ਸ਼ਮੀਲ ਦੀ ਕਾਵਿ ਪੁਸਤਕ 'ਰੱਬ ਦਾ ਸੁਰਮਾ' ਰਿਲੀਜ਼ ਹੋਈ
ਚੰਡੀਗੜ੍ਹ, 17 ਨਵੰਬਰ 2022 - ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਕਲਾ ਭਵਨ ਵਿਖੇ ਟੋਰਾਂਟੋ ਤੋਂ ਆਏ ਪ੍ਰਵਾਸੀ ਸ਼ਾਇਰ ਸ਼ਮੀਲ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ 'ਰੱਬ ਦਾ ਸੁਰਮਾ' ਰਿਲੀਜ ਕੀਤੀ ਗਈ ਤੇ ਇਸ ਪੁਸਤਕ ਬਾਰੇ ਅਮਰਜੀਤ ਗਰੇਵਾਲ, ਡਾ ਯੋਗਰਾਜ, ਡਾ ਪ੍ਰਵੀਨ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਤੇ ਸ਼ਮੀਲ ਦੀ ਸ਼ਾਇਰੀ ਨੂੰ ਇਕ ਨਵੀਨ ਸ਼ੈਲੀ ਵਿਚ ਪੁਸਤਕ ਭੇਟ ਕਰਨ ਲਈ ਵਧਾਈ ਦਿੱਤੀ। ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਸਵਾਗਤੀ ਸ਼ਬਦ ਕਹਿੰਦਿਆਂ ਸ਼ਮੀਲ ਵਲੋਂ ਕਵਿਤਾ ਦੇ ਨਾਲ ਨਾਲ ਪੱਤਰਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਚਰਚਾ ਵੀ ਕੀਤੀ।
ਇਸ ਸਮਾਰੋਹ ਵਿਚ ਉਘੇ ਲੇਖਕ ਗੁਲਜ਼ਾਰ ਸਿੰਘ ਸੰਧੂ ਨੇ ਵੀ ਸ਼ਿਰਕਤ ਕੀਤੀ ਤੇ ਸ਼ਮੀਲ ਨਾਲ ਜੁੜੀਆਂ ਯਾਦਾਂ ਤਾਜਾ ਕੀਤੀਆਂ। ਪ੍ਰਧਾਨਗੀ ਭਾਸ਼ਣ ਕਰਦਿਆਂ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਸ਼ਮੀਲ ਦੀ ਰੂਹ ਕਾਵਿਕ ਹੈ। ਉਸਦੀ ਸ਼ਾਇਰੀ ਪਾਠਕ ਨੂੰ ਉਂਗਲੀ ਫੜ ਕੇ ਤੋਰਨ ਵਾਲੀ ਹੈ। ਇਸ ਮੌਕੇ ਸ਼ਮੀਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ ਤੇ ਚੰਡੀਗੜ੍ਹ ਵਿਚ ਬਿਤਾਏ ਪਲਾਂ ਨੂੰ ਚੇਤੇ ਕੀਤਾ। ਉਸਦਾ ਪਰਿਸ਼ਦ ਵਲੋਂ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਪ੍ਰੀਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕੀਤਾ ਤੇ ਆਏ ਮਹਿਮਾਨਾਂ ਦੀ ਜਾਣ ਪਛਾਣ ਕਰਵਾਈ। ਇਸ ਸਮਾਰੋਹ ਵਿਚ ਡਾ ਜਸਪਾਲ ਸਿੰਘ, ਕਹਾਣੀਕਾਰ ਹਰਪ੍ਰੀਤ ਸਿੰਘ ਚਨੂੰ, ਨਾਵਲਕਾਰ ਜਸਬੀਰ ਮੰਡ, ਅਵਤਾਰ ਪਤੰਗ, ਦੀਪਕ ਚਨਾਰਥਲ, ਸੁਰਿੰਦਰ ਸਿੰਘ ਸੁੰਨੜ ਸਮੇਤ ਕਈ ਲੇਖਕ ਤੇ ਪਾਠਕ ਪੁੱਜੇ ਹੋਏ ਸਨ।