ਬਲਬੀਰ ਕੌਰ ਰਾਏਕੋਟੀ ਦਾ ਕਾਵਿ ਸੰਗ੍ਰਹਿ 'ਸੂਰਜ ਮਘਦਾ ਰੱਖਾਂਗੇ' ਲੋਕ ਅਰਪਣ
ਰਾਏਕੋਟ,11 ਦਸੰਬਰ 2021 - ਉੱਘੀ ਲੇਖਿਕਾ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਦੂਜੀ ਕਿਤਾਬ 'ਸੂਰਜ ਮਘਦਾ ਰੱਖਾਂਗੇ'(ਕਾਵਿ ਸੰਗ੍ਰਹਿ) ਨੂੰ ਪੰਜਾਬੀ ਲਿਖਾਰੀ ਸਭਾ ਮਕਸੂਦੜਾ ਤੇ ਚੇਤਨਾ ਮੰਚ ਗੋਬਿੰਦਗੜ੍ਹ ਵਲੋਂ, 'ਵਿਹੜਾ ਸ਼ਗਨਾਂ ਦਾ' ਰਾਏਕੋਟ ਵਿਖੇ ਲੋਕ ਅਰਪਣ ਕੀਤਾ ਗਿਆ। ਸਵਾਗਤੀ ਸ਼ਬਦਾਂ ਚ ਬਲਬੀਰ ਕੌਰ ਰਾਏਕੋਟੀ ਨੇ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
ਪ੍ਰਧਾਨਗੀ ਮੰਡਲ ਚ ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਬਲਬੀਰ ਸਿੰਘ ਬੱਲੀ (ਰੰਗਕਰਮੀ) ਸਟੇਜ ਹਾਜਰੀਨ ਸਨ। ਮੁੱਖ ਮਹਿਮਾਨ ਵਜੋਂ ਡਾ.ਪਰਮਜੀਤ ਸਿੰਘ ਰਾਣੂੰ ਚੇਅਰਮੈਨ ਸਟੇਟ ਐਥੀਕਲ ਕਮੇਟੀ ਪੰਜਾਬ ਹੋਮਿਓਪੈਥੀਕ ਕੌਂਸਲ (ਡਾਕਟਰੀ ਸਿੱਖਿਆ ਤੇ ਖੋਜ ਮੰਤਰਾਲਾ) ਪੰਜਾਬ ਸਰਕਾਰ ਤੇ ਡਾਕਟਰ ਇੰਦਰਜੀਤ ਕੌਰ ਰਾਣੂੰ ਤੇ ਮਾਸਟਰ ਨਿਰਪਾਲ ਸਿੰਘ ਪੁੱਜੇ। ਮੰਚ ਦੀ ਕਾਰਵਾਈ ਮਾਸਟਰ ਜਗਦੀਪ ਸਿੰਘ ਨੇ ਬਾਖੂਬੀ ਨਿਭਾਈ। ਕਿਤਾਬ ਦੇ ਵਿਸ਼ੇ ਤੇ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿਤਾਬ ਮਜਦੂਰ ਕਿਸਾਨ ਘੋਲਾਂ ਦੇ ਸ਼ੰਘਰਸ਼ ਤੇ ਅਧਾਰਿਤ ਹੈ,ਅੱਜ ਕਿਸਾਨੀ ਘੋਲ ਦੇ ਫਤਹਿ ਦਿਵਸ ਤੇ ਇਹਦਾ ਲੋਕ ਅਰਪਣ ਹੋਣਾ ਵੀ ਅਮਿੱਤ ਛਾਪ ਛੱਡਦਾ ਹੋਇਆ ਜਾਦਗਾਰੀ ਹੋ ਨਿੱਬੜਿਆ ਹੈ।
ਆਪੋ-ਆਪਣੇ ਵਿਚਾਰ ਪ੍ਰਗਟ ਕਰਦਿਆਂ ਸਾਰੇ ਹੀ ਬੁਲਾਰਿਆਂ ਨੇ ਰਾਏਕੋਟੀ ਨੂੰ ਵਧਾਈ ਦਿੰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਤਾਬਾਂ ਪੜਨ ਦੀ ਚੇਟਕ ਲਗਾਉਂਣ ਦੀ ਗੱਲ ਆਖੀ। ਇਸ ਸਮੇਂ ਸਾਹਿਤ ਪ੍ਰੇਮੀ ਡਾਕਟਰ ਜਗਜੀਤ ਸਿੰਘ ਕਾਲਸਾਂ ਉਹਨਾਂ ਦੀ ਪਤਨੀ ਅਜੀਤਪਾਲ ਕੌਰ,(ਪ੍ਰਬੰਧਕ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਕਾਲਸਾਂ) ਰਣਜੀਤ ਕੌਰ(ਪਤਨੀ ਬਲਿਹਾਰ ਗੋਬਿੰਦਗੜ੍ਹੀਆ),ਕਮਿੱਕਰ ਸਿੰਘ, ਮਹਿੰਦਰ ਸਿੰਘ ਤੱਤਲਾ,ਹਰਮਿੰਦਰ ਸਿੰਘ ਰਾਏਕੋਟ ਹਾਜਰ ਹੋਏ। ਰਮਨਜੋਤ ਕੌਰ,ਹਰਵਿੰਦਰ ਕੌਰ ਅਤੇ ਰਾਜਿੰਦਰ ਕੌਰ (ਗੋਬਿੰਦਗੜ੍ਹ ਵਾਲੀਆਂ ਬੀਬੀਆਂ) ਦੇ ਜੱਥੇ ਨੇ ਕਿਤਾਬ ਦਾ ਸਿਰਲੇਖ ਗੀਤ 'ਕਿਰਤੀ ਦੇ ਵਿਹੜੇ ਦਾ ਸੂਰਜ ਮਘਦਾ ਰੱਖਾਂਗੇ' ਗਾ ਕੇ ਪ੍ਰੋਗਰਾਮ ਚ ਇਨਕਲਾਬੀ ਰੰਗ ਭਰ ਦਿੱਤਾ।
ਰਾਏਕੋਟੀ ਦੀ ਬੇਟੀ ਇਵਨੀਤ ਨੇ 'ਮਿਹਨਤਾਂ ਦੇ ਮੁੱਲ ਸਰਕਾਰਾਂ ਕਦੋਂ ਪਾਉਂਦੀਆਂ' ਤਰੰਨੁਮ ਚ ਗਾ ਕੇ ਤਾੜੀਆਂ ਦੀ ਦਾਦ ਖੱਟੀ। ਪ੍ਰੋਗਰਾਮ ਦੇ ਅਖੀਰ ਚ ਸਾਰੇ ਹਾਜਰੀਨ ਮੈਂਬਰਾਂ ਦਾ ਬਲਬੀਰ ਕੌਰ ਰਾਏਕੋਟੀ ਦੇ ਪਤੀ ਸ ਬੂਟਾ ਸਿੰਘ (ਇੰਸਪੈਕਟਰ ਪਨਸਪ) ਨੇ ਧੰਨਵਾਦ ਕੀਤਾ। ਇਹ ਪ੍ਰੋਗਰਾਮ ਬਹੁਤ ਹੀ ਪ੍ਰਭਾਵਸ਼ਾਲੀ ਤੇ ਗਿਆਨ ਵਧਾਊ ਸਾਹਿਤਕ ਮਿਲਣੀ ਹੋ ਨਿਬੜਿਆ। ਇਸ ਮੌਕੇ ਬਲਬੀਰ ਕੌਰ ਰਾਏਕੋਟੀ ਨੂੰ ਡਾਕਟਰ ਰਾਣੂੰ ਜੋੜੀ ਵੱਲੋਂ ਸਨਮਾਨ ਚਿੰਨ੍ਹ ਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਉਸਤਾਦ ਗੋਬਿੰਦਗੜ੍ਹੀਆ ਤੇ ਉਨ੍ਹਾਂ ਦੀ ਪਤਨੀ ਨੂੰ ਰਾਏਕੋਟੀ ਪਰਿਵਾਰ ਵਲੋਂ ਲੋਈ ਤੇ ਸ਼ਾਲ ਦੇ ਕੇ ਨਿਵਾਜਿਆ ਗਿਆ।