ਸਰਬਜੀਤ ਸੋਹਲ ਦਾ ਕਾਵਿ ਸੰਗ੍ਰਹਿ 'ਕਿਣਕਾ ਕਿਣਕਾ ਹਿੰਸਾ' ਹੋਇਆ ਲੋਕ ਅਰਪਣ
ਰਵੀ ਜੱਖੂ
ਚੰਡੀਗੜ੍ਹ 08 ਸਤੰਬਰ 2023 - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦਾ ਕਾਵਿ ਸੰਗ੍ਰਹਿ 'ਕਿਣਕਾ ਕਿਣਕਾ ਹਿੰਸਾ' ਦਾ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ 'ਚ ਲੇਖਕ, ਪੱਤਰਕਾਰ, ਬੁੱਧੀਜੀਵੀ ਸ਼ਾਮਿਲ ਹੋਏ।
ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਹੋਈ।
ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਸਰਬਜੀਤ ਸੋਹਲ ਨੇ ਕਵਿਤਾ, ਕਹਾਣੀ, ਆਲੋਚਨਾ ਤੇ ਸੰਪਾਦਨ ਵਿਧਾਵਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਤੇ ਉਹਨਾਂ ਦੀ ਹਰ ਰਚਨਾ ਸੰਵੇਦਨਸ਼ੀਲ ਹੁੰਦੀ ਹੈ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਿਰਤੀ, ਕਿਸਾਨ ਮਜ਼ਦੂਰ ਸੰਘਰਸ਼ ਯੋਧਿਆਂ ਨੂੰ ਸਮਰਪਿਤ ਕਾਵਿ ਸੰਗ੍ਰਹਿ 'ਕਿਣਕਾ ਕਿਣਕਾ ਹਿੰਸਾ' ਸਮਾਜ, ਜਾਤ, ਵਰਗ, ਜਮਾਤ, ਸਮੂਹ ਇਕੱਠ, ਸਹਿਮਤੀਆਂ/ਅਸਹਿਮਤੀਆਂ ਦੇ ਆਲੇ ਦੁਆਲੇ ਘੁੰਮਦਾ ਸੱਚ ਕਹਿਣ ਦਾ ਸਾਹਸ ਹੈ।
ਕਿਤਾਬ ਦੀ ਰਿਲੀਜ਼ ਸਮੇਂ ਡਾ. ਸਰਬਜੀਤ ਕੌਰ ਸੋਹਲ ਤੋਂ ਇਲਾਵਾ ਡਾ. ਮਨਮੋਹਨ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਕੁਲਦੀਪ ਸਿੰਘ ਦੀਪ, ਸਿਰੀ ਰਾਮ ਅਰਸ਼, ਡਾ. ਦਵਿੰਦਰ ਦਮਨ, ਅਸ਼ੋਕ ਭੰਡਾਰੀ ਨਾਦਿਰ, ਬਲਕਾਰ ਸਿੱਧੂ ਤੇ ਭੁਪਿੰਦਰ ਸਿੰਘ ਮਲਿਕ ਮੌਜੂਦ ਸਨ।
ਮੁੱਖ ਪਰਚਾ ਪੜ੍ਹਦਿਆਂ ਸਾਹਿਤ ਅਧਿਆਪਨ ਨਾਲ ਜੁੜੇ ਉੱਘੇ ਨਾਟਕਕਾਰ ਤੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਕਿਤਾਬ ਦੇ ਹਵਾਲੇ ਨਾਲ ਕਿਹਾ ਕਿ ਚਿੰਤਨ ਦੀ ਅਜ਼ਮਤ ਨੂੰ ਬਚਾਉਣਾ ਸਮੇਂ ਦੀ ਲੋੜ ਹੈ।
ਸੰਘਰਸ਼ ਦੇ ਪਿੱਛੇ ਦੀ ਮਾਨਸਿਕਤਾ, ਸਾਹਿਤ ਤਦ ਬਣਦੀ ਹੈ ਜਦੋਂ ਅੰਦੋਲਨ ਰੂਪ ਵਿੱਚ ਸਾਡੇ ਸਾਹਮਣੇ ਚੁਣੌਤੀਆਂ ਆ ਖੜ੍ਹਦੀਆਂ ਹਨ।
ਨਵਨੀਤ ਕੌਰ ਮਠਾੜੂ ਨੇ ਤਰੰਨਮ ਵਿਚ 'ਦੀਨ ਤੇਰੇ ਦਾ ਕੀ ਭਰਵਾਸਾ, ਨਿੱਤ ਦਿਹਾੜੇ ਬਦਲਦਾ ਰੰਹਿਦੈ' ਗਾ ਕੇ ਵਾਹ ਵਾਹ ਖੱਟੀ।
'ਕਿਣਕਾ ਕਿਣਕਾ ਹਿੰਸਾ' ਦੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਜਦੋਂ ਸੰਵੇਦਨਸ਼ੀਲ ਮਨ ਬੇਬਸੀ 'ਚ ਹੁੰਦਾ ਹੈ ਤਾਂ ਸ਼ਬਦਾਂ ਦਾ ਉਬਾਲ ਆਪ ਮੁਹਾਰੇ ਆਂਉਦਾ ਹੈ।
ਹਰ ਮਨੁੱਖ ਸਦਾ ਚੰਗਾ ਹੀ ਕਰਨਾ ਚਾਹੁੰਦਾ ਹੈ ਪਰ ਵਲੂੰਧਰਿਆ ਹਿਰਦਾ ਖਤਰਨਾਕ ਤਰੀਕੇ ਨਾਲ ਜਜ਼ਬਾਤ ਨੂੰ ਉਲ੍ਹਾਮਾ ਦਿੰਦਿਆਂ ਸ਼ਬਦਾਂ ਰਾਹੀਂ ਕੁਝ ਅਜਿਹਾ ਸਿਰਜ ਛੱਡਦਾ ਹੈ ਕਿ ਕਲਮ ਨੂੰ ਸਾਥ ਦੇਣਾ ਹੀ ਪੈਂਦਾ ਹੈ।
ਵੇਖਣ ਤੇ ਮਹਿਸੂਸ ਕਰਨ ਵਿਚ ਫ਼ਰਕ ਹੁੰਦਾ ਹੈ ਤੇ ਸ਼ਾਇਦ ਇਹ ਹੀ ਇਸ ਦੀ ਸੂਖਮਤਾ ਦੀ ਸਿਖਰ ਹੈ।
ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਮਨਮੋਹਨ ਨੇ ਕਿਹਾ ਕਿ ਕਵਿਤਾ ਸਾਹਿਤ ਦੀ ਸਭ ਤੋਂ ਸਰਲ ਤੇ ਸਭ ਤੋਂ ਔਖੀ ਵਿਧਾ ਹੈ।
ਸਮਾਜਿਕ ਤੇ ਸਭਿਆਚਾਰਕ ਵਿਕਾਸ ਵਿੱਚ ਹਿੰਸਾ ਹਮੇਸ਼ਾ ਹੋਂਦ ਵਿਚ ਰਹੀ ਹੈ ਤੇ ਸੰਘਰਸ਼ ਸਦਾ ਹੀ ਸਾਹਿਤ ਨੂੰ ਪ੍ਰਭਾਵਿਤ ਕਰਦੇ ਰਹੇ ਹਨ ਜਿਸ ਦੀਆਂ ਅਨੇਕਾਂ ਉਦਹਾਰਣਾਂ ਵਿਸ਼ਵ ਇਤਿਹਾਸ ਵਿਚ ਦਰਜ ਹਨ।
ਕਵਿਤਾ ਆਪਣੇ ਸ਼ਬਦ ਨਾਲ ਲੈ ਕੇ ਜਨਮ ਲੈਂਦੀ ਹੈ ਤੇ ਕਵੀ ਨੂੰ ਗੰਭੀਰ ਤੇ ਸਜਗ ਹੋਣਾ ਲਾਜ਼ਮੀ ਹੈ।
ਕਵਿਤਾ ਪਾਠਕ ਦੀ ਹੁੰਦੀ ਹੈ ਜਦ ਉਹ ਇਸ ਨੂੰ ਪੜ੍ਹਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਵਿਤਾ ਦੇ ਹਵਾਲੇ ਨਾਲ ਪ੍ਰੇਮ ਅਤੇ ਹਿੰਸਾ ਦੇ ਆਪੋ ਆਪਣੇ ਪ੍ਰਸੰਗ ਹਨ।
ਹਿੰਸਾ ਅੱਗ ਲਗਾ ਸਕਦੀ ਹੈ ਪਰ ਬੁਝਾਂਉਦਾ ਸਦਾ ਪ੍ਰੇਮ ਹੀ ਹੈ।
ਪੂਰਨ ਭਗਤ, ਰਾਜਾ ਸਲਵਾਨ, ਇੱਛਰਾਂ ਦਾ ਵਾਰਤਾਲਾਪ, ਹੀਰ ਵਾਰਿਸ ਸ਼ਾਹ ਤੇ ਸੱਸੀ ਪੁੰਨੂੰ ਦਾ ਜ਼ਿਕਰ ਕਰਦਿਆਂ ਡਾ. ਸਿਰਸਾ ਨੇ ਕੀਤਾ ਕਿ ਕਵਿਤਾ ਆਦਮੀ ਦਾ ਸਾਥ ਕਦੇ ਨਹੀਂ ਛੱਡਦੀ।
ਸਿੱਖ ਫ਼ਲਸਫ਼ਾ ਵੀ ਕਿਰਤ ਦੀ ਗੱਲ ਕਰਦਾ ਨਾਮ ਜਪਣ ਤੇ ਵੰਡ ਛਕਣ ਦੀ ਬਾਤ ਪਾਂਉਦਾ ਹੈ।
ਦਮਨ, ਦਾਬੇ ਤੇ ਖਾਮੋਸ਼ੀ ਦਾ ਦੌਰ ਸਦਾ ਨਹੀਂ ਰੰਹਿਦਾ।
ਡਰ ਦੇ ਮਾਰੇ ਚੁੱਪ ਰਹਿਣਾ ਵੀ ਗ਼ਲਤ ਹੈ ਤੇ ਇਸੇ ਲਈ ਕਵੀ ਚੇਤਨਾ ਨੂੰ ਜਗਾਉਣ ਦਾ ਹੰਭਲਾ ਮਾਰਦਾ ਹੈ।
ਸੁਰਜੀਤ ਸਿੰਘ ਧੀਰ ਨੇ ਕਿਤਾਬ ਵਿਚੋਂ ਵੀ ਇਕ ਕਵਿਤਾ ਵਧੀਆ ਤਰੀਕੇ ਨਾਲ ਗਾਈ।
ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਮਿਆਰੀ ਕਵਿਤਾ ਸਮਾਜ ਨੂੰ ਸੇਧ ਦੇਣ ਦੇ ਸਮਰੱਥ ਹੁੰਦੀ ਹੈ।
ਸਮਾਗਮ ਵਿਚ ਮੌਜੂਦ ਹੋਰਨਾਂ ਉੱਘੀਆਂ ਸ਼ਖ਼ਸੀਅਤਾਂ ਵਿਚ ਰਾਜਿੰਦਰ ਕੌਰ, ਸੁਖਵਿੰਦਰ ਆਹੀ, ਮਨਜੀਤ ਕੌਰ ਮੀਤ, ਪਾਲ ਅਜਨਬੀ, ਜੈ ਸਿੰਘ ਛਿੱਬਰ, ਸੁਰਜੀਤ ਸੁਮਨ, ਗੁਰਚਰਨ ਸਿੰਘ, ਮਨਜੀਤ ਪਾਲ ਸਿੰਘ, ਜਗਦੀਪ ਕੌਰ ਨੂਰਾਨੀ, ਹਰਮਿੰਦਰ ਸਿੰਘ ਕਾਲੜਾ, ਪ੍ਰਭਜੋਤ ਕੌਰ, ਜਸਮੀਤ ਸਿੰਘ ਵਿਰਦੀ, ਵਰਿੰਦਰ ਸਿੰਘ ਚੱਠਾ, ਸੁਖਦੇਵ ਸਿੰਘ, ਪਰਮਿੰਦਰ ਸਿੰਘ ਮਦਾਨ, ਸੁਖਜੀਵਨ, ਡਾ. ਗੁਰਮੇਲ ਸਿੰਘ, ਸੁਰਿੰਦਰ ਕੁਮਾਰ, ਏ. ਐੱਸ. ਖੁਰਾਣਾ, ਐਡਵੋਕੇਟ ਅਮਰਜੀਤ ਸਿੰਘ, ਲਖਵਿੰਦਰ ਸਿੰਘ, ਖੋਜੀ ਕਾਫ਼ਿਰ, ਬਲਬੀਰ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਪ੍ਰੋ. ਦਿਲਬਾਗ ਸਿੰਘ, ਅਜੇ ਵਿਸ਼ਵਕਰਮਾ, ਮਨਮੋਹਨ ਸਿੰਘ ਕਲਸੀ, ਪਿਆਰਾ ਸਿੰਘ ਰਾਹੀ, ਧਿਆਨ ਸਿੰਘ ਕਾਹਲੋਂ, ਬਾਬੂ ਰਾਮ ਦੀਵਾਨਾ, ਜਗਤਾਰ ਸਿੰਘ ਜੋਗ, ਡਾ. ਮਨਜੀਤ ਸਿੰਘ ਬਲ, ਅਮਨਜੋਤ ਕੌਰ ਸਿੱਧੂ, ਕੁਲਵਿੰਦਰ ਟੌਹੜਾ, ਸੁਖਵਿੰਦਰ ਕੌਰ, ਅਧਿਆਤਮ ਪ੍ਰਕਾਸ਼, ਕੈ. ਨਰਿੰਦਰ ਸਿੰਘ ਆਈ. ਏ. ਐੱਸ, ਡਾ. ਦਵਿੰਦਰ ਦਮਨ, ਡਾ. ਸੁਰਿੰਦਰ ਗਿੱਲ, ਸਤਨਾਮ ਕੌਰ, ਰਾਜੇਸ਼ ਬੇਨੀਵਾਲ, ਸੰਜੀਵਨ ਸਿੰਘ, ਜੰਗ ਬਹਾਦਰ ਗੋਇਲ, ਡਾ. ਨੀਲਮ ਗੋਇਲ, ਜੀਤੂ ਬੇਦੀ, ਬਵਿਨ ਕੁਮਾਰ, ਤਲਵਿੰਦਰ ਸਿੰਘ, ਅਜਾਇਬ ਸਿੰਘ ਔਜਲਾ, ਨੀਰਜ ਪਾਂਡੇ, ਨਾਗੇਸ਼ਵਰ ਕੁਮਾਰ, ਹਰਦੇਵ ਚੌਹਾਨ ਅਤੇ ਵਰਿੰਦਰ ਸਿੰਘ ਸ਼ਾਮਿਲ ਸਨ।