ਲੁਧਿਆਣਾ: 7 ਮਾਰਚ 2021 - ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਬਾਗਬਾਨੀ ਦੇ ਅਸਿਸਟੈਂਟ ਪ੍ਰੋਫੈਸਰ ਮਹਾਂਵੀਰ ਸਿੰਘ ਸੰਧੂ ਦੇ ਪਲੇਠੇ ਨਾਵਲ ਅੰਬੀਰ ਨੂੰ ਲੋਕ ਅਰਪਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੰਬੀਰ ਦਾ ਸਿਰਜਕ ਮਹਾਂਵੀਰ ਸਿੰਘ ਸੰਧੂ ਇਸ ਗੱਲੋਂ ਸੁਭਾਗਾ ਹੈ ਕਿ ਉਸ ਕੋਲ ਖਾਰੇ ਮਾਝੇ ਦੀ ਟਕਸਾਲੀ ਭਾਸ਼ਾ ਵੀ ਹੈ ਅਤੇ ਵਿਗਿਆਨਕ ਸੂਝ ਵੀ। ਦੋਹਾਂ ਦਾ ਸੁਮੇਲ ਬਣਾਈ ਰੱਖਣ ਦੀ ਬਹੁਤ ਲੋੜ ਹੈ ਕਿਉਂਕਿ ਵਿਗਿਆਨਕ ਨਜ਼ਰੀਆ ਅਤੇ ਸੂਝ ਬੂਝ ਸਮਾਜਿਕ ਯਥਾਰਥ ਨੂੰ ਸਮਝਣ ਵਿੱਚ ਬਹੁਤ ਸਹਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਪ੍ਰੋ: ਪੁਰਨ ਸਿੰਘ ਤੇ ਡਾ: ਮ ਸ ਰੰਧਾਵਾ ਦੀ ਮਿਸਾਲ ਪ੍ਰਮੁੱਖ ਹੈ ਜੋ ਵਿਸ਼ੇ ਪੱਖੋਂ ਬਨਸਪਤੀ ਵਿਗਿਆਨੀ ਸਨ ਪਰ ਲੇਖਕ ਤੇ ਕੁਸ਼ਲ ਖੋਜੀ ਵੀ ਕਮਾਲ ਦੇ ਸਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਝੇ ਦੀ ਸ਼ਬਦਾਵਲੀ ਵਰਤ ਕੇ ਜਿੱਥੇ ਮਹਾਂਵੀਰ ਸਿੰਘ ਸੰਧੂ ਨੇ ਆਪਣੇ ਖੇਤਰੀ ਸਭਿਆਚਾਰ ਦੀ ਸੰਭਾਲ ਕੀਤੀ ਹੈ ਉਥੇ ਮਾਂ ਬੋਲੀ ਪੰਜਾਬੀ ਦਾ ਵੀ ਸ਼ਬਦ ਭੰਡਾਰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਵਲ ਰਾਹੀਂ ਮਹਾਂਵੀਰ ਸਿੰਘ ਦਾ ਸਾਹਿੱਤ ਜਗਤ ਚ ਚੰਗਾ ਪੈਰ ਧਰਾਵਾ ਹੋ ਗਿਆ ਹੈ।
ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਖੇਤੀਬਾੜੀ ਕਾਲਿਜ ਦੇ ਡੀਨ ਡਾ: ਜਗਤਾਰ ਸਿੱਘ ਬੱਲ ਨੇ ਕਿਹਾ ਕਿ ਮਹਾਂਵੀਰ ਸਿੰਘ ਸਮਰਪਿਤ ਅਧਿਆਪਕ ਤਾਂ ਹੈ ਹੀ, ਇਸ ਨਾਵਲ ਦੀ ਰਚਨਾ ਨਾਲ ਉਹ ਜੁੰਮੇਵਾਰ ਲੇਖਕ ਦੇ ਰੂਪ ਵਿੱਚ ਵੀ ਉੱਸਰੇਗਾ। ਉਸ ਨੇ ਆਪਣੇ ਜੱਦੀ ਪਿੰਡ ਧੁੰਨ(ਤਰਨਤਾਰਨ) ਦੀ ਜ਼ਬਾਨ ਨੂੰ ਸੰਭਾਲ ਕੇ ਨਾਵਲ ਚ ਵਰਤਿਆ ਹੈ, ਇਹ ਚੰਗੀ ਗੱਲ ਹੈ।
ਮਹਾਂਵੀਰ ਸਿੰਘ ਨੇ ਇਸ ਮੌਕੇ ਆਪਣੇ ਨਾਵਲ ਦੇ ਸਿਰਜਣ ਤੇ ਕਥਾਨਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਾਵਲ ਲਿਖ ਕੇ ਮੈਂ ਅੰਬੀਰ ਨਾਮ ਦੇ ਬਚਪਨ ਚ ਮਾਂ ਗੁਆ ਚੁਕੇ ਬੱਚੇ ਨਾਲ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਵਲ ਵਿੱਚ ਪੁਰਾਣਾ ਰਿਸ਼ਤਾ ਨਾਤਾ ਪ੍ਰਬੰਧ ਵੀ ਹੈ ਅਤੇ ਵਰਤਮਾਨ ਜੀਵਨ ਚੁਣੌਤੀਆਂ ਵੀ। ਮੇਰਾ ਨਾਵਲ ਦੁਨਿਆਵੀ ਵਹਿਮ ਭਰਮ ਅਤੇ ਛਲ ਕਰਟ ਦੇ ਪਰਛਾਵੇਂ ਹੇਠ ਪਲਦੇ ਲੋਕਾਂ ਦੀ ਬਾਤ ਪਾਉਂਦਾ ਹੈ। ਮਾਂ ਦੇ ਦੁੱਧ ਤੋਂ ਵਾਂਝੇ ਪੁੱਤਰ ਦੀ ਦਾਸਤਾਨ ਹੈ ਇਹ ਨਾਵਲ।
ਮੰਚ ਸੰਚਾਲਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੀ ਐੱਚ ਡੀ ਖੋਜ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਕੀਤਾ।
ਇਸ ਸਮਾਗਮ ਵਿੱਚ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਪ੍ਰੋਫੈਸਰ ਤੇ ਮੁਖੀ ਭੂਮੀ ਵਿਗਿਆਨ ਡਾ: ਹਰਮੀਤ ਸਿੰਘ ਥਿੰਦ,ਰੋਜ਼ਾਨਾ ਜੁਝਾਰ ਟਾਈਮਜ਼ ਦੇ ਸੰਪਾਦਕ ਬਲਵਿੰਦਰ ਸਿੰਘ ਬੋਪਾਰਾਏ,ਉੱਘੇ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਗੁਰਿੰਦਰ ਕਲਸੀ, ਰਵੀ ਰਵੀਦੀਪ, ਮਨਦੀਪ ਕੌਰ ਭਮਰਾ, ਅਮਰਜੀਤ ਸ਼ੇਰਪੁਰੀ, ਦਲਬੀਰ ਲੁਧਿਆਣਵੀ ਤੇ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਅਧਿਆਪਕ ਸਾਹਿਬਾਨ ਹਾਜ਼ਰ ਸਨ। ਧੰਨਵਾਦ ਦੇ ਸ਼ਬਦ ਡਾ: ਜਸਪ੍ਰੀਤ ਕੌਰ ਨੇ ਕਹੇ।