ਲੁਧਿਆਣਾ 5 ਦਸੰਬਰ 2018 - ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਭਾਰਤੀ ਸਾਹਿੱਤ ਅਕਾਡਮੀ ਵੱਲੋਂ ਉਨ੍ਹਾਂ ਦੇ ਅੰਬਰਸਰੀਏ ਗਿਰਾਈਂ ਡਾ: ਮੋਹਨਜੀਤ ਨੂੰ ਸਾਲ 2018 ਦਾ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਣਾ ਸਾਡੇ ਲਈ ਸੱਚ ਮੁੱਚ ਮਾਣ ਵਾਲੀ ਗੱਲ ਹੈ।
ਇਸ ਪੁਰਸਕਾਰ ਦੀ ਚਾਰ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪੰਜਾਬੀ ਵਿਦਵਾਨ ਡਾ: ਐੱਸ ਪੀ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਕੱਤਰ ਡਾ: ਗੁਰਇਕਬਾਲ ਸਿੰਘ,ਡਾ: ਜਗਵਿੰਦਰ ਜੋਧਾ ਤੇ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਸ਼ਮਸ਼ੇਰ ਸਿੰਘ ਸੰਧੂ, ਪਾਲੀ ਖਾਦਿਮ,ਕਰਮਜੀਤ ਗਰੇਵਾਲ, ਕਮਲਜੀਤ ਨੀਲੋਂ, ਸੁਖਜੀਤ ਮਾਛੀਵਾੜਾ ਤੇ ਗੁਰਚਰਨ ਕੌਰ ਕੋਚਰ ਨੇ ਡਾ: ਮੋਹਨਜੀਤ ਨੂੰ ਪੁਰਸਕਾਰ ਮਿਲਣ ਤੇ ਮੁਬਾਰਕਬਾਦ ਦਿੱਤੀ ਹੈ।
ਆਪਣਾ ਕਾਵਿ ਸਫ਼ਰ ਸਹਿਕਦਾ ਸ਼ਹਿਰ ਤੋਂ ਸ਼ੁਰੂ ਕਰਨ ਵਾਲੇ ਇਸ ਸ਼ਾਇਰ ਨੇ ਪਿਛਲੇ 50 ਸਾਲਾਂ ਚ ਲਗਪਗ ਵੀਹ ਤੋਂ ਵੱਧ ਕਵੀਆਂ ਨੂੰ ਆਪਣੀ ਕਾਵਿ ਸ਼ੈਲੀ ਨਾਲ ਪ੍ਰਭਾਵਤ ਕੀਤਾ ਹੈ।
ਕਵਿਤਾ ਵਿੱਚ ਰੇਖਾ ਚਿਤਰ ਲਿਖਣ ਚ ਪਹਿਲ ਕਰਨ ਵਾਲੇ ਮੋਹਨਜੀਤ ਦਾ ਪਹਿਲਾ ਰੇਖਾ ਚਿਤਰ ਸੰਗ੍ਰਹਿ ਤੁਰਦੇ ਫਿਰਦੇ ਮਸਖ਼ਰੇ 1976 ਚ ਛਪਿਆ ਸੀ।
ਮੋਹਨਜੀਤ ਨੇ ਸਕੂਲ ਅਧਿਆਪਕ ਤੋਂ ਆਪਣਾ ਸਫ਼ਰ ਆਰੰਭ ਕਰਕੇ ਯੂਨੀਵਰਸਿਟੀ ਪ੍ਰੋਫੈਸਰ ਤੀਕ ਅਧਿਆਪਨ ਕੀਤਾ। ਇਥੋਂ ਆਪ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਬਾਦ ਚ ਦਿੱਲੀ ਯੂਨੀਵਰਸਿਟੀ ਚਲੇ ਗਏ।
ਉਨ੍ਹਾਂ ਦੀ ਸੰਪਾਦਿਤ ਪੁਸਤਕ ਆਰੰਭ ਨੇ ਸਤਵੇਂ ਦਹਾਕੇ ਦੇ ਪਹਿਲੇ ਅੱਧ ਵਿੱਚ ਬਹੁਤ ਸ਼ਾਇਰਾਂ ਨੂੰ ਪਛਾਣ ਦਿਵਾਈ।
ਚਰਚਾ ਮੈਗਜ਼ੀਨ ਦੀ ਸੰਪਾਦਨਾ ਵੀ ਵੱਡੇ ਵੀਰ ਰਤਨ ਸਿੰਘ ਬਾਗੀ ਦੀ ਸਰਪ੍ਰਸਤੀ ਹੇਠ ਕੀਤੀ।
ਅੰਮ੍ਰਿਤਸਰ ਚ ਕਦੇ ਚਾਰ ਸ਼ਾਇਰ ਦੋਸਤਾਂ ਮੋਹਨਜੀਤ, ਵਰਿਆਮ ਅਸਰ, ਨਿਰਮਲ ਅਰਪਨ ਤੇ ਪ੍ਰਮਿੰਦਰਜੀਤ ਦੀ ਮਿਸਾਲੀ ਦੋਸਤੀ ਪੂਰੇ ਅਦਬੀ ਮੰਡਲ ਚ ਪ੍ਰਚੱਲਤ ਸੀ।
ਮੋਹਨਜੀਤ ਕੁਝ ਸਮਾਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਚ ਵੀ ਪ੍ਰੋ: ਮੋਹਨ ਸਿੰਘ ਦੀ ਅਗਵਾਈ ਹੇਠ ਸੁਰਜੀਤ ਪਾਤਰ ਦੇ ਨਾਲ ਹੀ ਰੀਸਰਚ ਫੈਲੋ ਰਹੇ।
ਇਸੇ ਵੇਲੇ ਹੀ ਉਨ੍ਹਾਂ ਅੰਮ੍ਰਿਤ ਲਾਲ ਨਾਗਰ ਦਾ ਨਾਵਲ ਬੂੰਦ ਤੇ ਸਮੁੰਦਰ ਪੰਜਾਬੀ ਚ ਅਨੁਵਾਦ ਕੀਤਾ।
ਵਰਵਰੀਕ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਲੁਧਿਆਣਾ ਵਾਸ ਦੀ ਸਿਰਜਣਾ ਹਨ।
ਮੋਹਨਜੀਤ ਨੂੰ ਮੁਬਾਰਕ ਦਿੱਤੀ ਤਾਂ ਉਸ ਦੱਸਿਆ ਕਿ ਕੋਣੇ ਦਾ ਸੂਰਜ ਕਾਵਿ ਸੰਗ੍ਰਹਿ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ ਛਾਪਿਆ ਹੈ। ਦੋ ਹਿੱਸਿਆਂ ਚ ਲਿਖੀ ਇੱਕ ਲੰਮੀ ਕਵਿਤਾ ਦੀ ਇਹ ਕਿਤਾਬ ਕੋਨਾਰਕ ਮੰਦਰ ਦੇ ਕਾਮਿਆਂ ਤੇ ਆਧਾਰਿਤ ਹੈ।
ਵਰਨਣ ਯੋਗ ਇਹ ਹੈ ਕਿ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਪ੍ਰੋ: ਕਿਸ਼ਨ ਸਿੰਘ ,ਦੇਵਿੰਦਰ ਸਤਿਆਰਥੀ ,ਲਾਲ ਸਿੰਘ ਦਿਲ,ਪਾਸ਼ ਤੇ ਸੰਤ ਰਾਮ ਉਦਾਸੀ ਵਰਗੇ ਪ੍ਰਮੁੱਖ ਲੇਖਕਾਂ ਨੂੰ ਇਹ ਪੁਰਸਕਾਰ ਨਹੀਂ ਦਿੱਤਾ ਗਿਆ।
ਭਾਰਤੀ ਸਾਹਿੱਤ ਅਕਾਡਮੀ ਦੇ ਹੁਣ ਤੀਕ ਮਿਲੇ ਪੰਜਾਬੀ ਪੁਰਸਕਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ।
2017-ਨਛੱਤਰ - ਸਲੋਅ ਡਾਊਨ (ਨਾਵਲ)
2016-ਡਾ ਸਵਰਾਜਬੀਰ- ਮੱਸਿਆ ਦੀ ਰਾਤ ( ਨਾਟਕ )
2015-ਡਾ ਜਸਵਿੰਦਰ ਸਿੰਘ- ਮਾਤ ਲੋਕ ( ਨਾਵਲ )
2014-ਜਸਵਿੰਦਰ- ਅਗਰਬੱਤੀ ( ਕਵਿਤਾ )
2013-ਮਨਮੋਹਨ- ਨਿਰਵਾਣ ( ਨਾਵਲ )
2012-ਦਰਸ਼ਨ ਬੁੱਟਰ- ਮਹਾਂ ਕੰਬਣੀ ( ਕਵਿਤਾ )
2011-ਬਲਦੇਵ ਸਿੰਘ- ਢਾਹਵਾਂ ਦਿੱਲੀ ਦੇ ਕਿੰਗਰੇ ( ਨਾਵਲ )
2010-ਡਾ ਵਨੀਤਾ-ਕਾਲ ਪਹਿਰ ਘੜੀਆਂ ( ਕਵਿਤਾ )
2009-ਡਾ ਆਤਮਜੀਤ- ਤੱਤੀ ਤਵੀ ਦਾ ਸੱਚ ( ਨਾਟਕ )
2008-ਮਿੱਤਰ ਸੈਨ ਮੀਤ- ਸੁਧਾਰ ਘਰ ( ਨਾਵਲ )
2007-ਜਸਵੰਤ ਦੀਦ- ਕਮੰਡਲ ( ਕਵਿਤਾ )
2006-ਅਜਮੇਰ ਔਲਖ-ਇਸ਼ਕ ਬਾਝ ਨਮਾਜ ਦਾ ਹੱਜ ਨਾਹੀਂ
2005-ਗੁਰਬਚਨ ਸਿੰਘ ਭੁੱਲਰ-ਅਗਨੀ ਕਲਸ਼ ( ਕਹਾਣੀ )
2004-ਸਤਿੰਦਰ ਸਿੰਘ ਨੂਰ-ਕਵਿਤਾ ਦੀ ਭੂਮਿਕਾ (ਅਲੋਚਨਾ)
2003-ਚਰਨ ਦਾਸ ਸਿੱਧੂ- ਭਗਤ ਸਿੰਘ ਸ਼ਹੀਦ ( ਨਾਟਕ )
2002-ਹਰਭਜਨ ਹਲਵਾਰਵੀ- ਪੁਲਾਂ ਤੋਂ ਪਾਰ ( ਕਵਿਤਾ )
2001-ਦੇਵ........ਸ਼ਬਦਾਂਤ ( ਕਵਿਤਾ )
2000-ਵਰਿਆਮ ਸੰਧੂ- ਚੌਥੀ ਕੂਟ ( ਕਹਾਣੀ )
1999-ਨਿਰੰਜਣ ਤਸਨੀਮ- ਗਵਾਚੇ ਅਰਥ ( ਨਾਵਲ )
1998-ਮੋਹਣ ਭੰਡਾਰੀ- ਮੂਨ ਦੀ ਅੱਖ ( ਕਹਾਣੀ )
1997-ਜਸਵੰਤ ਸਿੰਘ ਕੰਵਲ- ਤੌਸ਼ਾਲੀ ਦੀ ਹੰਸੋ ( ਨਾਵਲ )
1996-ਸੰਤੋਖ ਸਿੰਘ ਧੀਰ- ਪੱਖੀ ( ਕਹਾਣੀ )
1995-ਡਾ ਜਗਤਾਰ- ਜੁਗਨੂੰ ਦੀਵਾ ਤੇ ਦਰਿਆ ( ਕਵਿਤਾ )
1994-ਮਹਿੰਦਰ ਸਿੰਘਸਰਨਾ-ਨਵੇਂ ਯੁੱਗ ਦੇ ਵਾਰਸ (ਕਹਾਣੀ)
1993-ਸੁਰਜੀਤ ਪਾਤਰ- ਹਨੇਰੇ ਵਿੱਚ ਸੁਲਗਦੀ ਵਰਣਮਾਲਾ
1992-ਪ੍ਰੇਮ ਪਰਕਾਸ਼- ਕੁੱਝ ਅਣਕਿਹਾ ਵੀ ( ਕਹਾਣੀ )
1991-ਹਰਿੰਦਰ ਸਿੰਘ ਮਹਿਬੂਬ- ਝਨਾਂ ਦੀ ਰਾਤ ( ਕਵਿਤਾ )
1990-ਮਨਜੀਤ ਟਿਵਾਣਾ- ਉਣੀਂਦਾ ਵਰਤਮਾਨ ( ਕਵਿਤਾ )
1989-ਤਾਰਾ ਸਿੰਘ ਕਾਮਲ- ਕਹਿਕਸ਼ਾਂ ( ਕਵਿਤਾ )
1988-ਸੋਹਿੰਦਰ ਸਿੰਘ ਵਣਜਾਰਾ ਬੇਦੀ- ਗਲੀਏਂ ਚਿੱਕੜ ਦੂਰ ਘਰ ( ਸਵੈਜੀਵਨੀ )
1987-ਰਾਮ ਸਰੂਪ ਅਣਖੀ- ਕੋਠੇ ਖੜਕ ਸਿੰਘ ( ਨਾਵਲ )
1986-ਪ੍ਰਿੰਸੀਪਲ ਸੁਜਾਨ ਸਿੰਘ- ਸ਼ਹਿਰ ਤੇ ਗਰਾਂ ( ਕਹਾਣੀ )
1985-ਅਜੀਤ ਕੌਰ- ਖਾਨਾਬਦੋਸ਼ ( ਸਵੈ ਜੀਵਨੀ )
1984-ਕਪੂਰ ਸਿੰਘ ਘੁੰਮਣ- ਪਾਗਲ ਲੋਕ ( ਨਾਟਕ )
1983-ਪ੍ਰੀਤਮ ਸਿੰਘ ਸਫੀਰ- ਅਨਿਕ ਬਿਸਥਾਰ ( ਕਵਿਤਾ )
1982-ਗੁਲਜਾਰ ਸਿੰਘ ਸੰਧੂ- ਅਮਰ ਕਥਾ ( ਕਹਾਣੀ )
1981-ਵਿਸ਼ਵਾਨਾਥ ਤਿਵਾੜੀ- ਗੈਰਾਜ ਤੋਂ ਫੁੱਟਪਾਥ ਤੀਕ ( ਕਵਿਤਾ )
1980-ਸੁਖਪਾਲਵੀਰ ਸਿੰਘ ਹਸਰਤ- ਸੂਰਜ ਤੇ ਕਹਿਕਸ਼ਾਂ ( ਕਵਿਤਾ )
1979-ਜਸਵੰਤ ਸਿੰਘ ਨੇਕੀ- ਕਰੁਣਾ ਦੀ ਛੋਹ ਤੋਂ ਮਗਰੋਂ ( ਕਵਿਤਾ )
1978-ਗੁਰਮੁਖ ਸਿੰਘ ਮੁਸਾਫਿਰ- ਉਰਵਾਰ-ਪਾਰ ( ਕਹਾਣੀ )
1977-ਸੋਹਣ ਸਿੰਘ ਮੀਸ਼ਾ- ਕੱਚ ਦੇ ਵਸਤਰ ( ਕਵਿਤਾ )
1976-ਨਰਿੰਦਰਪਾਲ ਸਿੰਘ- ਬਾ-ਮੁਲਾਹਜਾ ਹੋਸ਼ਿਆਰ
1975-ਗੁਰਦਿਆਲ ਸਿੰਘ- ਅੱਧ ਚਾਨਣੀ ਰਾਤ ( ਨਾਵਲ )
1974-ਸੋਹਣ ਸਿੰਘ ਸੀਤਲ- ਜੁੱਗ ਬਦਲ ਗਿਆ ( ਨਾਵਲ )
1973-ਹਰਚਰਨ ਸਿੰਘ- ਕੱਲ ਅੱਜ ਤੇ ਭਲਕ ( ਨਾਟਕ )
1972-ਸੰਤ ਸਿੰਘ ਸੇਖੋਂ- ਮਿੱਤਰ ਪਿਆਰਾ ( ਨਾਟਕ )
1971-ਦਲੀਪ ਕੌਰ ਟਿਵਾਣਾ-ਇਹੋ ਹਮਾਰਾ ਜੀਵਣਾ (ਨਾਵਲ)
1970- ਐਵਾਰਡ ਨਹੀਂ ਦਿੱਤੇ ਗਏ !
1969-ਡਾ ਹਰਭਜਨ ਸਿੰਘ- ਨਾਂ ਧੁੱਪੇ ਨਾਂ ਛਾਂਵੇਂ ( ਕਵਿਤਾ )
1968-ਕੁਲਵੰਤ ਸਿੰਘ ਵਿਰਕ- ਨਵੇਂ ਲੋਕ ( ਕਹਾਣੀ )
1967-ਸ਼ਿਵ ਬਟਾਲਵੀ- ਲੂਣਾ ( ਕਾਵਿ ਨਾਟਕ )
1966- ਐਵਾਰਡ ਨਹੀਂ ਦਿੱਤੇ ਗਏ !
1965-ਕਰਤਾਰ ਸਿੰਘ ਦੁੱਗਲ- ਇੱਕ ਛਿੱਟ ਚਾਨਣ ਦੀ ( ਕਹਾਣੀ )
1964-ਪ੍ਰਭਜੋਤ ਕੌਰ-ਪੱਬੀ ( ਕਵਿਤਾ )
1963- ਐਵਾਰਡ ਨਹੀਂ ਦਿੱਤੇ ਗਏ !
1962-ਗਾਰਗੀ-ਰੰਗਮੰਚ- ਭਾਰਤੀ ਥਿਏਟਰ ਦਾ ਇਤਿਹਾਸ ਅਤੇ ਵਿਕਾਸ-ਨਾਟਕ ( ਆਲੋਚਨਾ )
1961-ਨਾਨਕ ਸਿੰਘ- ਇੱਕ ਮਿਆਨ ਦੋ ਤਲਵਾਰਾਂ ( ਨਾਵਲ )
1960- ਐਵਾਰਡ ਨਹੀਂ ਦਿੱਤੇ ਗਏ !
1959-ਮੋਹਣ ਸਿੰਘ- ਵੱਡਾ ਵੇਲਾ ( ਕਵਿਤਾ )
1958- ਐਵਾਰਡ ਨਹੀਂ ਦਿੱਤੇ ਗਏ !
1957- ਐਵਾਰਡ ਨਹੀਂ ਦਿੱਤੇ ਗਏ !
1956-ਅੰਮ੍ਰਿਤਾ ਪ੍ਰੀਤਮ- ਸੁਨੇਹੜੇ ( ਕਵਿਤਾ )
1955-ਭਾਈ ਵੀਰ ਸਿੰਘ- ਮੇਰੇ ਸਾਈਆਂ ਜੀਓ ( ਕਵਿਤਾ )