'ਜ਼ਿੰਦਗੀ ਦੇ ਬਦਲਦੇ ਰੰਗ’ ਕਾਵਿ-ਸੰਗ੍ਰਹਿ ਲੋਕ ਅਰਪਿਤ
ਹਰਜਿੰਦਰ ਸਿੰਘ ਭੱਟੀ
ਐੱਸ.ਏ.ਐੱਸ.ਨਗਰ, 19 ਮਈ 2023 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਕੇਵਲਜੀਤ ਸਿੰਘ ‘ਕੰਵਲ’ ਦੇ ਕਾਵਿ-ਸੰਗ੍ਰਹਿ ‘ਜ਼ਿੰਦਗੀ ਦੇ ਬਦਲਦੇ ਰੰਗ’ ਨੂੰ ਲੋਕ ਅਰਪਿਤ ਕੀਤਾ ਗਿਆ ਅਤੇ ਵਿਚਾਰ ਚਰਚਾ ਕਰਵਾਈ ਗਈ।
ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ
ਕੇਵਲਜੀਤ ਸਿੰਘ ‘ਕੰਵਲ’ ਨੂੰ ਕਾਵਿ-ਸੰਗ੍ਰਹਿ ‘ਜ਼ਿੰਦਗੀ ਦੇ ਬਦਲਦੇ ਰੰਗ’ ਲਈ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਆਖਿਆ ਕਿ ਕਵੀ ਨੇ ਆਪਣੇ ਨਿੱਜੀ ਤਜ਼ਰਬੇ ਨੂੰ ਵਿਲੱਖਣ ਸ਼ੈਲੀ ਰਾਹੀਂ ਕਵਿਤਾ ਦੇ ਰੂਪ ਵਿੱਚ ਪ੍ਰਗਟਾਅ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਸਲੁਹਣਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸਮੁੱਚੇ ਪ੍ਰਧਾਨਗੀ ਮੰਡਲ ਨਾਲ ਮਿਲ ਕੇ ਕੇਵਲਜੀਤ ਸਿੰਘ ‘ਕੰਵਲ’ ਦੇ ਕਾਵਿ-ਸੰਗ੍ਰਹਿ ‘ਜ਼ਿੰਦਗੀ ਦੇ ਬਦਲਦੇ ਰੰਗ’ ਲੋਕ ਅਰਪਣ ਵੀ ਕੀਤਾ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਡਾ. ਲਾਭ ਸਿੰਘ ਖੀਵਾ ਵੱਲੋਂ ਕੇਵਲਜੀਤ ਸਿੰਘ ‘ਕੰਵਲ’ ਨੇ ਹਥਲੇ ਕਾਵਿ-ਸੰਗ੍ਰਹਿ ਵਿੱਚ ਨਵੇਂ ਪ੍ਰਯੋਗ ਕੀਤੇ ਹਨ। ਇਨ੍ਹਾਂ ਰਚਨਾਵਾਂ ਦੇ ਸਿਰਲੇਖ ਲੰਮੇ ਹੁੰਦੇ ਹੋਏ ਵੀ ਕਾਫੀ ਪ੍ਰਭਾਵਸ਼ਾਲੀ ਹਨ। ਕਵੀ ਨੇ ਅਜੋਕੀ ਜੀਵਨ ਸ਼ੈਲੀ ਦੀ ਪ੍ਰਤੱਖ ਨਿਸ਼ਾਨਦੇਹੀ ਕਰਕੇ ਪਾਠਕ ਨੂੰ ਇਸ ਦਾ ਕੁਪ੍ਰਭਾਵਾਂ ਤੋਂ ਸੁਚੇਤ ਕਰਨ ਦਾ ਯਤਨ ਕੀਤਾ ਹੈ।
ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਆਖਿਆ ਗਿਆ ਕਿ ਇਹ ਰਚਨਾਵਾਂ ਸਮਾਜਿਕ ਮੁਸ਼ਕਿਲਾਂ ਨੂੰ ਕਲਮਬੱਧ ਕਰਦੇ ਹੋਏ ਆਦਮੀ ਨੂੰ ਆਦਮੀ ਬਣੇ ਰਹਿਣ ਲਈ ਹਲੂਣਾ ਦਿੰਦੀਆਂ ਹਨ। ਵਿਸ਼ੇਸ਼ ਮਹਿਮਾਨ ਸ਼੍ਰੀ ਬਲਕਾਰ ਸਿੰਘ ਸਿੱਧੂ ਅਨੁਸਾਰ ਇਹ ਕਵਿਤਾਵਾਂ ਸੁਭਾਵਕ, ਸਰਲ, ਸਾਦਗੀ ਭਰਪੂਰ ਅਤੇ ਜਜ਼ਬਾਤਾਂ ਦੇ ਹੜ੍ਹ 'ਚ ਭਿੱਜੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਸਮਾਜਿਕ, ਆਰਥਿਕ ਅਤੇ ਧਾਰਮਿਕ ਵਰਤਾਰਿਆਂ ਦਾ ਹੂਬਹੂ ਵਰਣਨ ਮਿਲਦਾ ਹੈ।
ਕਵੀ ਕੇਵਲਜੀਤ ਸਿੰਘ ‘ਕੰਵਲ’ ਵੱਲੋਂ ਆਪਣੀ ਪੁਸਤਕ ਬਾਰੇ ਆਖਿਆ ਗਿਆ, "ਮੇਰੇ ਚੌਗਿਰਦੇ ਵਿੱਚੋਂ ਮੇਰੇ ਅਵਚੇਤਨ ਮਨ ਨੇ ਜੋ ਵੀ ਗ੍ਰਹਿਣ ਕੀਤਾ ਮੈਂ ਉਸ ਨੂੰ ਆਪਣੀ ਕਲਮ ਦਾ ਵਿਸ਼ਾ ਬਣਾਇਆ ਹੈ। ਮੈਂ ਮਨੁੱਖਤਾ ਦਾ ਆਸ਼ਕ ਹਾਂ ਅਤੇ ਮਰਦੇ ਦਮ ਤੱਕ ਆਪਣੀਆਂ ਲਿਖਤਾਂ ਰਾਹੀਂ ਮਾਨਵਤਾ ਦਾ ਹੋਕਾ ਦਿੰਦਾ ਰਹਾਂਗਾ।"
ਪਰਚਾ ਲੇਖਕ ਸਤਬੀਰ ਕੌਰ ਵੱਲੋਂ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ‘ਕੰਵਲ’ ਬਹੁ ਭਾਸ਼ਾਈ ਕਵੀ ਹੈ ਅਤੇ ਉਸਨੇ ਰਵਾਇਤੀ ਵਿਸ਼ਿਆਂ ਨੂੰ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕਰਕੇ ਪਾਠਕਾਂ ਨੂੰ ਕੀਲ ਲਿਆ ਹੈ। ਕਵੀ ਨੇ ਜ਼ਿੰਦਗੀ ਦੇ ਸਰੋਕਾਰਾਂ ਦੀ ਬਾਤ ਅਮਲੀ ਰੂਪ ਵਿੱਚ ਪਾਈ ਹੈ। ਰਜਿੰਦਰ ਧੀਮਾਨ ਅਨੁਸਾਰ ਕੇਵਲਜੀਤ ਸਿੰਘ ‘ਕੰਵਲ’ ਦੀ ਕਵਿਤਾ ਜ਼ਿੰਦਗੀ ਦੀਆਂ ਘੁੰਮਣਘੇਰੀਆਂ 'ਚੋਂ ਪੈਦਾ ਹੋਈ ਕਵਿਤਾ ਹੈ ਜਿਸ ਵਿੱਚ ਲੋਕ ਪੀੜਾ ਪ੍ਰਤੱਖ ਝਲਕਦੀ ਹੈ।
ਡਾ. ਸੁਰਿੰਦਰ ਗਿੱਲ ਅਨੁਸਾਰ ਇਹ ਕਵਿਤਾ ਨਰੋਏ ਪ੍ਰਬੰਧ ਦੀ ਸਿਰਜਣਾ ਲਈ ਯਤਨਸ਼ੀਲ ਹੈ। ਜਗਤਾਰ ਸਿੰਘ ਜੋਗ ਵੱਲੋ ‘ਕੰਵਲ’ ਦੇ ਕਾਵਿ-ਸੰਗ੍ਰਹਿ ਵਿਚੋਂ ਬਹੁਤ ਹੀ ਖੂਬਸੂਰਤ ਕਵਿਤਾ ਦਾ ਗਾਇਨ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਹਰਵਿੰਦਰ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ ਬੇਦੀ, ਕਰਮਜੀਤ ਸਿੰਘ ਬੱਗਾ, ਧਿਆਨ ਸਿੰਘ ਕਾਹਲੋਂ, ਰਾਜਵਿੰਦਰ ਸਿੰਘ ਗੁੱਡੂ, ਦਰਸ਼ਨ ਸਿੰਘ, ਜਸਵੀਰ ਸਿੰਘ ਗੋਸਲ, ਬਲਵਿੰਦਰ ਸਿੰਘ, ਹਰਵਿੰਦਰ ਕੌਰ, ਰਜਿੰਦਰ ਕੌਰ, ਸੱਚਪ੍ਰੀਤ ਖੀਵਾ, ਮਨਜੀਤ ਪਾਲ ਸਿੰਘ, ਜਤਿੰਦਰਪਾਲ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।