ਅੰਗਰੇਜ਼, ਚੀਨ ਅਤੇ ਪਾਕਿਸਤਾਨ ਅਤੇ ਸਿਆਸੀ ਆਗੂਆਂ ਨੂੰ ਕਸ਼ਮੀਰ ਸਮੱਸਿਆ ਲਈ ਠਹਿਰਾਇਆ ਦੋਸ਼ੀ
ਚੰਡੀਗੜ੍ਹ, 14 ਦਸੰਬਰ 2019: ਉੱਘੇ ਇਤਿਹਾਸਕਾਰ ਮਾਰੂਫ਼ ਰਜ਼ਾ ਵੱਲੋਂ ਲਿਖੀ ਗਈ ਕਿਤਾਬ 'ਕਸ਼ਮੀਰ-ਦ ਅਨਟੋਲਡ ਸਟੋਰੀ-ਡੀਕਲਾਸੀਫ਼ਾਈਡ' ਨੇ ਕਸ਼ਮੀਰ ਸਮੱਸਿਆ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ, ਇਸ ਸਮੱਸਿਆ ਦੀ ਜੜ੍ਹ 'ਤੇ ਚਾਨਣਾ ਪਾਇਆ। ਸਥਾਨਕ ਲੇਕ ਕਲੱਬ ਵਿਖੇ ਚੱਲ ਰਹੇ 'ਮਿਲਟਰੀ ਲਿਟਰੇਚਰ ਫ਼ੈਸਟੀਵਲ-2019' ਦੌਰਾਨ ਇਸ ਕਿਤਾਬ 'ਤੇ ਚਰਚਾ ਕਰਦਿਆਂ ਹਿੰਦੁਸਤਾਨ ਟਾਈਮਜ਼ ਦੇ ਰੈਜ਼ੀਡੈਂਟ ਐਡੀਟਰ ਰਮੇਸ਼ ਵਿਨਾਇਕ, ਸੇਵਾਮੁਕਤ ਜਨ. ਜਗਤਵੀਰ ਸਿੰਘ ਅਤੇ ਭਾਰਤੀ ਸੈਨਾ ਦੇ ਸੇਵਾਮੁਕਤ ਅਫ਼ਸਰ ਅਤੇ ਉੱਘੇ ਰੱਖਿਆ ਮਾਹਿਰ ਮਾਰੂਫ਼ ਰਜ਼ਾ ਨੇ ਆਜ਼ਾਦੀ ਉਪਰੰਤ ਕਸ਼ਮੀਰ ਦੀ ਸਮੱਸਿਆ ਦੇ ਉਭਰਨ ਦੇ ਕਾਰਨਾਂ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਇਸ ਸਮੱਸਿਆ ਨੂੰ ਉਭਾਰਨ 'ਚ ਪਾਕਿਸਤਾਨ, ਚੀਨ ਅਤੇ ਇੱਥੋਂ ਤੱਕ ਕਿ ਅੰਗਰੇਜ਼ੀ ਸਾਮਰਾਜ ਦਾ ਯੋਗਦਾਨ ਰਿਹਾ ਹੈ।
ਅੰਗਰੇਜ਼ੀ ਸਾਮਰਾਜ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਇੱਕ ਦਮ ਬਾਅਦ ਬਰਤਾਨਵੀ ਸਾਮਰਾਜ ਨੇ ਕਸ਼ਮੀਰ ਵਿੱਚ ਭਾਰਤ ਖ਼ਿਲਾਫ਼ ਭਾਵਾਨਾਵਾਂ ਨੂੰ ਭੜਕਾਉਣ 'ਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਪਾਰਸੀ, ਰੂਸੀ ਅਤੇ ਚੀਨੀ ਸਭਿਆਤਾਵਾਂ ਦਾ ਖਾਸਾ (ਪ੍ਰਭਾਵ) ਪਾਇਆ ਜਾਂਦਾ ਹੈ, ਰਣਨੀਤਕ ਤੌਰ 'ਤੇ ਵੱਡੀ ਅਹਿਮੀਅਤ ਰੱਖਦਾ ਹੈ।
ਉਨ੍ਹਾਂ ਦੱਸਿਆ ਕਿ ਕਸ਼ਮੀਰ ਵਿੱਚ ਪਹਿਲੀ ਵਾਰ ਪਾਕਿਸਤਾਨੀ ਝੰਡਾ 31 ਅਕਤੂਬਰ 1947 ਨੂੰ ਇੱਕ ਅੰਗਰੇਜ਼ ਫ਼ੌਜੀ ਅਫ਼ਸਰ ਦੀ ਅਗਵਾਈ ਹੇਠ ਲਹਿਰਾਇਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪਾਕਿਤਸਾਨ ਨੇ ਇਸ ਕੰਮ ਲਈ ਦੇਸ਼ ਦਾ ਵੱਡਾ ਸਨਮਾਨ ਦਿੱਤਾ। ਨਾਲ ਹੀ ਇਹ ਵੀ ਦੱਸਿਆ ਗਿਅ ਆਜ਼ਾਦੀ ਉਪਰੰਤ ਕਸ਼ਮੀਰ ਵਿੱਚ ਪਹਿਲੀ ਘੁਸਪੈਠ ਵੀ ਅੰਗਰੇਜ਼ ਫ਼ੌਜੀ ਅਫ਼ਸਰਾਂ ਦੀ ਰਣਨੀਤੀ ਦਾ ਹਿੱਸਾ ਸੀ, ਜਿਸ ਤਹਿਤ ਉਨ੍ਹਾਂ ਨੇ ਆਜ਼ਾਦੀ ਤੋਂ ਇੱਕ ਦਮ ਬਾਅਦ ਭਾਰਤੀ ਫੌਜ ਨੂੰ ਜੰਮੂ ਕਸ਼ਮੀਰ 'ਚੋਂ ਬਾਹਰ ਜਾਣ ਦਾ ਹੁਕਮ ਦਿੱਤਾ ਤਾਂ ਜੋ ਇਨ੍ਹਾਂ ਘੁਸਪੈਠੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਮੰਦਭਾਗੀ ਗੱਲ ਹੈ ਕਿ ਕਸ਼ਮੀਰ ਦੀ ਸਿਆਸੀ ਲੀਡਰਸ਼ਿੱਪ ਆਪਣੇ ਨਿੱਜੀ ਹਿਤਾਂ ਕਾਰਨ ਬਹੁਕੋਣੀ ਸਿਆਸਤ ਖੇਡਦੇ ਰਹੇ ਹਨ, ਜਿਸ ਨਾਲ ਇਹ ਸਮੱਸਿਆ ਡੂੰਘੀ ਹੋਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਸਮੱਸਿਆ ਦਿੱਲੀ ਸਰਕਾਰ ਦੀ ਨੀਤੀਆਂ ਦੀ ਅਸਫ਼ਲਤਾ ਨੂੰ ਵੀ ਦਰਸਾਉਂਦਾ ਹੈ, ਜਿਸ ਕਾਰਨ ਪਾਕਿਸਤਾਨ ਨੂੰ ਇੱਥੇ ਆਪਣੀ ਗੰਦੀ ਸਿਆਸਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਵਿੱਚ ਲੋਕਾਂ ਨੇ ਆਪਣੇ ਆਪ ਨੂੰ ਭਾਰਤ ਸਰਕਾਰ ਦੇ ਅੱਖਾਂ ਦੇ ਤਾਰੇ ਸਿਆਸਤਦਾਨਾਂ ਦੇ ਨਾਲ ਆਪਣੀ ਨਿੱਜੀ ਹਿੱਤਾਂ ਦੀ ਪੂਰਤੀ ਲਈ ਜੁੜਨ ਦਾ ਮੌਕਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਇਲਾਵਾ ਚੀਨ ਨੇ ਵੀ ਇਸ ਸਮੱਸਿਆ ਨੂੰ ਉਲਝਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਪਾਕਿਸਤਾਨ ਦੇ ਰਾਹੀਂ ਕਸ਼ਮੀਰ ਸਮੱਸਿਆ ਵਿੱਚ ਆਪਣਾ ਦਖਲ ਦਿੱਤਾ ਕਿਉਂ ਕਿ ਚੀਨ ਇੱਥੋਂ ਦੇ ਤਾਜ਼ੇ ਪਾਣੀ ਦੇ ਵਿੱਚ ਆਪਣੇ ਨਿੱਜੀ ਹਿੱਤ ਦੇਖਦਾ ਸੀ ਕਿਉਂ ਜੋ ਇਸ ਵਿੱਚੋਂ ਸਿਲੀਕੋਨ ਚਿੱਪ ਤੋਂ ਲੈ ਕੇ ਸੈਟੇਲਾਈਟ ਦਾ ਨਿਰਮਾਣ ਕਰਕੇ ਦੁਨੀਆ 'ਤੇ ਆਪਣੀ ਧਾਕ ਜਮਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਮਸਲੇ 'ਤੇ ਜਿੱਥੇ ਪਾਕਿਸਤਾਨ ਚੀਨ ਦੀ ਕਠਪੁੱਤਲੀ ਹੈ ਉੱਥੇ ਜਹਾਦੀ ਅਤਿਵਾਦ ਪਾਕਿਸਤਾਨ ਦੀ ਕਠਪੁਤਲੀ ਹੈ।
ਇਸ ਮੌਕੇ 'ਤੇ ਸੇਵਾਮੁਕਤ ਬ੍ਰਿਗੇਡੀਅਰ ਪ੍ਰਦੀਪ ਸ਼ਰਮਾ ਨੇ ਸੰਚਾਲਕ ਦੀ ਭੂਮਿਕਾ ਨਿਭਾਈ।