ਸਾਹਿਤਕਾਰ ਇਤਾਸ਼ਾ ਅਰੋੜਾ ਦੀ ਅੰਗਰੇਜ਼ੀ ਦੀ ਪਲੇਠੀ ਪੁਸਤਕ ‘ਜੀਵਾ... ਇਕ ਜਿੰਦਗੀ ਦਾ ਅੰਤ’ ਲੋਕ ਅਰਪਣ
- ਲੜਕੀ ਤੋਂ ਔਰਤ ਬਣਨ ਵਾਲੇ ਸਫਰ ਦਾ ਸ਼ਾਨਦਾਰ ਬਿਰਤਾਂਤ : ਹਰਨਾਮ ਹਰਲਾਜ
ਦੀਪਕ ਗਰਗ
ਕੋਟਕਪੂਰਾ, 3 ਜੂਨ 2023 :- ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਲਗਾਤਾਰ ਯਤਨਸ਼ੀਲ ਸੰਸਥਾ ਅਰੋੜਬੰਸ ਸਭਾ ਕੋਟਕਪੂਰਾ ਦੀ ਸਰਗਰਮੀ ਵਿੱਚ ਇਕ ਨਿਵੇਕਲਾਪਣ ਹੌਂਦ ਵਿੱਚ ਆਇਆ, ਜਦੋਂ ਬਠਿੰਡਾ ਵਸਦੀ ਸ਼੍ਰੀਮਤੀ ਇਤਾਸ਼ਾ ਅਰੋੜਾ ਨੇ ਆਪਣੀ ਅੰਗਰੇਜੀ ਦੀ ਪਲੇਠੀ ਪੁਸਤਕ ‘‘ਜੀਵਾ.... ਇਕ ਜਿੰਦਗੀ ਦਾ ਅੰਤ’’ ਦਾ ਲੋਕ ਅਰਪਣ ਸਭਾ ਦੇ ਮੰਚ ਤੋਂ ਸਵ: ਸ੍ਰ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਵਿਖੇ ਕਰਵਾਇਆ। ਸਬੱਬ ਨਾਲ ਸਭਾ ਦੇ ਪ੍ਰਧਾਨ ਤੇ ਜਨਰਲ ਸਕੱਤਰ ਦੇ ਇਲਾਕੇ ਤੋਂ ਬਾਹਰ ਗਏ ਹੋਣ ਕਰਕੇ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨ ਕਿ੍ਰਸ਼ਨ ਲਾਲ ਬਿੱਲਾ ਨੇ ਕੀਤੀ।
ਸਭਾ ਦੇ ਸਰਪ੍ਰਸਤਾਂ ਹਰਨਾਮ ਸਿੰਘ ਹਰਲਾਜ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਮੋਹਨ ਲਾਲ ਗੁਲਾਟੀ ਅਤੇ ਗੁਰਮੀਤ ਸਿੰਘ ਮੱਕੜ ਨੇ ਉਕਤ ਪੁਸਤਕ ਦਾ ਵਿਮੋਚਨ ਕਰਨ ਮੌਕੇ ਲੇਖਕਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਸਾਹਿਤਕਾਰ ਲੇਖਕਾ ਇਤਾਸ਼ਾ ਅਰੋੜਾ ਨੇ ਸੈਂਟਰ ’ਚ ਕੰਪਿਊਟਰ ਸਿੱਖਣ ਆਈਆਂ ਵਿਦਿਆਰਥਣਾ ਨੂੰ ਪੁਸਤਕ ਦਾ ਸਾਰੰਸ਼ ਦੱਸਿਆ ਕਿ ਇਸ ਵਿੱਚ ਨਾਰੀ ਜਗਤ ਨੂੰ ਦਰਪੇਸ਼ ਚੁਣੌਤੀਆਂ ਨੂੰ ਕਹਾਣੀਆਂ ਦੇ ਮਾਧਿਅਮ ਨਾਲ ਉਭਾਰਿਆ ਗਿਆ ਹੈ।
ਮੁੱਖ ਪਾਤਰ ਜੀਵਾ ਨਾਮ ਦੀ ਮੁਟਿਆਰ ਨਾਲ ਹੋਈਆਂ ਅਣਹੋਣੀਆਂ ਅਤੇ ਦਰਦਨਾਕ ਅੰਤ ਦੀ ਵਿੱਥਿਆ ਇਸ ਵਿੱਚ ਅੰਕਿਤ ਕੀਤੀ ਗਈ ਹੈ। ਉਹਨਾਂ ਬੜੇ ਹੀ ਪ੍ਰੇਰਨਾਦਾਇਕ ਢੰਗ ਨਾਲ ਦਰਸ਼ਕ ਵਿਦਿਆਰਥਣਾ ਨੂੰ ਜਿੰਦਗੀ ਨੂੰ ਡੱਟ ਕੇ ਜਿਉਣ ਦੀ ਸਿੱਖਿਆ ਦਿੰਦਿਆਂ ਚੰਗਾ ਚਰਿੱਤਰ ਰੱਖਣ ਦੇ ਉਪਦੇਸ਼ ਨਾਲ ਉਤਸ਼ਾਹਿਤ ਕੀਤਾ ਕਿ ਮਿਹਨਤ ਨਾਲ ਚੰਗੀ ਪੜਾਈ ਕਰਕੇ ਪੈਰਾਂ ਸਿਰ ਹੋ ਕੇ ਆਪਣੀ ਆਤਮਾ ਨੂੰ ਬਲਵਾਨ ਬਣਾ ਕੇ ਹਰ ਜਾਲਮਾਨਾ ਕਾਮੁਕ ਹਮਲੇ ਦਾ ਡੱਟ ਕੇ ਟਾਕਰਾ ਕਰੋ।
ਇਤਾਸ਼ਾ ਅਰੋੜਾ ਨੇ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਆਖਿਆ ਕਿ ਮਾਪਿਆਂ ਦੀ ਪ੍ਰਵਰਿਸ਼ ਦੀਆਂ ਅਹਿਸਾਨਮੰਦ ਹੋ ਕੇ ਉਹਨਾ ਦੇ ਦੁੱਖ ਸੁੱਖ ਵਿੱਚ ਸ਼ਾਮਲ ਰਹੋ। ਆਪਣੀਆਂ ਧੀਆਂ ਦੀ ਦਲੇਰੀ ਦੀ ਮਿਸਾਲ ਦੇ ਕੇ ਉਹਨਾ ਆਪਣੀ ਸਿੱਖਿਆ ਨੂੰ ਸਾਰਥਿਕ ਰੰਗ ਵਿੱਚ ਰੰਗਿਆ। ਸਮਾਗਮ ਦੀ ਸ਼ੁਰੂਆਤ ਸਭਾ ਦੇ ਸਰਪ੍ਰਸਤ ਗੁਰਿੰਦਰ ਸਿੰਘ ਕੋਟਕਪੂਰਾ ਨੇ ਲੇਖਕਾ ਤੇ ਉਹਨਾਂ ਦੀ ਰਚਨਾ ਨਾਲ ਜਾਣ-ਪਛਾਣ ਕਰਵਾ ਕੇ ਲੇਖਕਾ ਇਤਾਸ਼ਾ ਅਰੋੜਾ ਦਾ ਸੁਆਗਤ ਕਰਨ ਉਪਰੰਤ ਸਭਾ ਦੇ ਇਸ ਸੈਂਟਰ ਵਿੱਚ ਨਿਆਸਰੇ ਪਰਿਵਾਰਾਂ ਦੀਆਂ ਹੋਣਹਾਰ ਮੁਟਿਆਰਾਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਦੇ ਸੇਵਾ ਕਾਰਜ ਦੀ ਵਿਆਖਿਆ ਕੀਤੀ।
ਲੇਖਕਾ ਨੇ ਆਪਣੇ ਪਿਤਾ ਮੋਹਨ ਲਾਲ ਗੁਲਾਟੀ ਵਲੋਂ ਇਸ ਸੈਂਟਰ ਵਿੱਚ ਸੇਵਾਵਾਂ ਦੇਣ ਤੋਂ ਪ੍ਰੇਰਿਤ ਹੋ ਕੇ ਨਾਰੀ ਸੰਸਾਰ ਲਈ ਆਪਣੀ ਰਚਨਾ ਨੂੰ ਇੱਥੋਂ ਲੋਕ ਅਰਪਣ ਕਰਨ ਦਾ ਫੈਸਲਾ ਕਰਕੇ ਸੈਂਟਰ ਨੂੰ ਮਾਣ ਦਿੱਤਾ। ਲੇਖਕਾ ਨਾਲ ਉਤਸ਼ਾਹਿਤ ਹੋਈ ਸਰੋਤਿਆਂ ਦੀ ਸੰਗਤ ਨੇ ਵਾਰੋ ਵਾਰੀ ਯਾਦਗਾਰੀ ਤਸਵੀਰਾਂ ਖਿਚਵਾਈਆਂ। ਸਮਾਗਮ ਦੇ ਅੰਤ ਵਿੱਚ ਸਭਾ ਦੇ ਸਰਪ੍ਰਸਤ ਲੈਕ. ਹਰਨਾਮ ਸਿੰਘ ਹਰਲਾਜ ਨੇ ਆਪਣੀ ਪੰਜਾਬੀ ਦੀ ਪੁਸਤਕ ਬਾਬਾਣੀਆਂ ਲੇਖਕਾ ਨੂੰ ਭੇਂਟ ਕਰਨ ਦੇ ਨਾਲ ਨਾਲ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।
ਉਹਨਾ ਲੇਖਕਾ ਦੇ ਬੌਧਿਕ ਕਰਮ ਦੀ ਮਿਹਨਤ ਦਾ ਜਿਕਰ ਕਰਕੇ ਲੇਖਕਾ ਨੂੰ ਨਾਰੀ ਜਗਤ ਦੇ ਕਸ਼ਟਾਂ ਨੂੰ ਰੋਸ਼ਨੀ ਵਿੱਚ ਲਿਆਉਣ ਦੇ ਕਾਰਜ ਦੀ ਪ੍ਰਸੰਸਾ ਕੀਤੀ ਤੇ ਉਹਨਾ ਨੂੰ ਵਧਾਈ ਅਰਥਾਤ ਅਸੀਸ ਦਿੱਤੀ। ਆਪਣੇ ਵਿਸਥਾਰਤ ਲੰਬੇ ਭਾਸ਼ਣ ਵਿੱਚ ਉਹਨਾ ਮਨੁੱਖੀ ਸਮਾਜ ਦੇ ਜਾਲਮਾਨਾਂ ਵੰਡੀਆਂ ਵਾਲੇ ਪ੍ਰਬੰਧ ਵਿਰੁੱਧ ਨਾਰੀ ਚੇਤਨਾ ਦੀ ਲਹਿਰ ਦੀ ਚੜਦੀ ਕਲਾ ਦੀ ਕਾਮਨਾ ਕੀਤੀ ਅਤੇ ਨੌਜਵਾਨਾ/ਮੁਟਿਆਰਾਂ ਨੂੰ ਮਿਲ ਕੇ ਆਦਰਸ਼ ਮਾਨਵਤਾ ਸਿਰਜਣ ਲਈ ਪ੍ਰੇਰਿਆ।