ਚੰਡੀਗੜ੍ਹ 09 ਜੂਨ 2019: ਹੁਣ ਤੱਕ ਸਾਹਿਤ ਦੀ ਝੋਲੀ ਵਿਚ 11 ਕਿਤਾਬਾਂ ਤੇ ਦੋ ਡਾਕੂਮੈਂਟਰੀ ਫ਼ਿਲਮਾਂ ਪਾ ਚੁੱਕੇ ਡਾ. ਮਨਜੀਤ ਸਿੰਘ ਬੱਲ ਦੀ ਨਵੀਂ ਵਾਰਤਕ ਪੁਸਤਕ 'ਕੁਦਰਤ ਦੀ ਕਾਇਨਾਤ' ਦਾ ਲੋਕ ਅਰਪਣ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਟਿਆਲਾ ਤੋਂ ਪਧਾਰੇ ਪ੍ਰੋ. ਸੁਭਾਸ਼ ਸ਼ਰਮਾ ਨੇ ਮਨਜੀਤ ਬੱਲ ਦੀਆਂ ਲਿਖਤਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਹ ਲਿਖਦਾ ਵਾਰਤਕ ਹੈ ਪਰ ਉਸ ਦੀ ਵਾਰਤਕ ਅੰਦਰ ਹੀ ਸਭ ਵਿਧਾਵਾਂ ਦਾ ਸਾਂਝਾ ਪੈਕੇਜ ਮੌਜੂਦ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪੁਸਤਕ ਰਿਲੀਜ਼ ਸਮਾਗਮ ਦੌਰਾਨ ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਲੰਘੇ ਦਿਨੀਂ ਕਰਵਾਏ ਗਏ ਨਾਟਕ 'ਚੱਲ ਅੰਮ੍ਰਿਤਸਰ ਲੰਡਨ ਚੱਲੀਏ' 'ਤੇ ਵਿਸ਼ੇਸ਼ ਵਿਚਾਰ ਚਰਚਾ ਵੀ ਆਯੋਜਿਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਵਿਚ ਜਿੱਥੇ ਸਾਰੇ ਮਹਿਮਾਨਾਂ ਦਾ ਸਵਾਗਤ ਸਭਾ ਵੱਲੋਂ ਫੁੱਲਾਂ ਨਾਲ ਕੀਤਾ ਗਿਆ, ਉਥੇ ਹੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਵੀ ਪ੍ਰਧਾਨਗੀ ਮੰਡਲ ਅਤੇ ਸਮੁੱਚੇ ਮਹਿਮਾਨਾਂ ਦਾ ਸਵਾਗਤ ਸ਼ਬਦਾਂ ਨਾਲ ਵੀ ਕੀਤਾ। ਇਸ ਉਪਰੰਤ ਡਾ. ਮਨਜੀਤ ਬੱਲ ਦੀ ਕਿਤਾਬ 'ਕੁਦਰਤ ਦੀ ਕਾਇਨਾਤ' ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਉਘੇ ਸਾਹਿਤਕਾਰ ਪ੍ਰੇਮ ਗੋਰਖੀ ਤੇ ਡਾ. ਲਾਭ ਸਿੰਘ ਖੀਵਾ ਮੌਜੂਦ ਸਨ। ਮੰਚ ਤੋਂ ਆਪਣੀ ਗੱਲ ਰੱਖਦਿਆਂ ਪ੍ਰੇਮ ਗੋਰਖੀ ਨੇ ਆਖਿਆ ਕਿ ਇਹ ਕਿਤਾਬ ਸਾਨੂੰ ਸਮੁੱਚੀ ਕਾਇਨਾਤ ਨਾਲ ਜਿੱਥੇ ਜੋੜਦੀ ਹੈ, ਉਥੇ ਮਨਜੀਤ ਬੱਲ ਦੀਆਂ ਲਿਖਤਾਂ ਪੜ੍ਹਨ ਲਈ ਵੀ ਪ੍ਰੇਰਦੀ ਹੈ। ਇਸੇ ਤਰ੍ਹਾਂ ਕਿਤਾਬ 'ਤੇ ਪਰਚਾ ਪੜ੍ਹਦਿਆਂ ਡਾ. ਪ੍ਰਭਜੋਤ ਕੌਰ ਢਿੱਲੋਂ ਨੇ ਆਖਿਆ ਕਿ ਲੇਖਕ ਆਪਣੇ ਸਫ਼ਰ ਨੂੰ ਜਿੱਥੇ ਲਿਖਤੀ ਰੂਪ ਦੇ ਕੇ ਯਾਦਗਾਰੀ ਬਣਾ ਰਿਹਾ ਹੈ, ਉਥੇ ਪਾਠਕਾਂ ਨੂੰ ਕਿਤਾਬ ਦੇ ਰੂਪ ਵਿਚ ਇਕ ਸੇਧਦਾਇਕ ਤੇ ਤੰਦਰੁਸਤ ਸਾਹਿਤਕ ਤੋਹਫ਼ਾ ਵੀ ਦੇ ਰਿਹਾ ਹੈ।
ਕਿਤਾਬ ਦੇ ਲੇਖਕ ਡਾ. ਮਨਜੀਤ ਸਿੰਘ ਬੱਲ ਨੇ ਆਪਣੀਆਂ ਲਿਖਤਾਂ ਦੀ ਗੱਲ ਮੰਚ ਤੋਂ ਸਾਂਝੀ ਕਰਦਿਆਂ ਆਖਿਆ ਕਿ ਲਿਖਦਾ ਮੈਂ ਹਾਂ ਪਰ ਉਸ ਵਿਚ ਸੁਧਾਰ ਮੇਰੀ ਧਰਮ ਪਤਨੀ ਕਰਦੀ ਹੈ। ਉਨ੍ਹਾਂ ਆਪਣੇ ਘੁੰਮਣ-ਫਿਰਨ ਦੀ ਆਦਤ ਨੂੰ ਇਕ ਵਰਦਾਨ ਮੰਨਦਿਆਂ ਕਿਹਾ ਕਿ ਇਸ ਚਲੋ-ਚਲ ਸਦਕਾ ਹੀ ਮੈਂ ਹੁਣ ਤੱਕ 12 ਕਿਤਾਬਾਂ ਲਿਖ ਸਕਿਆ ਹਾਂ, ਡਾ. ਬੱਲ ਨੇ ਜਿੱਥੇ ਆਪਣੀ ਇਸ ਨਵੀਂ ਕਿਤਾਬ 'ਚੋਂ ਕੁਝ ਵਾਰਤਕ ਦੇ ਕਿੱਸੇ ਵੀ ਛੂਹੇ, ਉਥੇ ਪੂਰੇ ਸਮਾਗਮ ਦੌਰਾਨ ਉਨ੍ਹਾਂ ਦਾ ਨਾਸਿਕ ਵਾਲਾ ਕਿੱਸਾ 'ਮੀਂ ਟੂ' ਛਾਇਆ ਰਿਹਾ।
ਇਸ ਪੁਸਤਕ ਰਿਲੀਜ਼ ਸੈਸ਼ਨ ਤੋਂ ਬਾਅਦ ਨਾਟਕ 'ਤੇ ਚਰਚਾ ਸ਼ੁਰੂ ਕਰਦਿਆਂ ਬਲਕਾਰ ਸਿੱਧੂ ਹੁਰਾਂ ਨੇ ਜਿੱਥੇ ਰੰਗਮੰਚ ਦੀਆਂ ਬਰੀਕੀਆਂ ਗਿਣਾਈਆਂ, ਉਥੇ ਹੀ ਜਲ੍ਹਿਆਂਵਾਲੇ ਬਾਗ ਨਾਲ ਸਬੰਧਤ ਇਤਿਹਾਸਕ ਪਹਿਲੂ ਵੀ ਛੂਹ ਕੇ ਕਈ ਸਵਾਲ ਖੜ੍ਹੇ ਕੀਤੇ। ਇਸੇ ਬਹਿਸ ਵਿਚ ਗੁਰਨਾਮ ਕੰਵਰ, ਡਾ. ਲਾਭ ਸਿੰਘ ਖੀਵਾ, ਐਮ.ਐਮ. ਜੁਨੇਜਾ ਸਣੇ ਕਈ ਹੋਰ ਮਾਹਿਰਾਂ ਨੇ ਇਤਿਹਾਸਕ ਪਹਿਲੂ ਛੂਹਦਿਆਂ ਭਗਤ ਸਿੰਘ ਤੇ ਊਧਮ ਸਿੰਘ ਦਾ ਜਲ੍ਹਿਆਂਵਾਲਾ ਬਾਗ ਨਾਲ ਜੁੜਾਅ ਦਾ ਹਵਾਲਾ ਦੇ ਕੇ ਨਾਟਕ ਨਾਲ ਆਪਣਾ ਸਬੰਧ ਜੋੜਿਆ। ਫਿਰ ਸਮੁੱਚੇ ਸੈਸ਼ਨ ਨੂੰ ਸਮੇਟਦਿਆਂ ਨਾਟਕ 'ਚੱਲ ਅੰਮ੍ਰਿਤਸਰ ਲੰਡਨ ਚੱਲੀਏ' ਦੇ ਲੇਖਕ ਸ਼ਬਦੀਸ਼ ਤੇ ਨਿਰਦੇਸ਼ਤਾ ਅਨੀਤਾ ਸ਼ਬਦੀਸ਼ ਨੇ ਆਪੋ-ਆਪਣੇ ਪੱਖ ਰੱਖ ਕੇ ਇਹ ਆਖਿਆ ਕਿ ਇਤਿਹਾਸਕ ਨਾਟਕਾਂ ਨੂੰ ਮੰਚ 'ਤੇ ਪੇਸ਼ ਕਰਨਾ ਚੁਣੋਤੀ ਭਰਿਆ ਹੁੰਦਾ ਹੈ ਤੇ ਸਾਨੂੰ ਚੁਣੌਤੀਆਂ ਕਬੂਲ ਕਰਨਾ ਚੰਗਾ ਲਗਦਾ ਹੈ। ਧਿਆਨ ਰਹੇ ਕਿ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਲੰਘੀ 1 ਅਤੇ 2 ਜੂਨ ਨੂੰ ਸੁਚੇਤਕ ਰੰਗ ਮੰਚ ਵੱਲੋਂ ਉਕਤ ਨਾਟਕ ਪੰਜਾਬ ਕਲਾ ਭਵਨ ਵਿਖੇ ਪੇਸ਼ ਕੀਤਾ ਗਿਆ ਸੀ, ਜਿਸ 'ਤੇ ਅੱਜ ਹੋਈਆਂ ਵਿਚਾਰਾਂ ਇਕ ਸੈਮੀਨਾਰ ਦਾ ਰੂਪ ਧਾਰ ਗਈਆਂ।
ਇਸ ਉਪਰੰਤ ਵੱਡੀ ਗਿਣਤੀ ਹਾਜ਼ਰ ਕਵੀਆਂ ਵਿਚੋਂ ਕੁਝ ਚੋਣਵੇਂ ਕਵੀਆਂ ਨੇ ਜਿੱਥੇ ਆਪਣੀਆਂ ਰਚਨਾਵਾਂ ਨੂੰ ਸਾਂਝਾ ਕੀਤਾ, ਉਥੇ ਹੀ ਉਘੇ ਗਾਇਕ ਸੁਮੇਸ਼ ਹੁਰਾਂ ਨੇ ਡਾ. ਬੱਲ ਦੀਆਂ ਦੋ ਨਜ਼ਮਾਂ ਹਰਮੋਨੀਅਮ ਨਾਲ ਗਾ ਕੇ ਮਹਿਫ਼ਲ ਲੁੱਟ ਲਈ। ਇਸੇ ਤਰ੍ਹਾਂ ਪਰਵਿੰਦਰ ਸ਼ੋਖ, ਪ੍ਰੋ. ਸੁਭਾਸ਼ ਸ਼ਰਮਾ ਤੇ ਹਰਿੰਦਰ ਸਿੰਘ ਸੋਹਲ ਹੁਰਾਂ ਦੀਆਂ ਗ਼ਜ਼ਲ਼ਾਂ ਤੇ ਇਕ-ਇਕ ਸ਼ੇਅਰ 'ਤੇ ਖੂਬ ਤਾੜੀਆਂ ਵੱਜੀਆਂ। ਜਦੋਂਕਿ ਇਕ ਛੋਟੀ ਬੱਚੀ ਪਰਨੀਤ ਕੌਰ, ਇਸ ਤੋਂ ਬਾਅਦ ਧਿਆਨ ਸਿੰਘ ਕਾਹਲੋਂ, ਲਾਭ ਲਹਿਲੀ, ਦਰਸ਼ਨ ਤ੍ਰਿਊਣਾ ਹੁਰਾਂ ਨੇ ਵੀ ਆਪੋ-ਆਪਣੇ ਗੀਤ ਪੇਸ਼ ਕਰਕੇ ਆਪਣੀ ਭਰਵੀਂ ਹਾਜ਼ਰੀ ਲਗਵਾਈ। ਇਸ ਮੌਕੇ ਪੰਜਾਬੀ ਲੇਖਕ ਸਭਾ ਨੇ ਬੋਰਵੈਲ ਵਿਚ ਡਿੱਗੇ ਫਤਿਹਵੀਰ ਸਿੰਘ ਦੀ ਤੰਦਰੁਸਤੀ ਲਈ ਅਰਦਾਸ ਵੀ ਕੀਤੀ।
ਇਸ ਸਾਹਿਤਕ ਸਮਾਗਮ ਦੌਰਾਨ ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਮਨਜੀਤ ਕੌਰ ਮੀਤ, ਊਸ਼ਾ ਕੰਵਰ, ਹਰਮਿੰਦਰ ਕਾਲੜਾ, ਰਜਿੰਦਰ ਕੌਰ, ਹਰਪਾਲ ਸਿੰਘ ਬੱਲ, ਰਾਕੇਸ਼ ਗੋਰੀਆ, ਜਸਪਾਲ ਸਿੰਘ ਬੱਲ, ਪਰਸ ਰਾਮ ਬੱਧਣ, ਪ੍ਰੋ. ਅਜਮੇਰ ਸਿੰਘ, ਸੁਰਜੀਤ ਕੋਰ ਬੈਂਸ, ਡਾ. ਪਿਆਰਾ ਲਾਲ ਗਰਗ, ਕਰਨਲ ਅਮਰਜੀਤ ਸਿੰਘ ਢਿੱਲੋਂ, ਗੁਰਨਾਮ ਕੰਵਰ, ਡਾ. ਸੁਰਿੰਦਰ ਗਿੱਲ, ਇੰਦਰਜੀਤ ਕੌਰ ਗਰੇਵਾਲ, ਰਜਿੰਦਰ ਰੇਨੂ, ਮਲਕੀਅਤ ਬਸਰਾ, ਬਾਬੂ ਰਾਮ ਦੀਵਾਨਾ, ਅਨੀਤਾ ਸ਼ਬਦੀਸ਼, ਸੰਤੋਸ਼ ਗਰਗ ਤੇ ਰਘਵੀਰ ਵੜੈਚ ਸਣੇ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ, ਕਵੀ ਤੇ ਸਰੋਤੇ ਵੀ ਮੌਜੂਦ ਸਨ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਹੁਰਾ ਬਾਖੂਬੀ ਨਿਭਾਇਆ।