ਜੀ ਐਸ ਪੰਨੂ
ਪਟਿਆਲਾ, 2 ਸਤੰਬਰ, 2017 : ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਯੂ.ਜੀ.ਸੀ ਨਵੀਂ ਦਿੱਲੀ ਦੇ ਪ੍ਰੋਜੈਕਟ ਵਜੋਂ ਲਿਖੀ ਨਵੀਂ ਪੁਸਤਕ 'ਪੰਜਾਬ ਵਿੱਚ ਖੇਤੀ ਲੇਖਾਕਾਰੀ' ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਿਲੀਜ ਕੀਤੀ। ਇਸ ਸਮੇ ਬਾਦਲ ਨੇ ਕਿਹਾ ਕਿ ਖੇਤੀ ਦੀ ਵਰਤਮਾਨ ਸਥਿਤੀ ਨੂੰ ਸੰਭਾਲਣ ਲਈ ਖੇਤੀ ਵਿੱਚ ਵਣਜੀ ਪਹੁੰਚ ਬਹੁਤ ਜਰੂਰੀ ਹੈ।ਕਿਸਾਨ ਖੇਤੀ ਦੀਆਂ ਲਾਗਤਾਂ ਪ੍ਰਤੀ ਅਵੇਸਲੇ ਹਨ ਅਤੇ ਉਹ ਕਿਸੇ ਕਿਸਮ ਦੇ ਲਾਗਤ ਲਾਭ ਤੁਲਨਾਤਮਕ ਅਧਿਐਨ ਨਹੀਂ ਕਰਦੇ ਅਤੇ ਨਾ ਹੀ ਕਿਸੇ ਕਿਸਮ ਦੇ ਲੇਖੇ ਜੋਖੇ ਰੱਖਣ ਵਿਚ ਵਿਸ਼ਵਾਸ਼ ਕਰਦੇ ਹਨ ।ਉਹਨਾਂ ਕਿਹਾ ਕਿ ਲੇਖਕਾਰੀ ਤੇ ਵਣਜੀ ਪਹੁੰਚ ਕਿਸਾਨਾਂ ਵਿੱਚ ਆਪਣੀ ਫਸਲ ਦਾ ਸਹੀ ਵਿਸ਼ਲੇਸ਼ਣ ਪੈਦਾ ਕਰਨ ਦੀ ਪ੍ਰਵਿਰਤੀ ਪੈਦਾ ਕਰੇਗੀ। ਉਹਨਾਂ ਖੇਤੀ ਲੇਖਾਕਾਰੀ ਦੀ ਅਣਹੋਂਦ ਨੂੰ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ ਦੱਸਿਆ। ਉਹਨਾਂ ਡਾ. ਉੱਭਾ ਨੂੰ ਇਹ ਵੀ ਕਿਹਾ ਕਿ ਇਸ ਕਿਤਾਬ ਨੂੰ ਹੋਰ ਵਿਸਤ੍ਰਿਤ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਵੀ ਤਿਆਰ ਕੀਤਾ ਜਾਵੇ ਤਾਂ ਜੋ ਕਿਸਾਨਾਂ ਲਈ ਪੰਜਾਬੀ ਭਾਸ਼ਾ ਵਿੱਚ ਖੇਤੀ ਲੇਖਾਕਾਰੀ ਦੇ ਸਿਧਾਂਤ ਵਿਕਸਤ ਕੀਤੇ ਜਾ ਸਕਣ।
ਸ੍ਰ. ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਖੇਤੀ ਦਾ ਵਣਜੀ ਲੀਹਾਂ ਉੱਪਰ ਨਾ ਜਾਣ ਅਤੇ ਕਿਸਾਨ ਦੇ ਅਜੇ ਵੀ ਉਹੀ ਭੋਲੇ ਭਾਲੇ ਰੂਪ ਅਤੇ ਨਿਰੰਤਰ ਸੋਸ਼ਣ ਅਤੇ ਸਮੱਸਿਆਵਾਂ ਦਾ ਇੱਕ ਮਹੱਤਵਪੂਰਨ ਕਾਰਨ ਸਾਡੇ ਕਿਸਾਨਾਂ ਦੁਆਰਾ ਖੇਤੀ ਸਬੰਧੀ ਕਿਸੇ ਕਿਸਮ ਦੇ ਲੇਖੇ ਨਾ ਰੱਖਣਾ ਅਤੇ ਲਾਗਤਾਂ ਉੱਪਰ ਕੰਟਰੋਲ ਰੱਖਣ ਲਈ ਕਿਸੇ ਕਿਸਮ ਦੀਆ ਤਕਨੀਕਾਂ ਨੂੰ ਨਾ ਅਪਣਾਉਣਾ ਹੈ ।ਇਹ ਲੇਖਿਆਂ ਦੀ ਬਦੌਲਤ ਹੀ ਹੈ ਕਿ ਅਸੀਂ ਆਪਣੇ ਸੀਮਤ ਸਾਧਨਾਂ ਦੀ ਉਚਿਤ ਵਰਤੋਂ ਕਰ ਸਕਦੇ ਹਾਂ ।
ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਸਹੀ ਲੇਖੇ ਰੱਖਣ ਨਾਲ ਨਾ ਕੇਵਲ ਉਪਜ ਦੀ ਸਹੀ ਲਾਗਤ ਦਾ ਹੀ ਪਤਾ ਚੱਲੇਗਾ ਸਗੋਂ ਲਾਗਤਾਂ ਉੱਪਰ ਕਾਬੂ ਰੱਖਕੇ ਉਹਨਾਂ ਵਿਚ ਕਮੀਂ ਵੀ ਕੀਤੀ ਜਾ ਸਕੇਗੀ ।ਹਰ ਫਸਲ ਦਾ ਲਾਗਤ ਲਾਭ ਅਧਿਐਨ ਕਰਦੇ ਹੋਏ ਉੱਤਮ ਫਸਲ ਚੱਕਰ ਵੀ ਅਪਣਾਇਆ ਜਾ ਸਕੇਗਾ।ਸਥਾਈ ਸੰਪਤੀਆਂ ਜਿਵੇਂ ਟਰੈਕਟਰ,ਟਿਉਬਵੈੱਲ,ਥਰੈਸ਼ਰ, ਕੰਬਾਈਨ ਆਦਿ ਦੇ ਬਦਲਾਉ ਲਈ ਪੈਸਾ ਰਾਖਵਾਂ ਕੀਤਾ ਜਾ ਸਕੇਗਾ ।ਇਸ ਤੋਂ ਇਲਾਵਾ ਨਿੱਤ ਦੇ ਖਰਚਿਆਂ ਦਾ ਹਿਸਾਬ ਰੱਖਕੇ ਅੰਤਿਮ ਉਤਪਾਦ ਦੀ ਸਹੀ ਲਾਗਤ ਦਾ ਅਨੁਮਾਨ ਲਗਾਇਆ ਜਾ ਸਕੇਗਾ।ਇੱਥੇ ਇਹ ਦੱਸਣਾ ਵੀ ਕੁਥਾਉਂ ਨਹੀਂ ਕਿ ਭਾਰਤ ਵਿਚ ਖੇਤੀ ਅਦਾਨ ਪ੍ਰਦਾਨਾਂ ਨੂੰ ਦਰਜ਼ ਕਰਨ ਲਈ ਅਜੇ ਤੱਕ ਕੋਈ ਨਿਯਮਤ ਅਤੇ ਮਿਆਰੀ ਲੇਖਾ ਪ੍ਰਣਾਲੀ ਵਿਕਸਿਤ ਨਹੀਂ ਕੀਤੀ ਗਈ ।ਵਿਕਸਿਤ ਮੁਲਕਾਂ ਵਿਚ ਅਗਾਂਹਵਧੂ ਕਿਸਾਨ ਖੇਤੀ ਲੈਣ ਦੇਣਾਂ ਦੇ ਵਿਸਤਿਰਤ ਰਿਕਾਰਡ ਰੱਖਦੇ ਹਨ ।ਇੱਥੋਂ ਤੱਕ ਅਨੇਕਾਂ ਅਜਿਹੇ ਸਾਫਟਵੇਅਰ ਵੀ ਹੁਣ ਉਪਲਬਧ ਹੋ ਗਏ ਹਨ ਜੋ ਖੇਤੀ ਲੇਖਿਆਂ ਦਾ ਰਿਕਾਰਡ ਰੱਖਣ ਵਿਚ ਪੂਰੀ ਸਹਾਇਤਾ ਕਰਦੇ ਹਨ । ਪਰੰਤੂ ਸਾਡਾ ਕਿਸਾਨ ਅਜੇ ਉਸ ਪ੍ਰਣਾਲੀ ਤੋਂ ਤਾਂ ਮੀਲ਼ਾਂ ਦੂਰ ਹੈ ।ਇਲਾਕੇ ਦੇ ਕਈ ਛੋਟੇ ਵੱਡੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਕਿਸਾਨ ਖੇਤੀ ਲਾਗਤਾਂ ਤੇ ਲੇਖਿਆ ਪ੍ਰਤੀ ਪੂਰੀ ਤਰਾ ਅਣ-ਭਿੱਜ ਹਨ ।