ਪੀਪਲਜ਼ ਲਿਟਰੇਰੀ ਫੈਸਟੀਵਲ: ਮਲਵਈਆਂ ਲਾਹਿਆ ‘ਗੈਰਸਾਹਿਤਕ’ ਹੋਣ ਦਾ ਉਲਾਂਭਾ
ਅਸ਼ੋਕ ਵਰਮਾ
ਬਠਿੰਡਾ,29ਦਸੰਬਰ 2021: ਪੀਪਲਜ਼ ਫੋਰਮ ਬਰਗਾੜੀ ਵੱਲੋਂ ਬਠਿੰਡਾ ਦੇ ਟੀਚਰਜ਼ ਹੋਮ ਵਿਚ ਕਰਵਾਏ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦੌਰਾਨ ਲਾਏ ‘ਪੁਸਤਕ ਮੇਲੇ’ ’ਚ ਮਲਵਈਆਂ ਨੇ ਪੁਸਤਕਾਂ ਖਰੀਦ ਕੇ ਦਰਸਾ ਦਿੱਤਾ ਹੈ ਕਿ ਉਨ੍ਹਾਂ ਬਾਰੇ ਸਾਹਿਤ ਪ੍ਰੇਮੀ ਨਾਂ ਹੋਣ ਦੀ ਧਾਰਨਾ ਸਹੀ ਨਹੀ ਹੈ। ਹਾਲਾਂਕਿ ਵਿੱਕਰੀ ਦਾ ਅੰਕੜਾ ਵੱਡਾ ਨਹੀਂ ਹੈ ਪਰ ਪ੍ਰਬੰਧਕਾਂ ਨੂੰ ਧਰਵਾਸ ਦੇਣ ਵਾਲਾ ਹੈ ਕਿ ਕਰੋਨਾ ਸੰਕਟ ਕਾਰਨ ਆਰਥਿਕ ਤੌਰ ਤੇ ਝੰਬੇ ਲੋਕਾਂ ਨੇ ਸਾਹਿਤ ਵੱਲ ਪੈਰ ਵਧਾਏ ਹਨ। ਇੰਨ੍ਹਾਂ ਚਾਰ ਦਿਨਾਂ ਦੌਰਾਨ ਜਿੱਥੇ ਸ਼ਹਿਰੀ ਪਾਠਕ ਪੁਸਤਕਾਂ ਖਰੀਦਣ ਆਏ ਉੱਥੇ ਹੀ ਠੰਢ ਦੀ ਪ੍ਰਵਾਹ ਨਾਂ ਕਰਦਿਆਂ ਦੂਰੋਂ ਨੇੜਿਓਂ ਪਿੰਡਾਂ ਵਿੱਚੋਂ ਆਏ ਸਾਹਿਤ ਪ੍ਰੇਮੀਆਂ ਨੇ ਵੀ ਕਿਤਾਬਾਂ ਖਰੀਦੀਆਂ। ਆਪਣੇ ਕਿਸਮ ਦੀ ਸਾਹਿਤਕ ਸੱਥ ’ਚ ਪੰਜਾਬ ਦੇ 15 ਪ੍ਰਕਾਸ਼ਕਾਂ ਨੇ ਆਪਣੀਆਂ ਸਟਾਲਾਂ ਲਾਈਆਂ ਸਨ।
ਵੇਰਵਿਆਂ ਅਨੁਸਾਰ ਮੇਲੇ ਦੌਰਾਨਚੇਤਨਾ ਪ੍ਰਕਾਸ਼ਨ ਦੇ ਸਟਾਲ ਤੇ ਚੀਨ ’ਚ ਇਨਕਲਾਬ ਦੀ ਅਗਵਾਈ ਕਰਨ ਵਾਲੇ ਮਾਓ ਜੇ ਤੁੰਗ ਦਾ ਪੋਸਟਰ ਵੱਡੀ ਖਿੱਚ੍ਹ ਦਾ ਕੇਂਦਰ ਬਣਿਆ ਰਿਹਾ। ਇਸੇ ਤਰਾਂ ਹੀ ਕਮਿਊਨਿਜ਼ਮ ਦੀ ਬੁਨਿਆਦ ਮੰਨੇ ਜਾਂਦੇ ਕੌਂਮਾਂਤਰੀ ਲੀਡਰਾਂ ਵਲਾਦੀਮੀਰ ਇਲੀਚ ਲੈਨਿਨ ,ਕਾਰਲ ਮਾਰਕਸ ਅਤੇ ਜੋਸਿਫ ਸਟਾਲਨ ਆਦਿ ਦੇ ਪੋਸਟਰਾਂ ਦੀ ਲਗਾਤਾਰ ਮੰਗ ਬਣੀ ਰਹੀ। ਇਸ ਤੋਂ ਬਿਨਾਂ ਪੁਸਤਕ ਪ੍ਰੇਮੀਆਂ ਨੇ ਸ਼ਹੀਦ ਭਗਤ ਸਿੰਘ ਤੇ ਪਾਸ਼ ਅਤੇ ਜਨਚੇਤਨਾ ਨਾਮ ਦੇ ਪੋਸਟਰਾਂ ਦੀ ਵੀ ਭਰਵੀਂ ਖਰੀਦਦਾਰੀ ਕੀਤੀ। ਰੌਚਕ ਪਹਿਲੂ ਹੈ ਕਿ ਨੌਜਵਾਨ ਪੁਸਤਕਾਂ ਤੋਂ ਵੱਧ ਅਜਿਹੇ ਪੋਸਟਰ ਖਰੀਦਦੇ ਦਿਖਾਈ ਦਿੱਤੇ। ਚੇਤਨਾ ਪ੍ਰਕਾਸ਼ਨ ਦੇ ਇੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਬੇਸ਼ੱਕ ਚੀਨ ਨੇ ਲਾਲ ਕਰਾਂਤੀ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ ਫਿਰ ਵੀ ਆਮ ਲੋਕਾਂ ਨੇ ਮਾਓਜੇ ਤੁੰਗ ਦਾ ਪੋਸਟਰ ਖਰੀਦਿਆ।
ਉਨ੍ਹਾਂ ਦੱਸਿਆ ਕਿ ਕੁੱਝ ਪਾਠਕਾਂ ਨੇ ਤਾਂ ਖੱਬੇ ਪੱਖੀ ਲਹਿਰ ਦੇ ਸਿਰਮੌਰ ਲੀਡਰਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਪੁਸਤਦਕਾਂ ਵੀ ਖਰੀਦੀਆਂ ਹਨ। ਇਸੇ ਤਰਾਂ ਹੀ ਹੋਰਨਾਂ ਪ੍ਰਕਾਸ਼ਕਾਂ ਨੇ ਦੱਸਿਆ ਕਿ ਸੀਮਤ ਸਮਾਂ ਤੇ ਹੱਦ ਅੰਦਰੀ ਰਹੀ ਵਿੱਕਰੀ ਦੇ ਬਾਵਜੂਦ ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਲੱਗਿਆ ਪੁਸਤਕ ਮੇਲਾ ਲੋਕਾਂ ਵਿੱਚ ਪੁਸਤਕਾਂ ਦੀ ਜਾਗ ਲਾਉਣ ਵਿੱਚ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਾਲਵੇ ਵਿੱਚ ਰਵਾਇਤੀ ਮੇਲੇ ਲੱਗਦੇ ਹੁੰਦੇ ਸਨ ਤੇ ਹੁਣ ਪੀਪਲਜ਼ ਫੋਰਮ ਵਰਗੀਆਂ ਸਮਾਜਿਕ ਸੰਸਥਾਵਾਂ ਕਿਤਾਬਾਂ ਦੇ ਮੇਲੇ ਲਾਉਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਏਦਾਂ ਦੀ ਪਹਿਲਕਦਮੀ ਸਦਕਾ ਪੁਸਤਕ ਮੇਲੇ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਬੱਚੇ ਪੁਸਤਕਾਂ ਨਾਲ ਸਾਂਝ ਪਾਉਣ ਲਈ ਆਉਣ ਲੱਗੇ ਹਨ।
ਇੱਕ ਪ੍ਰਕਾਸ਼ਕ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਬਠਿੰਡਾ ਪੱਟੀ ਵਿੱਚ ਔਰਤਾਂ ਵੀ ਪੁਰਸ਼ਾਂ ਦੇ ਬਰਾਬਰ ਕਿਤਾਬਾਂ ਖਰੀਦਣ ਆਉਂਦੀਆਂ ਹਨ, ਜਦੋਂ ਕਿ ਬਾਕੀ ਖਿੱਤਿਆਂ ਵਿੱਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਹਿਮ ਤੱਥ ਹੈ ਕਿ ਬਠਿੰਡਾ ਦਾ ਪੁਸਤਕ ਮੇਲਾ ਚਾਰੇ ਦਿਨ ਨਵੇਂ ਪੋਚ ਨਾਲ ਪੁਸਤਕਾਂ ਦੀ ਦੋਸਤੀ ਕਰਵਾਉਣ ’ਚ ਸਫਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਮੇਲੇ ਵਿੱਚ ਸਮਾਰਟ ਫੋਨਾਂ, ਲੈਪਟਾਪ ਤੇ ਕੰਪਿਊਟਰ ਨਾਲ ਜੁੜੇ ਰਹਿਣ ਵਾਲੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ ਹੈ। ਪੁਸਤਕਾਂ ਖਰੀਦ ਰਹੀ ਇੱਕ ਵਡੇਰੀ ਉਮਰ ਦੀ ਔਰਤ ਜਤਿੰਦਰ ਕੌਰ ਦਾ ਪ੍ਰਤੀਕਰਮ ਸੀ ਕਿ ਕਿਤਾਬਾਂ ਦੇ ਮੇਲੇ ਲੱਗਣਾ ਨਵੀਂ ਪੀੜ੍ਹੀ ਲਈ ਬੇਹੱਦ ਵਧੀਆ ਹੈ ਜਿਸ ਲਈ ਪੀਪਲਜ਼ ਫੋਰਮ ਵਾਲੇ ਵਧਾਈ ਦੇ ਪਾਤਰ ਹਨ।
ਉਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਡੇ ਦਿਨਾਂ ’ਚ ਵੀ ਏਦਾਂ ਦੇ ਹੀ ਸਮਾਗਮ ਕਰਵਾਉਣ ਦਾ ਸੁਝਾਅ ਵੀ ਦਿੱਤਾ। ਪ੍ਰਕਾਸ਼ਕਾਂ ਨੇ ਦੱਸਿਆ ਕਿ ਮਾਲਵੇ ਦੇ ਲੋਕ ਇਨਕਲਾਬੀ ਸਾਹਿਤ ’ਚ ਕਾਫੀ ਰੁਚੀ ਰੱਖਦੇ ਹਨ ਅਤੇ ਇਸ ਵਾਰ ਅਜਿਹਾ ਸਾਹਿਤ ਵੱਡੀ ਪੱਧਰ ਤੇ ਵਿਕਿਆ। ਇਸ ’ਚ ਸੰਤ ਰਾਮ ਉਦਾਸੀ, ਅਵਤਾਰ ਪਾਸ਼, ਸ਼ਿਵ ਕੁਮਾਰ ਬਟਾਲਵੀ ਅਤੇ ਸ਼ਹੀਦ ਭਗਤ ਸਿੰਘ ਦੀਆਂ ਪੁਸਤਕਾਂ ਤੋਂ ਇਲਾਵਾ ਚੋਣਵਾਂ ਪੰਜਾਬੀ ਸੂਫੀ ਕਲਾਮ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਸ਼ਾਹ ਹੁਸੈਨ ਆਦਿ ਦੀਆਂ ਪਸਤਕਾਂ ਸ਼ਾਮਲ ਹਨ। ਸੰਸਥਾ ਦੇ ਜਰਨਲ ਸਕੱਤਰ ਸਟਾਲਟਜੀਤ ਬਰਾੜ ਨੇ ਦੱਸਿਆ ਕਿ ਇਸ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਚਾਰੇ ਦਿਨ ਪੁਸਤਕ ਪ੍ਰਦਰਸ਼ਨੀਆਂ ਵਿੱਚ ਪਾਠਕਾਂ ਨੇ ਵੱਡੀ ਦਿਲਚਸਪੀ ਦਿਖਾਈ ਹੈ।
ਉਨ੍ਹਾਂ ਦੱਸਿਆ ਕਿ 15 ਤੋਂ ਜਿਆਦਾ ਪ੍ਰਕਾਸ਼ਕਾਂ ਦੇ ਸਟਾਲਾਂ ਤੋਂ ਸੱਤ ਲੱਖ ਤੋਂ ਵੱਧ ਦੀਆਂ ਪੁਸਤਕਾਂ ਦੀ ਖਰੀਦ ਕੀਤੀ ਗਈ। ਚੇਤਨਾ ਪ੍ਰਕਾਸ਼ਨ ਦੇ ਸੁਮੀਤ ਗੁਲਾਟੀ ਨੇ ਦੱਸਿਆ ਕਿ ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਵੱਡੀ ਗਿਣਤੀ ਪਾਠਕਾਂ ਵੱਲੋਂ ਖਰੀਦੀਆਂ ਗਈਆਂ ਪੁਸਤਕਾਂ ਇਹ ਤੱਥ ਪ੍ਰਮਾਣਿਤ ਕੀਤਾ ਹੈ ਕਿ ਮਾਲਵੇ ਦੇ ਲੋਕ ਪੁਸਤਕਾਂ ਨੂੰ ਪਿਆਰ ਕਰਦੇ ਹਨ ਅਤੇ ਮਲਵਈਆਂ ਬਾਰੇ ਸਿਰਫ ਹਥਿਆਰਾਂ ਦਾ ਸ਼ੌਕੀਨ ਹੋਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਗੈਰਵਾਜਬ ਹਨ।
ਨਵੇਂ ਪੋਚ ਨਾਲ ਸਾਂਝ ਪਈ: ਖੁਸ਼ਵੰਤ ਬਰਗਾੜੀ
ਪੀਪਲਜ਼ ਫੋਰਮ ਪੰਜਾਬ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਦਾ ਕਹਿਣਾ ਸੀ ਕਿ ਸੰਸਥਾ ਦਾ ਅਸਲ ਮਕਸਦ ਮਾਲਵਾ ਪੱਟੀ ਦੇ ਨਵੇਂ ਪੋਚ ਦੀ ਕਿਤਾਬਾਂ ਨਾਲ ਸਾਂਝ ਪੁਆਉਣਾ ਸੀ ਜਿਸ ’ਚ ਪੀਪਲਜ਼ ਲਿਟਰੇਰੀ ਫੈਸਟੀਵਲ ਸਫਲ ਰਿਹਾ ਹੈ । ਉਨ੍ਹਾਂ ਆਖਿਆ ਕਿ ਜ਼ਰੂਰੀ ਨਹੀਂ ਕਿ ਏਦਾਂ ਦੇ ਸਮਾਗਮਾਂ ਵਿਚ ਆਉਣ ਵਾਲਾ ਹਰ ਕੋਈ ਪੁਸਤਕ ਖਰੀਦੇ ਪਰ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਵੱਲੋਂ ਮੇਲੇ ਵਿੱਚ ਆ ਕੇ ਵੱਖ ਵੱਖ ਵੰਨਗੀਆਂ ਦੀਆਂ ਪੁਸਤਕਾਂ ਦੇਖਣਾ ਅਤੇ ਪ੍ਰੇਰਿਤ ਹੋਣਾ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਦੇ ਪੁਸਤਕ ਮੇਲੇ ਪ੍ਰਤੀ ਆਮ ਲੋਕਾਂ ਨੇ ਵੀ ਆਪ ਮੁਹਾਰੀ ਦਿਲਚਸਪੀ ਦਿਖਾਈ ਜੋ ਮਾਂ ਬੋਲੀ ਪੰਜਾਬੀ ਤੇ ਸਾਹਿਤ ਲਈ ਚੰਗਾ ਸ਼ਗਨ ਹੈ।