ਲੁਧਿਆਣਾ, 25 ਜਨਵਰੀ 2020 - ਉੱਘੇ ਲੋਕ ਗਾਇਕ ਤੇ ਸੰਗਰੂਰ ਜ਼ਿਲ੍ਹੇ ਚ ਉੱਘੇ ਦੇਸ਼ ਭਗਤ ਤੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਪਿੰਡ ਜਖੇਪਲ ਵਿਖੇ ਕਾਮਰੇਡ ਪ੍ਰਤਾਪ ਸਿੰਘ ਬਾਗ਼ੀ ਦੀ ਯਾਦ ਚ ਵਿਸ਼ਾਲ ਲਾਇਬਰੇਰੀ ਸਥਾਪਤ ਕਰਨ ਵਾਲੇ ਪਰਮਜੀਤ ਸਿੰਘ ਸਿੱਧੀ ਉਰਫ਼ ਪੰਮੀ ਬਾਈ ਨੇ ਕਿਹਾ ਹੈ ਕਿ ਹਰ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਣ ਵਿੱਚ ਕਿਤਾਬਾਂ ਤੋਂ ਵੱਡਾ ਕੋਈ ਸਾਥੀ ਨਹੀਂ ਹੈ। ਇਹ ਸੰਦੇਸ਼ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਪੂਰੇ ਵਿਸ਼ਵ ਚ ਇਹ ਕਹਿ ਕੇ ਪ੍ਰਚਾਰਿਆ ਪਰਸਾਰਿਤ ਕਿ ਸ਼ਬਦ ਤੋਂ ਵੱਡਾ ਹੋਰ ਕੋਈ ਨਹੀਂ ਹੈ। ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਕਹਿ ਕੇ ਸਾਨੂੰ ਸ਼ਬਦ ਦੇ ਲੜ ਲਾਇਆ।
ਉਨ੍ਹਾਂ ਕਿਹਾ ਕਿ ਕਿਤਾਬਾਂ ਤੋਂ ਦੂਰੀ ਕਾਰਨ ਹੀ ਪੰਜਾਬ ਭਟਕ ਗਿਆ ਹੈ। ਜਵਾਨੀ ਕੁਰਾਹੇ ਪੈ ਗਈ ਹੈ, ਇਸ ਨੂੰ ਸਹੀ ਮਾਰਗ ਤੇ ਲਿਆਉਣ ਲਈ ਪੂਰੇ ਪੰਜਾਬ ਚ ਲਾਇਬਰੇਰੀ ਮੁਹਿੰਮ ਚਲਾਉਣ ਲਈ ਸਰਕਾਰ, ਪਰਿਵਾਰ ਤੇ ਸਭਿਆਚਾਰਕ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕਾਮਰੇਡ ਪ੍ਰਤਾਪ ਸਿੰਘ ਬਾਗੀ ਲਾਇਬਰੇਰੀ ਜਖੇਪਲ(ਸੰਗਰੂਰ )ਲਈ ਹੁਣ ਤੀਕ ਲਗਪਗ ਪੰਜ ਸੌ ਕਿਤਾਬਾਂ ਪ੍ਰਾਪਤ ਕੀਤੀਆਂ ਜਾ ਚੁਕੀਆਂ ਹਨ, ਜਿਸ ਲਈ ਉਹ ਇਸ ਦੇ ਚੇਅਰਮੈਨ ਤੇ ਮੇਰੇ ਵੱਡੇ ਵੀਰ ਪ੍ਰੋ: ਗੁਰਭਜਨ ਗਿੱਲ ਦਾ ਪਿਆਰ ਲੈਣ ਤੇ ਹੋਰ ਪੁਸਤਕਾਂ ਪ੍ਰਾਪਤ ਕਰਨ ਆਏ ਸਨ।
ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਉਹ ਘਰ ਆਏ ਹਰ ਮਹਿਮਾਨ ਨੂੰ ਪੁਸਤਕਾਂ ਤੋਹਫ਼ੇ ਵਜੋਂ ਦੇ ਕੇ ਤੋਰਦੇ ਹਨ ਅਤੇ ਅੱਜ ਵੀ ਉਨ੍ਹਾਂ ਆਪਣੀਆਂ ਕਿਤਾਬਾਂ ਤੋਂ ਇਲਾਵਾ ਕੁਝ ਕਿਤਾਬਾਂ ਲਾਇਬਰੇਰੀ ਲਈ ਭੇਂਟ ਕੀਤੀਆਂ ਹਨ। ਇਸ ਮੌਕੇ ਸ. ਪਿਰਥੀਪਾਲ ਸਿੰਘ ਹੇਅਰ ਨੇ ਦੱਸਿਆ ਕਿ ਉਹ ਅਪਣੇ ਪਿੰਡ ਕੋਟਲਾ ਸ਼ਾਹੀਆ(ਗੁਰਦਾਸਪੁਰ)ਵਿੱਚ ਹੋਣ ਵਾਲੀਆਂ ਕਮਲਜੀਤ ਖੇਡਾਂ ਵਿੱਚ ਖਿਡਾਰੀਆਂ ਨੂੰ ਹਰ ਸਾਲ ਲਗਪਗ ਡੇਢ ਲੱਖ ਰੁਪਏ ਦੀਆਂ ਕਿਤਾਬਾਂ ਇਨਾਮਾਂ ਦੇ ਨਾਲ ਪਿਛਲੇ ਦੱਸ ਸਾਲ ਤੋਂ ਵੰਡਦੇ ਹਨ ਤਾਂ ਜੋ ਪੁਸਤਕ ਸਭਿਆਚਾਰ ਉੱਸਰ ਸਕੇ।