ਉੱਘੇ ਪੰਜਾਬੀ ਲੇਖਕ ਜਗਦੀਸ਼ ਨੀਲੋਂ ਸੁਰਗਵਾਸ
ਗੁਰਭਜਨ ਗਿੱਲ
ਲੁਧਿਆਣਾ , 16 ਸਤੰਬਰ , 2018 :
ਉੱਘੇ ਪੰਜਾਬੀ ਲੇਖਕ ਕੁਲਵੰਤ ਨੀਲੋਂ ਦੇ ਨਿੱਕੇ ਵੀਰ , ਭਾਰਤੀ ਸਾਹਿੱਤ ਅਕਾਦਮੀ ਬਾਲ ਸਾਹਿੱਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਦੇ ਚਾਚਾ ਜੀ ਉੱਘੇ ਲੇਖਕ ਜਗਦੀਸ਼ ਨੀਲੋਂ ਦਾ ਅੱਜ ਸਵੇਰਸਾਰ ਸੈਰ ਕਰਕੇ ਪਰਤਣ ਉਪਰੰਤ ਉਨ੍ਹਾਂ ਦੇ ਪਿੰਡ ਨੀਲੋਂ ਕਲਾਂ(ਲੁਧਿਆਣਾ ਵਿਖੇ ਦੇਹਾਂਤ ਹੋ ਗਿਆ ਹੈ।
ਜਗਦੀਸ਼ ਨੀਲੋਂ ਨੇ ਪ੍ਰੀੜਲੜੀ ਤੇ ਹੋਰ ਮੈਗਜੀਨਾਂ ਚ ਕਹਾਣੀਆਂ ਤੇ ਕਵਿਤਾਵਾਂ ਲਿਖਣ ਤੋਂ ਸਫ਼ਰ ਆਰੰਭਿਆ। ਉਹ ਲਿਖਾਰੀ ਸਭਾ ਰਾਮਪੁਰ ਤੇ ਕਈ ਹੋਰ ਸਾਹਿੱਤਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਸਾਹਿਤ ਸਭਾ ਸਮਰਾਲਾ ਦੇ ਉਹ ਵਰਤਮਾਨ ਜਨਰਲ ਸਕੱਤਰ ਸਨ ਅਤੇ ਕਹਾਣੀਕਾਰ ਸੁਖਜੀਤ ਤੇ ਹੋਰ ਸਾਥੀਆਂ ਨਾਲ ਮਿਲ ਕੇ ਸਮਰਾਲਾ ਵਿੱਚ ਸਾਹਿੱਤਕ ਸਰਗਰਮੀਆਂ ਨੂੰ ਵਧ ਚੜ੍ਹ ਕੇ ਵਿਉਂਤਦੇ ਸਨ।
ਰੋਜ਼ਾਨਾ ਅਜੀਤ ਤੇ ਕੁਝ ਹੋਰ ਅਖ਼ਬਾਰਾਂ ਲਈ ਵੀ ਉਨ੍ਹਾਂ ਲੰਮਾ ਸਮਾਂ ਪੱਤਰਕਾਰੀ ਵੀ ਕੀਤੀ।
ਆਪਣੇ ਪਿੰਡ ਨੀਲੋਂ ਕਲਾਂ ਬਾਰੇ ਉਨ੍ਹਾਂ ਦੀ ਪੁਸਤਕ ਵੀਹਵੀਂ ਸਦੀ ਦਾ ਪੰਜਵਾਂ ਦਹਾਕਾ ਬੜੀ ਮੁੱਲਵਾਨ ਕਿਰਤ ਹੈ।
ਮੂਲ ਰੂਸੀ ਭਾਸ਼ਾ ਦੀ ਹਿੰਦੀ ਚ ਛਪੀ ਪੁਸਤਕ ਮਨੁੱਸ਼ਯ ਔਰ ਸੰਸਕ੍ਰਿਤੀ ਦਾ ਵੀ ਨੀਲੋਂ ਨੇ ਮਨੁੱਖ ਤੇ ਸਭਿਆਚਾਰ ਨਾਮ ਹੇਠ ਅਨੁਵਾਦ ਕੀਤਾ।
ਪੰਜਾਬੀ ਲੇਖਕ ਤੇ ਉਸ ਦੀਆਂ ਪੁਸਤਕਾਂ ਦੇ ਪ੍ਰਕਾਸ਼ਕ ਦੀਪ ਦਿਲਬਰ ਨੇ ਦੱਸਿਆ ਕਿ ਉਸ ਨੇ ਆਪਣੀਆਂ ਤਿੰਨ ਪੁਸਤਕਾਂ ਦੇ ਮਸੌਦੇ ਪ੍ਰਕਾਸ਼ਨ ਲਈ ਤਿਆਰ ਕੀਤੇ ਹੋਏ ਸਨ।
ਜਗਦੀਸ਼ ਨੀਲੋਂ ਦਾ ਅੰਤਿਮ ਸੰਸਕਾਰ ਬਾਦ ਅੱਜ ਹੀ ਦੁਪਹਿਰ ਢਾਈ ਵਜੇ ਪਿੰਡ ਨੀਲੋਂ ਦੇ ਸ਼ਮਸ਼ਾਨ ਘਾਟ ਚ ਕੀਤਾ ਜਾਵੇਗਾ।
ਜਗਦੀਸ਼ ਨੀਲੋਂ ਲਗਪਗ 71 ਸਾਲਾਂ ਦੇ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਗੁਰਭਜਨ ਗਿੱਲ,ਸਕੱਤਰ ਡਾ: ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ ਤੇ ਸਥਾਨਕ ਲੇਖਕਾਂ ਜਸਵੰਤ ਜਫ਼ਰ, ਸਵਰਨਜੀਤ ਸਵੀ, ਡਾ: ਨਿਰਮਲ ਜੌੜਾ,ਤ੍ਰੈਲੋਚਨ ਲੋਚੀ ਤੇ ਗੁਰਚਰਨ ਕੌਰ ਕੋਚਰ ਨੇ ਜਗਦੀਸ਼ ਨੀਲੋਂ ਪਰਿਵਾਰ ਤੇ ਉਨ੍ਹਾਂ ਦੇ ਭਤੀਜੇ ਕਮਲਜੀਤ ਨੀਲੋਂ ਨਾਲ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।