਏ,
'ਕੱਠੇ ਹੀ ਈਦ ਤੇ ਦੀਵਾਲੀ ਵੀ ਮਨਾ ਲਈਏ।
ਇਕ ਦਿਨ ਦੇ ਦੇ ਸੱਜਣਾ ਕਮਲ ਨੂੰ ਮਨਾਉਣ ਨੂੰ,
ਬੜਾ ਦਿਲ ਕਰਦਾ ਏ।
ਪਿਆਰ ਵਿਚ ਬਿਰਹਾ ਆਮ ਗੱਲ ਹੈ। ਅਜਿਹੇ ਹਾਲਾਤ ਵਿਚ ਲੜਕੀਆਂ ਆਪਣੀਆਂ ਗ਼ਲਤੀਆਂ ਨੂੰ ਕਰਮਾ ਦੇ ਗਲ ਮੜ੍ਹ ਦਿੰਦੀਆਂ ਹਨ। ਮਰਦ ਦੀ ਗ਼ਲਤੀ ਉਪਰ ਵੀ ਇਸਤਰੀ ਝੂਰਦੀ ਹੈ। ਜਦੋਂ ਕਿ ਉਸਦੀ ਕੋਈ ਗ਼ਲਤੀ ਨਹੀਂ ਹੁੰਦੀ। ਤਾੜੀ ਹਮੇਸ਼ਾ ਦੋਹਾਂ ਹੱਥਾਂ ਨਾਲ ਵਜਦੀ ਹੈ। ਫਿਰ ਮਰਦ ਨੂੰ ਮਨਾਉਣ ਦੇ ਚਕਰ ਵਿਚ ਪੈ ਜਾਂਦੀ ਹੈ। ਇਹੋ ਇਸਤਰੀ ਦੀ ਤ੍ਰਾਸਦੀ ਅਤੇ ਕਮਜ਼ੋਰੀ ਹੈ। ਪ੍ਰੇਮ ਵਿਚ ਅਸਤਫਲਤਾ ਨੂੰ ਆਪਣੀ ਮਾੜੀ ਕਿਸਮਤ ਅਤੇ ਪਰਮਾਤਮਾ ਦੀ ਮਰਜੀ ਸਮਝਕੇ ਸਵੀਕਾਰ ਵੀ ਕਰ ਲੈਂਦੀਆਂ ਹਨ।
ਸੰਸਾਰ ਮੇਰਾ ਤਾਂ ਉਜੜ ਗਿਆ, ਨਾ ਆਇਆ ਮੈਨੂੰ ਹੋਸ਼ ਕੋਈ।
ਇਹ ਖੇਡ ਨੇ ਸਾਰੇ ਕਰਮਾ ਦੇ, ਨਾ ਤੇਰਾ ਇਸ ਵਿਚ ਦੋਸ਼ ਕੋਈ।
ਕਮਲ ਦੇ ਕਸ਼ਟ ਸਾਰੇ ਹਰ ਜਾਵਣ, ਕੋਈ ਇਹੋ ਜਿਹਾ ਉਪਾਅ ਕਰਦੇ।
ਉਹ ਆਪਣੇ ਇਕ ਗੀਤ ਵਿਚ ਲਿਖਦੀ ਹੈ ਕਿ ਲੜਕੀਆਂ ਭਾਵੇਂ ਆਪਣੇ ਸਹੁਰੇ ਘਰ ਆ ਕੇ ਨਵਾਂ ਘਰ ਵਸਾ ਲੈਂਦੀਆਂ ਹਨ ਪ੍ਰੰਤੂ ਉਨ੍ਹਾਂ ਦੇ ਦਿਲਾਂ ਵਿਚ ਹਮੇਸ਼ਾ ਬਾਬਲ ਦੇ ਘਰ ਦੀ ਚੀਸ ਪੈਂਦੀ ਰਹਿੰਦੀ ਹੈ। ਨੂੰਹ ਸੱਸ ਦੇ ਟਕਰਾਓ ਦਾ ਵਾਸਤਾ ਵੀ ਪਾਉਂਦੀ ਹੈ। ਲੜਕੀ ਦੇ ਮਾਪੇ ਭਾਵੇਂ ਸੱਸ ਨੂੰ ਪੂਰਾ ਜ਼ੋਰ ਲਾਕੇ ਦਾਜ ਵਿਚ ਗਹਿਣੇ ਗੱਟੇ ਦੇ ਦਿੰਦੇ ਹਨ ਪ੍ਰੰਤੂ ਸੱਸਾਂ ਨਖ਼ਰੇ ਨਾਲ ਨੱਕ ਬੁਲ੍ਹ ਮਾਰਦੀਆਂ ਰਹਿੰਦੀਆਂ ਹਨ। ਨੂੰਹਾਂ ਤਾਅਨੇ ਮਿਹਣੇ ਸਹਿੰਦੀਆਂ ਹਨ ਤਾਂ ਵੀ ਮਾਪੇ ਸੱਸਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੇ ਹਨ। ਹਰ ਮਾਂ ਜਿਹੜੀ ਆਪਣੀ ਲੜਕੀ ਨੂੰ ਸੱਸਾਂ ਦਾ ਸਤਿਕਾਰ ਕਰਨ ਦੀ ਗੱਲ ਸਮਝਾਉਂਦੀ ਹੈ, ਸੱਸ ਬਣਕੇ ਖ਼ੁਦ ਨੂੰਹ ਦੀ ਨਿਰਾਦਰੀ ਕਰਦੀ ਹੈ। ਦਾਜ ਬਾਰੇ ਕਮਲ ਸੇਖ਼ੋਂ ਲਿਖਦੀ ਹੈ:
ਨਿੱਕੀ ਲਈ ਵਾਲੀਆਂ ਤੇ ਸਹੁਰੇ ਲਈ ਛਾਪ ਸੀ,
ਤੇਰੇ ਵਾਲਾ ਕੜਾ ਵੀ ਲਿਆਇਆ ਬਾਪੂ ਆਪ ਸੀ।
ਸੱਸ ਲਈ ਪਿੱਪਲ ਪੱਤੀਆਂ ਕਰਾਈਆਂ ਸੀ,
ਹਰ ਚੀਜ਼ ਵਲ ਵੇਖੀ ਜਾਂਦੀ ਆ ਉਹ ਰੁੱਸ ਵੇ।
ਇਸਤਰੀ ਹੋਣ ਦੇ ਨਾਤੇ ਕਮਲ ਸੇਖ਼ੋਂ ਨੌਜਵਾਨ ਮੁਟਿਆਰਾਂ ਨੂੰ ਆਪਣੇ ਗੀਤਾਂ ਵਿਚ ਮਸ਼ਵਰੇ ਵੀ ਦਿੰਦੀ ਹੈ ਕਿ ਲੜਕੀਆਂ ਆਪਣੇ ਮਾਂ ਬਾਪ ਤੋਂ ਬਗ਼ਾਬਤ ਕਰਕੇ ਪ੍ਰੇਮ ਵਿਆਹ ਕਰਵਾ ਲੈਂਦੀਆਂ ਹਨ, ਪਿਤਾ ਦੀ ਪੱਗੜੀ ਨੂੰ ਰੋਲਦੀਆਂ ਹਨ, ਉਨ੍ਹਾਂ ਨੂੰ ਆਖ਼ਰ ਪਛਤਾਉਣਾ ਪੈਂਦਾ ਹੈ। ਲੜਕੀਆਂ ਨੂੰ ਅਜਿਹੀਆਂ ਹਰਕਤਾਂ ਤੋਂ ਵਰਜਦੀ ਹੋਈ ਹੀਰ ਦੀ ਉਦਾਹਰਣ ਆਪਣੇ ਗੀਤ ਵਿਚ ਦਿੰਦੀ ਹੈ।
ਮਾਫ਼ ਕਰਿਓ ਵੀਰਿਓ ਓਏ, ਹੋਗੀ ਮੈਥੋਂ ਗ਼ਲਤੀ ਭਾਰੀ,
ਘਰੋਂ ਪੈਰ ਮੈਂ ਪੁੱਟਿਆ ਵੇ, ਮੇਰੀ ਕਮਲੀ ਦੀ ਮੱਤ ਮਾਰੀ।
ਕਲ੍ਹ ਮਿਰਜ਼ਾ ਆਜੂਗਾ, ਮੈਨੂੰ ਲੈਣ ਪਹਿਰ ਦੇ ਤੜ੍ਹਕੇ,
ਪੱਗ ਰੋਲ ਕੇ ਬਾਬਲ ਦੀ, ਕਿਵੇਂ ਬੈਠੂੰ ਬੱਕੀ ਤੇ ਚੜ੍ਹਕੇ।
ਇਹ ਸੋਚ-ਸੋਚਕੇ ਵੇ, ਮੈਂ ਸੁੱਤੀ ਰਾਤ ਨਾ ਸਾਰੀ।
ਲੜਕੀਆਂ ਹਮੇਸ਼ਾ ਪ੍ਰਮਾਤਮਾ ਤੋਂ ਵੀਰ ਦੀ ਮੰਗ ਕਰਦੀਆਂ ਹਨ ਪ੍ਰੰਤੂ ਕਦੀਂ ਕਿਸੇ ਵੀਰ ਨੇ ਭੈਣ ਦੀ ਮੰਗ ਨਹੀਂ ਕੀਤੀ, ਸਗੋਂ ਉਹ ਭਰੂਣ ਹੱਤਿਆ ਕਰਵਾਉਣ ਲਈ ਹਮੇਸ਼ਾ ਮਾਂ ਦੇ ਨਾਲ ਰਲਕੇ ਤਿਆਰ ਰਹਿੰਦੇ ਹਨ। ਉਹ ਅੱਗੋਂ ਇਕ ਗੀਤ ਵਿਚ ਲਿਖਦੀ ਹੈ ਕਿ ਮਾਂ-ਬਾਪ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਪ੍ਰੰਤੂ ਲੜਕੇ ਉਸ ਪਿਓ ਰੂਪੀ ਬਾਪ ਦੀ ਇੱਜ਼ਤ ਨਹੀਂ ਕਰਦੇ ਸਗੋਂ ਬੇਇੱਜ਼ਤੀ ਕਰਦੇ ਹਨ। ਉਹ ਇਹ ਵੀ ਲਿਖਦੀ ਹੈ ਕਿ ਉਹ ਇਸਤਰੀ ਆਪਣੀ ਨੂੰਹ ਦੀ ਇੱਜ਼ਤ ਕਿਵੇਂ ਕਰੇਗੀ ਜਿਹੜੀ ਆਪਣੀ ਧੀ ਨੂੰ ਕੁੱਖ ਵਿਚ ਹੀ ਮਾਰ ਦਿੰਦੀ ਹੈ। ਇਸਤਰੀਆਂ ਅਤੇ ਮਰਦਾਂ ਦੀ ਮਾਨਸਿਕਤਾ ਦੀ ਗਿਰਾਵਟ ਉਪਰ ਆਪਣੇ ਗੀਤਾਂ ਵਿਚ ਕਿੰਤੂ ਪ੍ਰੰਤੂ ਕਰਦੀ ਹੈ। ਆਧੁਨਿਕਤਾ ਦੇ ਦੌਰ ਬਾਰੇ ਲਿਖਦੀ ਹੈ ਇਸਨੇ ਪੰਜਾਬੀਅਤ ਨੂੰ ਠੇਸ ਪਹੁੰਚਾਈ ਹੈ। ਪੁਰਾਤਨ ਪਰੰਪਰਾਵਾਂ ਖ਼ਤਮ ਹੋ ਰਹੀਆਂ ਹਨ। ਉਹ ਆਪਣੇ ਗੀਤਾਂ ਵਿਚ ਮਰਦਾਂ ਦੀਆਂ ਬੇਵਫ਼ਾਈਆਂ, ਇਸਤਰੀਆਂ ਦਾ ਗਹਿਣਿਆਂ ਲਈ ਪਿਆਰ, ਮਰਦਾਂ ਵਿਚ ਸ਼ਰਾਬ ਦੀ ਆਦਤ, ਪਰਵਾਸ ਦਾ ਸੰਤਾਪ, ਬਾਬਿਆਂ ਦੇ ਡੇਰਿਆਂ, ਬਲਾਤਕਾਰ ਅਤੇ ਨਸ਼ਿਆਂ ਦੇ ਪ੍ਰਕੋਪ ਨੂੰ ਵਿਸ਼ਾ ਬਣਾਉਂਦੀ ਹੈ। ਇੱਕ ਗੀਤ ਵਿਚ ਹੀ ਉਸਨੇ ਅਨੇਕਾਂ ਵਿਸ਼ਆਂ ਤੇ ਵਿਅੰਗ ਕੀਤਾ ਹੈ:
ਰੱਬਾ ਕੀ ਕਰੀਏ? ਚੋਲਾ ਪਾ ਕੇ, ਭੇਸ ਵਟਾਕੇ, ਬਾਬਾ ਬਣਿਆਂ ਫਿਰਦਾ।
ਨਾਲ ਫਿਰੇ ਸਰਕਾਰ ਰਲੀ, ਰੱਬਾ ਕੀ ਕਰੀਏ।
ਲੁੱਟਾਂ ਖੋਹਾਂ, ਬਲਾਤਕਾਰ ਦੀਆਂ ਖ਼ਬਰਾਂ ਨਾਲ, ਰੋਜ਼ ਭਰੀ ਰਹਿੰਦੀ ਅਖ਼ਬਾਰ।
ਪੁੱਤਾਂ ਲਈ ਝੋਲੀਆਂ ਅੱਡਣ, ਸੁਖਾਂ ਮੰਗਣ ਮਾਪੇ ਧੀਆਂ ਨੂੰ ਸਮਝਣ ਭਾਰ।
ਖ਼ੂਨ ਦੇ ਰਿਸ਼ਤੇ ਖ਼ੂਨ ਦੇ ਪਿਆਸੇ ਫਿਰਦੇ ਨੇ, ਰਿਹਾ ਭਾਈ ਨੂੰ ਭਾਈ ਮਾਰ।
ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸਕੇ, ਵੇਚੀ ਜਾਣ ਜ਼ਮੀਨਾਂ ਤੇ ਘਰ ਬਾਰ।
ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਨੇ, ਕੁੜੀਆਂ ਮੁੰਡੇ ਤੁਰੀ ਜਾਂਦੇ ਨੇ ਬਾਹਰ।
ਪੈਸਾ ਵੇਖ ਕੇ ਦਿਲ ਲਗਾਏ ਜਾਂਦੇ ਨੇ, ਪਿਆਰ ਨੂੰ ਸਮਝਣ ਲੋਕ ਵਪਾਰ।
ਰੱਬਾ ਕੀ ਕਰੀਏ।
ਰੋਮਾਂਸ ਦੀ ਗੱਲ ਕਰਦੀ ਕਮਲ ਸੇਖ਼ੋਂ ਲਿਖਦੀ ਹੈ:
ਦਿਨ ਕੱਟਦੀ ਹਾਂ ਤੇਰੀਆਂ ਉਡੀਕਾਂ ਵਿਚ ਵੇ,
ਤੈਨੂੰ ਲੱਭਦੀ ਹਾਂ ਹੱਥਾਂ ਦੀਆਂ ਲੀਕਾਂ ਵਿਚ ਵੇ।
ਕਿਥੇ ਖੋਅ ਗਿਉਂ ਮੇਰੀ ਤਕਦੀਰ ਬਣਕੇ,
ਤੈਨੂੰ ਲੱਭਦੀ ਫਿਰਾਂ ਮੈਂ ਚੰਨਾਂ ਹੀਰ ਬਣਕੇ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕਮਲ ਸੇਖ਼ੋਂ ਭਾਵੇਂ ਪਿਆਰ ਅਤੇ ਇਸ਼ਕ ਦੀਆਂ ਬਾਤਾਂ ਵੀ ਪਾਉਂਦੀ ਹੈ ਪ੍ਰੰਤੂ ਉਸਦੇ ਗੀਤਾਂ ਵਿਚ ਮੁੱਖ ਤੌਰ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਗਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com