ਜਲ੍ਹਿਆਂਵਾਲਾ ਬਾਗ਼ ਤੇ ਵਿਸਾਖੀ ਸਬੰਧੀ ਸਜੀ ਕਵੀਆਂ ਦੀ ਮਹਫ਼ਿਲ
ਚੰਡੀਗੜ੍ਹ, 9 ਅਪ੍ਰੈਲ 2023 - ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਨੇ ਪੰਜਾਬ ਕਲਾ ਪਰੀਸ਼ਦ ਦੇ ਵਿਹੜੇ ਇੱਕ ਖਾਸ ਕਾਵਿ ਮਹਫ਼ਿਲ ਸਜਾਈ ਜਿਸ ਵਿੱਚ ਹਾਜ਼ਿਰ ਕਵੀਆਂ ਨੇ ਜਲ੍ਹਿਆਂਵਾਲਾ ਬਾਗ਼ ਤੇ ਵਿਸਾਖੀ ਨਾਲ ਸਬੰਧਿਤ ਕਵਿਤਾਵਾਂ ਸੁਣਾਉਣ ਦੇ ਨਾਲ ਨਾਲ ਹੋਰ ਸੰਜੀਦਾ ਵਿਸ਼ੇ ਵੀ ਕਾਵਿਕ ਰੂਪ ਵਿਚ ਸਰੋਤਿਆਂ ਸਾਹਮਣੇ ਰੱਖੇ।
ਇਸ ਸਮਾਗਮ ਦੇ ਮੁੱਖ ਮਹਿਮਾਨ ਇੰਗਲੈਂਡ ਦੀ ਪ੍ਗਤੀਸ਼ੀਲ ਲਿਖਾਰੀ ਸਭਾ ਦੇ ਸਰਪ੍ਰਸਤ ਨਿਰਵੈਰ ਸਿੰਘ ਚਕਲ ਸਨ ਜਿਨ੍ਹਾਂ ਦੀ ਨੁਮਾਇੰਦਗੀ ਪ੍ਰਧਾਨਗੀ ਮੰਡਲ ਵਿਚ ਗੁਰਨਾਮ ਕੰਵਰ ਹੁਰਾਂ ਕੀਤੀ।
ਆਪਣੇ ਸੰਦੇਸ਼ ਵਿਚ ਨਿਰਵੈਰ ਸਿੰਘ ਚਕਲ ਨੇ ਪੰਜਾਬੀ ਮਾਂ ਬੋਲੀ ਦੇ ਪਾਸਾਰ ਤੇ ਪ੍ਚਾਰ ਲਈ ਰਲਕੇ ਹੋਰ ਹੰਭਲਾ ਮਾਰੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ।
ਸਮਾਗਮ ਦੀ ਪ੍ਧਾਨਗੀ ਕਰਦਿਆਂ ਉੱਘੇ ਲੇਖਕ ਤੇ ਚਿੰਤਕ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਇਤਿਹਾਸ ਬਣ ਚੁੱਕੀਆਂ ਘਟਨਾਵਾਂ ਰੰਹਿਦੀ ਦੁਨੀਆਂ ਤੱਕ ਸਾਨੂੰ ਪੇ੍ਰਿਤ ਕਰਦੀਆਂ ਰਹਿਣਗੀਆਂ ।
ਸਾਰਿਆਂ ਦਾ ਸੁਆਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਸਾਹਿਤ ਹਮੇਸ਼ਾ ਸੁਚੱਜੀ ਸਮਾਜਿਕ ਉਸਾਰੀ ਲਈ ਆਪਣਾ ਯੋਗਦਾਨ ਪਾਉਂਦਾ ਹੈ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਾਡੀਆਂ ਰਿਵਾਇਤਾਂ ਹੀ ਸਾਨੂੰ ਭਵਿੱਖ ਵਾਸਤੇ ਸੇਧ ਦੇਂਦੀਆਂ ਹਨ।
ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਲਿੱਲੀ ਸਵਰਨ ਨੇ ਨਿਵੇਕਲੇ ਅੰਦਾਜ਼ ਵਿਚ ਸਭਿਆਚਾਰ ਦੇ ਹਵਾਲੇ ਨਾਲ ਆਪਣੀ ਕਵਿਤਾ ਸੁਣਾਈ।
ਜਗਦੀਪ ਕੌਰ ਨੂਰਾਨੀ, ਮਨਜੀਤ ਕੌਰ ਮੀਤ, ਸੇਵੀ ਰਾਇਤ, ਮਨਜੀਤ ਕੌਰ ਮੋਹਾਲੀ, ਡਾ. ਸੁਰਿੰਦਰ ਗਿੱਲ, ਪਾਲ ਅਜਨਬੀ, ਬਲਕਾਰ ਸਿੱਧੂ, ਗੁਰਨਾਮ ਕੰਵਰ, ਸੁਖਵਿੰਦਰ ਸਿੰਘ ਸਿੱਧੂ ਤੇ ਧਿਆਨ ਸਿੰਘ ਕਾਹਲੋਂ ਜਿਹੇ ਉੱਘੇ ਕਵੀਆਂ ਨੇ ਆਪੋ ਆਪਣੇ ਸ਼ਬਦਾਂ ਨੂੰ ਕਵਿਤਾਵਾਂ ਰਾਂਹੀ ਸਮਾਂ ਬਨ੍ਹ ਕੇ ਹਾਜ਼ਰੀ ਲੁਆਈ।
ਬਲਵਿੰਦਰ ਸਿੰਘ ਚਹਿਲ ਦੀ ਨਿਵੇਕਲੀ ਕਵਿਤਾ ਬਹੁਤ ਸ਼ਲਾਘਾਯੋਗ ਸੀ।
ਰਜਿੰਦਰ ਸਿੰਘ ਲਿਬਰੇਟ ਨੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ। ਨਵੇਂ ਉੱਭਰ ਰਹੇ ਕਵੀਆਂ ਵਿਚੋਂ ਦਵਿੰਦਰ ਕੌਰ, ਗੁਨੀਤ ਪਾਲ, ਕੁਲਵਿੰਦਰ ਸਿੰਘ ਚੰਡੀਗੜ੍ਹ, ਜਸਬੀਰ ਸਿੰਘ ਤੇ ਮਨਜੀਤ ਸਿੰਘ ਨੇ ਆਪਣੀਆਂ ਰਚਨਾਵਾਂ ਰਾਹੀਂ ਇਹ ਯਕੀਨ ਦੁਆ ਦਿੱਤਾ ਕਿ ਪੰਜਾਬੀ ਕਵਿਤਾ ਦਾ ਭਵਿੱਖ ਸੁਰੱਖਿਅਤ ਹੈ। ਪੰਜਾਬ ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਦਾ ਪਿਛੋਕੜ ਦੱਸਦਿਆਂ ਕਿਹਾ ਕਿ ਇਸ ਸਾਕੇ ਦੇ ਜ਼ਖ਼ਮ ਅੱਜ ਵੀ ਅੱਲੇ ਹਨ।
ਸਮਾਗਮ ਦੀ ਆਖਰੀ ਕਵਿਤਾ ਦਰਸ਼ਨ ਤਿਊਣਾ ਨੇ ਤਰੰਨਮ 'ਚ ਆਪਣੇ ਵੱਖਰੇ ਅੰਦਾਜ਼ ਵਿਚ ਸੁਣਾਈ। ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਸੂਰਬੀਰਾਂ ਦੀ ਧਰਤੀ ਪੰਜਾਬ ਹਰ ਪੱਖੋਂ ਅਮੀਰ ਹੈ ਜਿਸ ਨੂੰ ਆਪਣੀ ਵਿਰਾਸਤ ਤੇ ਮਾਨ ਹੈ। ਹੋਰ ਹਾਜ਼ਿਰ ਪਤਵੰਤਿਆਂ ਵਿੱਚ ਜੋਗਿੰਦਰ ਸਿੰਘ ਜੱਗਾ, ਹਰਮਿੰਦਰ ਸਿੰਘ ਕਾਲੜਾ, ਊਸ਼ਾ ਕੰਵਰ, ਪਰਮਿੰਦਰ ਸਿੰਘ ਮਦਾਨ, ਗੁਰਮੀਤ ਸਿੰਘ, ਸੱਚਪੀ੍ਤ ਕੌਰ ਖੀਵਾ, ਐਸ. ਐਸ. ਸਵਰਨ ਮੋਜੂਦ ਸਨ।