ਲੁਧਿਆਣਾ : 15 ਦਸੰਬਰ 2020 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ ਨੇ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਪ੍ਰਿੰ. ਪ੍ਰੇਮ ਸਿੰਘ ਬਜਾਜ ਦਿਆਨਤਦਾਰ, ਸਿਰੜੀ ਵਿਦਿਆਦਾਨੀ ਤੇ ਪੁਸਤਕਾਂ ਨੂੰ ਅੰਤਾਂ ਦਾ ਪਿਆਰ ਕਰਨ ਵਾਲੇ ਸਨ।
ਪੰਜਾਬੀ ਭਵਨ ਲੁਧਿਆਣਾ ਦੀ ਰੈਫ਼ਰੈਂਸ ਲਾਇਬ੍ਰੇਰੀ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ। ਬੜੇ ਚਿਰਾਂ ਦੀ ਰੀਝ ਸੀ ਕਿ ਨਿਵੇਕਲੀ ਤੋਰ ਤੁਰਦੇ ਤੇ ਅਨੋਖੀਆਂ ਪੈੜਾਂ ਪਾਉਂਦੇ ਪ੍ਰਿੰ. ਪ੍ਰੇਮ ਸਿੰਘ ਬਜਾਜ ਹੋਰਾਂ ਦੇ ਜੀਵਨ-ਬਿਰਤਾਂਤ ਨੂੰ ਸ਼ਬਦਾਂ ਵਿਚ ਬੀੜਿਆ ਜਾਵੇ। ਇਸ ਰੀਝ ਨੂੰ ਸਾਕਾਰ ਰੂਪ ਦਿੱਤਾ ਬੀਬਾ ਸੁਰਿੰਦਰ ਦੀਪ ਨੇ, ਜਿਸ ਨੇ ਅਕਾਡਮੀ ਵਿਚ ਵਿਚਰਦਿਆਂ ਪ੍ਰਿੰ. ਪ੍ਰੇਮ ਸਿੰਘ ਬਜਾਜ ਹੋਰਾਂ ਨੂੰ ਪੈੜਾਂ ਪਾਉਂਦੇ ਤੱਕਿਆ ਸੀ।
ਸੁਰਿੰਦਰ ਦੀਪ ਨੇ ਪੁਸਤਕ ਰਾਹੀਂ ਉਹਨਾਂ ਦੇ ਜੀਵਨ ਸੰਘਰਸ਼ ਨੂੰ ਸਦੀਵੀ ਸਾਂਭਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਲਾਇਬ੍ਰੇਰੀ ਦੀ ਸ਼ਾਨ ਹੀ ਨਹੀਂ ਸਗੋਂ ਪਾਠਕਾਂ ਨੂੰ ਜੀਵਨ-ਜਾਚ ਦਾ ਸੁਨੇਹਾ ਵੀ ਦੇਵੇਗੀ।
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਇਸ ਪੁਸਤਕ ਦੀ ਪ੍ਰਕਾਸ਼ਨਾ ਕਰਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਬਹੁਤ ਹੀ ਸਾਰਥਿਕ ਕਾਰਜ ਕੀਤਾ ਹੈ। ਉਹਨਾਂ ਕਿਹਾ ਪ੍ਰਿੰ. ਪ੍ਰੇਮ ਸਿੰਘ ਬਜਾਜ ਹੋਰਾਂ ਦੀ ਸੂਝ, ਮਿਲਾਪੜੇ ਸੁਭਾ ਤੇ ਲਗਨ ਨਾਲ ਮਿਹਨਤ ਕਰਨ ਦਾ ਕੋਈ ਮੁਕਾਬਲਾ ਨਹੀਂ। ਬੀਬਾ ਸੁਰਿੰਦਰ ਦੀਪ ਨੇ ਬਜਾਜ ਸਾਹਿਬ ਬਾਰੇ ਪੁਸਤਕ ਲਿਖ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ ਜਿਸ ਲਈ ਮੈਂ ਇਸ ਨੂੰ ਸ਼ਾਬਾਸ਼ ਦਿੰਦਾ ਹਾਂ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਲੰਮਾ ਸਮਾਂ ਪ੍ਰਿੰ. ਪ੍ਰੇਮ ਸਿੰਘ ਬਜਾਜ ਦੇ ਨੇੜੇ ਤੇੜੇ ਵਿਚਰਦੀ ਰਹੀ ਅਕਾਡਮੀ ਦੀ ਦਫ਼ਤਰ ਇੰਚਾਰਜ ਸੁਰਿੰਦਰ ਦੀਪ ਨੇ ਬੜੀ ਮਿਹਨਤ ਨਾਲ ਇਹ ਕਿਤਾਬ ਤਿਆਰ ਕੀਤੀ ਹੈ। ਇਸ ਕਿਤਾਬ ਵਿਚ ਸੁਰਿੰਦਰ ਦੀਪ ਨੇ ਪ੍ਰਿੰ. ਪ੍ਰੇਮ ਸਿੰਘ ਬਜਾਜ ਦੇ ਸੰਘਰਸ਼ਮਈ ਜੀਵਨ 'ਤੇ ਰੌਸ਼ਨੀ ਪਾਈ ਹੈ ਅਤੇ ਪੰਜਾਬੀ ਪੁਸਤਕ ਸਭਿਆਚਾਰ ਦੇ ਪ੍ਰਸਾਰ, ਪੰਜਾਬੀ ਸਾਹਿਤ ਅਕਾਡਮੀ ਦੀ ਰੈਫ਼ਰੈਂਸ ਲਾਇਬ੍ਰੇਰੀ ਦੇ ਨਿਰਮਾਤਾ, ਉਰਦੂ ਸ਼ਾਹਮੁਖੀ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ, ਲਾਇਬ੍ਰੇਰੀ ਵਿਚ ਵੱਖ-ਵੱਖ ਯੂਨੀਵਰਸਿਟੀ ਦੇ ਖੋਜ-ਨਿਬੰਧ/ਪ੍ਰਬੰਧ ਇਕੱਤਰ ਕਰਨ ਲਈ ਕੀਤੇ ਅਣਥੱਕ ਯਤਨਾਂ ਬਾਰੇ ਦੱਸਿਆ ਹੈ। ਇਹ ਕਿਤਾਬ ਪੁਸਤਕਾਂ ਨੂੰ ਬੱਚਿਆਂ ਵਾਂਗ ਪਿਆਰ
ਕਰਨ ਵਾਲੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੂੰ ਸ਼ਬਦ ਸ਼ਰਧਾਂਜਲੀ ਹੈ।
ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਇਹ ਪੁਸਤਕ ਸਰਲ ਸ਼ੈਲੀ ਵਿਚ ਸ਼ਰਧਾ ਦੇ ਪੱਖ ਤੋਂ ਲਿਖੀ ਗਈ ਹੈ। ਇਸ ਪੁਸਤਕ ਰਾਹੀਂ ਸਾਨੂੰ ਪ੍ਰਿੰ. ਪ੍ਰੇਮ ਸਿੰਘ
ਬਜਾਜ ਦੇ ਕਈ ਲੁਕਵੇਂ ਪੱਖਾਂ ਤੋਂ ਵੀ ਜਾਣਕਾਰੀ ਮਿਲਦੀ ਹੈ। ਸੁਰਿੰਦਰ ਦੀਪ ਨੂੰ ਬਜਾਜ ਸਾਹਿਬ ਨਾਲ ਕੰਮ ਕਰਨ ਦਾ ਲੰਮਾ ਤਜਰਬਾ ਹੈ, ਜਿਸ ਕਰਕੇ ਉਹ ਨੇੜਿਉਂ ਵੇਖ ਸਕੀ ਹੈ ਤੇ ਉਹਨਾਂ ਦਾ ਜੀਵਨ ਕਲਮਬਧ ਕਰਕੇ ਚੰਗਾ ਕਾਰਜ ਕੀਤਾ ਹੈ। 'ਪੁਸਤਕ ਪ੍ਰੇਮੀ : ਪ੍ਰੇਮ ਸਿੰਘ ਬਜਾਜ' ਪੁਸਤਕ ਬਾਰੇ ਜਨਮੇਜਾ ਸਿੰਘ ਜੌਹਲ, ਜਸਵੀਰ ਝੱਜ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਸੁਖਦਰਸ਼ਨ ਗਰਗ ਅਤੇ ਗੁਲਜ਼ਾਰ ਸਿੰਘ ਸ਼ੌਂਕੀ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸੁਰਿੰਦਰ ਦੀਪ ਨੇ ਦਸਿਆ ਕਿ ਪ੍ਰਿੰ. ਪ੍ਰੇਮ ਸਿੰਘ ਬਜਾਜ ਵਰਗੀ ਦਰਵੇਸ਼ ਸ਼ਖ਼ਸੀਅਤ ਦੀ ਜੀਵਨੀ ਲਿਖ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਭਾਵੇਂ ਪੁਸਤਕ ਉਹਨਾਂ ਤੋਂ ਬਾਅਦ ਪ੍ਰਕਾਸ਼ਿਤ ਹੋਈ ਹੈ ਪਰ ਇਕ ਗੱਲ ਦਾ ਸਕੂਨ ਜ਼ਰੂਰ ਹੈ ਕਿ ਬਜਾਜ ਸਾਹਿਬ ਨੇ ਖ਼ੁਦ ਪੁਸਤਕ ਦੀ ਪਰੂਫ਼ ਰੀਡਿੰਗ ਕੀਤੀ ਸੀ। ਇਹ ਸਭ ਪ੍ਰਮਾਤਮਾ ਦੀ ਕਿਰਪਾ ਅਤੇ ਮੇਰੀ ਦਾਦੀ ਜੀ ਦੀਆਂ ਦੁਆਵਾਂ ਕਰਕੇ ਸੰਭਵ ਹੋਇਆ ਹੈ। ਮੈਂ ਆਪਣੇ ਪਰਿਵਾਰ ਅਤੇ ਉਹਨਾਂ ਸਭ ਸਾਹਿਤਕਾਰਾਂ ਦੀ ਧੰਨਵਾਦੀ ਹਾਂ ਜਿਹਨਾਂ ਨੇ ਸਮੇਂ ਸਮੇਂ ਤੇ ਮੇਰਾ ਹੌਸਲਾ ਵਧਾਇਆ ਅਤੇ ਮੈਨੂੰ ਲਿਖਣ ਲਈ ਪ੍ਰੇਰਿਆ। ਵਿਸ਼ੇਸ਼ ਤੌਰ 'ਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਦੀ ਧੰਨਵਾਦੀ ਹਾਂ ਜਿਹਨਾਂ ਨੇ ਮੈਨੂੰ ਬਜਾਜ ਸਾਹਿਬ ਬਾਰੇ ਪੁਸਤਕ ਲਿਖਣ ਦਾ ਮੌਕਾ ਬਖ਼ਸ਼ਿਆ। ਸਮਾਗਮ ਦੇ ਅੰਤ ਵਿਚ ਸੁਰਿੰਦਰ ਦੀਪ ਨੇ ਹਾਜ਼ਰ ਲੇਖਕਾਂ ਅਤੇ ਪੁਸਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ।