ਹਰਦਮ ਮਾਨ
ਸਰੀ, 28 ਨਵੰਬਰ 2019 - ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਮਾਤਾ ਦਰਸ਼ਨ ਕੌਰ ਜੀ ਦੇ 101 ਵੇਂ ਜਨਮ ਦਿਨ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਲਵਲੀ ਬੈਂਕਿਉਟ ਹਾਲ ਸਰੀ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ ਅਤੇ ਜਰਨੈਲ ਸਿੰਘ ਸੇਖਾ ਨੇ ਕੀਤੀ। ਪ੍ਰਭਸਿਮਰਨ ਕੌਰ, ਇਕਰਾਜ ਸਿੰਘ ਤੇ ਬੀਬੀ ਰਹਿਮਤ ਕੌਰ ਵੱਲੋਂ ਪੇਸ਼ ਸ਼ਬਦ “ਦੇਹਿ ਸ਼ਿਵਾ ਬਰ ਮੋਹਿ ਇਹੈ” ਨਾਲ ਸਮਾਰੋਹ ਦੀ ਸ਼ੁਰੂਆਤ ਹੋਈ। ਦਲਜੀਤ ਸਿੰਘ ਸੰਧੂ ਨੇ ਮਾਤਾ ਦਰਸ਼ਨ ਕੌਰ ਜੀ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ।
ਉਪਰੰਤ ਗਜ਼ਲਗੋ ਤੇ ਪੱਤਰਕਾਰ ਹਰਦਮ ਸਿੰਘ ਮਾਨ ਨੇ ਪੰਜਾਬ ਦੇ ਕਾਲਮ ਨਵੀਸ ਤੇ ਲੇਖਕ ਉਜਾਗਰ ਸਿੰਘ ਦਾ ਪਰਚਾ “ਮੋਤੀ ਪੰਜ ਦਰਿਆਵਾਂ ਦਾ-ਪੁਸਤਕ ਲਹਿੰਦੇ ਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ” ਪੜ੍ਹਿਆ। ਫਿਰ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪੁਸਤਕ ਦੇ ਵੱਖ-ਵੱਖ ਵਿਦਵਾਨਾਂ ਦਾ ਨਜ਼ਰੀਆ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਨਹੀਂ ਸਗੋਂ ਜੈਤੇਗ ਸਿੰਘ ਅਨੰਤ ਪ੍ਰਤੀ ਲਹਿੰਦੇ ਪੰਜਾਬ ਦਾ ਅਭਿਨੰਦਨ ਗ੍ਰੰਥ ਹੈ। ਪੰਜਾਬੀ ਹੈਰੀਟੇਜ ਦੇ ਸੰਪਾਦਕ ਲਖਬੀਰ ਸਿੰਘ ਖੰਗੂੜਾ ਨੇ ਨਾਮਵਰ ਅਦੀਬ ਡਾ: ਨਬੀਲਾ ਰਹਿਮਾਨ (ਮੁਖੀ ਸੋਬਾ ਪੰਜਾਬੀ ਉਰੀਐਂਟਲ ਕਾਲਜ ਪੰਜਾਬ ਯੂਨੀਵਰਸਿਟੀ ਲਾਹੌਰ) ਦਾ ਖੋਜ ਭਰਪੂਰ ਪਰਚਾ ਪੜ੍ਹਿਆ। ਉਹ ਆਖਦੀ ਹੈ ਕਿ ਜੈਤੇਗ ਸਿੰਘ ਅਨੰਤ ਨੇ ਲਹਿੰਦੇ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਸੂਰਤੇ ਹਾਲਾਤ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਲਿਪੀਆਂ ਦੀ ਸਾਂਝ ਲਈ ਲਾਮਿਸਾਲ ਕਾਰਜ ਕੀਤਾ ਹੈ। ਇਸ ਤੋਂ ਬਾਅਦ ਤਾੜੀਆਂ ਦੀ ਗੂੰਜ ਵਿਚ ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ, ਜਰਨੈਲ ਸਿੰਘ ਸੇਖਾ, ਦਲਜੀਤ ਸਿੰਘ ਸੰਧੂ ਤੇ ਬਿੱਕਰ ਸਿੰਘ ਖੋਸਾ ਨੇ ਪੁਸਤਕ ਰਿਲੀਜ਼ ਕੀਤੀ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਦਲਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਦਰਦੀ (ਚੜ੍ਹਦੀ ਕਲਾ ਟਾਈਮ ਟੀ. ਵੀ.) ਜੈਤੇਗ ਸਿੰਘ ਅਨੰਤ ਤੇ ਬਿੱਕਰ ਸਿੰਘ ਖੋਸਾ ਨੇ ਕੀਤੀ। ਪ੍ਰਿੰ. ਸੁਰਿੰਦਰ ਕੌਰ ਬਰਾੜ ਨੇ ਬੀਬੀ ਇੰਦਰਜੀਤ ਕੌਰ ਸਿੱਧੂ ਦੇ ਕੀਤੇ ਗਏ ਸਾਹਿਤਕ ਕਾਰਜ, ਵਿਸ਼ਾ ਵਸਤੂ ਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ, ਹਰਪ੍ਰੀਤ ਕੌਰ ਚਾਹਲ ਨੇ ਹਰਚੰਦ ਸਿੰਘ ਬਾਗੜੀ ’ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਵਾਰਤਿਕ ਤੇ ਕਵਿਤਾ ਦੋਹਾਂ ਵਿਚ ਹੀ ਮਜ਼ਬੂਤ ਪਕੜ ਹੈ ਤੇ ਉਨ੍ਹਾਂ ਦੇ ਸ਼ਬਦੀ ਸ਼ਾਹਕਾਰ ਆਲਮੀ ਜਗਤ ਵਿਚ ਮਕਬੂਲ ਹਨ। ਜੈਤੇਗ ਸਿੰਘ ਅਨੰਤ ਨੇ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਜਰਨੈਲ ਸਿੰਘ ਸਿੱਧੂ ਬਾਰੇ ਕੁਝ ਸ਼ਬਦ ਕਹੇ ਅਤੇ ਉਨ੍ਹਾਂ ਨੂੰ ਗੁਣਾਂ ਦੀ ਵਗਦੀ ਤ੍ਰਿਵੈਣੀ ਕਿਹਾ। ਉਪਰੰਤ ਇੰਦਰਜੀਤ ਕੌਰ ਸਿੱਧੂ ਨੂੰ ਮਾਤਾ ਦਰਸ਼ਨ ਕੌਰ ਯਾਦਗਾਰੀ ਐਵਾਰਡ, ਨਾਮਵਰ ਲੇਖਕ ਹਰਚੰਦ ਸਿੰਘ ਬਾਗੜੀ ਅਤੇ ਸਮਾਜ ਸੇਵੀ ਜਰਨੈਲ ਸਿੰਘ ਸਿੱਧੂ ਨੂੰ ਭਾਈ ਸਾਹਿਬ ਹਰਿਚਰਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਐਵਾਰਡਾਂ ਵਿਚ ਯਾਦਗਾਰੀ ਚਿੰਨ੍ਹ, ਲੋਈ, ਸ਼ਾਲ, ਦਸਤਾਰ, ਕਿਤਾਬਾਂ ਦਾ ਸੈੱਟ ਤੇ ਫੁੱਲਾਂ ਦਾ ਗੁੱਲਦਸਤਾ ਸ਼ਾਮਿਲ ਸਨ।
ਇਸ ਅਵਸਰ ਤੇ ਵਰਲਡ ਸਿੱਖ ਆਰਗਨਾਈਜੇਸ਼ਨ ਦੇ ਫਾਊਂਡਰ ਗਿਆਨ ਸਿੰਘ ਸੰਧੂ ਨੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿਤੀ ਅਤੇ ਟਰੱਸਟ ਦੀ ਪ੍ਰਸੰਸਾ ਕੀਤੀ। ਜੈਤੇਗ ਸਿੰਘ ਅਨੰਤ ਦੀ ਵਡਿਆਈ ਕਰਦਿਆਂ ਉਨਾਂ ਕਿਹਾ ਸ. ਅਨੰਤ ਦਾ ਜੀਵਨ ਸਿੱਖ ਸੋਚ ਨੂੰ ਸਮਰਪਿਤ ਹੈ ਅਤੇ ਉਹ ਆਪਣੇ ਮਾਤਾ-ਪਿਤਾ ਦੇ ਪੂਰਨਿਆਂ ਤੇ ਚੱਲ ਰਹੇ ਹਨ। ਇਸ ਮੌਕੇ ਐਡਮਿੰਟਨ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਚੜ੍ਹਦੀ ਕਲਾ ਟਾਈਮ ਟੀ. ਵੀ. ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਨੇ ਮਾਤਾ ਦਰਸ਼ਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨਾਂ ਕਿਹਾ ਕਿ ਚੜ੍ਹਦੀ ਕਲਾ ਟਾਈਮ ਟੀ. ਵੀ. ਭਾਈਚਾਰੇ ਲਈ ਹਰ ਸਮੇਂ ਆਪਣੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਸਮਾਗਮ ਵਿਚ ਰਾਮਗੜ੍ਹੀਆ ਭਾਈਚਾਰੇ ਦੀ ਰੂਹੇ-ਰਵਾਂ ਸੁਰਿੰਦਰ ਸਿੰਘ ਜੱਬਲ ਨੇ ਮਾਤਾ ਦਰਸ਼ਨ ਕੌਰ ਨੂੰ ਭਾਵਭਿੰਨੀ ਸ਼ਰਧਾਂਜਲੀ ਦੇ ਨਾਲ ਨਾਲ ਉਨਾਂ ਦੇ ਸਪੁੱਤਰ ਜੈਤੇਗ ਸਿੰਘ ਅਨੰਤ ਦੀ ਸੋਚ ਦੀ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਪ੍ਰਸੰਸਾ ਕੀਤੀ। ਸਿੱਖ ਵਿਦਵਾਨ ਤੇ ਚਿੰਤਕ ਗਿਆਨੀ ਕੁਲਵਿੰਦਰ ਸਿੰਘ ਨੇ ਗੁਰਬਾਣੀ ਦੇ ਪਰਿਪੇਖ ਵਿਚ “ਮਾਂ” ਦੇ ਦਰਜੇ ਦੀ ਅਹਿਮੀਅਤ ਨੂੰ ਪ੍ਰਗਟਾਇਆ। ਮਾਂ ਅਤੇ ਔਰਤ ਸਬੰਧੀ ਗੁਰਬਾਣੀ ਦੇ ਕਈ ਪ੍ਰਮਾਣ ਦੇ ਕੇ ਉਨ੍ਹਾਂ ਵਿਸ਼ਮਾਦੀ ਮਾਹੌਲ ਸਿਰਜ ਦਿਤਾ। ਬਿੱਕਰ ਸਿੰਘ ਖੋਸਾ ਤੇ ਲਖਬੀਰ ਸਿੰਘ ਖੰਗੂੜਾ ਨੇ ਸਾਰੇ ਸਮਾਗਮ ਦਾ ਬਹੁਤ ਹੀ ਸਲੀਕੇ ਨਾਲ ਸੰਚਾਲਨ ਕੀਤਾ। ਸ਼ਾਇਰ ਮੋਹਨ ਗਿੱਲ ਨੇ ਅੰਤ ਵਿਚ ਟਰੱਸਟ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ।
ਸਮਾਗਮ ਵਿਚ ਸ਼ਾਮਲ ਉਘੀਆਂ ਹਸਤੀਆਂ, ਲੇਖਕ ਕਵੀ, ਪੱਤਰਕਾਰ, ਸਮਾਜ ਸੇਵੀ ਤੇ ਪਤਵੰਤਿਆਂ ਵਿਚ ਦਸ਼ਮੇਸ਼ ਦਰਬਾਰ ਦੇ ਫਾਊਂਡਰ ਪ੍ਰਧਾਨ ਜਗਤਾਰ ਸਿੰਘ ਸੰਧੂ, ਚਰਨਜੀਤ ਸਿੰਘ ਰੰਧਾਵਾ, ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ, ਪਰਮਜੀਤ ਸਿੰਘ ਰੰਧਾਵਾ, ਰਜਿੰਦਰ ਸਿੰਘ ਪੰਧੇਰ, ਸੀਤਾ ਰਾਮ ਹਮੀਰ, ਗੁਰਦੇਵ ਸਿੰਘ ਬਾਠ, ਹਰਸ਼ਰਨ ਕੌਰ, ਡਾ: ਰਿਸ਼ੀ ਸਿੰਘ, ਡਾ: ਰਾਜਵੰਤ ਚਲਾਣਾ, ਅੰਗਰੇਜ਼ ਬਰਾੜ, ਅਮਰੀਕ ਪਲਾਹੀ, ਡਾ. ਸਰਵਨ ਰੰਧਾਵਾ, ਸੁਤੇ ਮਾਹੀਰ, ਦਵਿੰਦਰ ਸਿੰਘ, ਗਿਆਨ ਸਿੰਘ ਨਾਮਧਾਰੀ, ਗੁਰਬਚਨ ਸਿੰਘ ਨਾਮਧਾਰੀ, ਸੁਰਜੀਤ ਮਾਧੋਪੁਰੀ, ਜਸਬੀਰ ਕੌਰ ਮਾਨ, ਗੁਰਮੀਤ ਸਿੰਘ ਬੌਬੀ, ਗੋਵਿੰਦਰ ਸਿੰਘ ਸੰਘਾ, ਦਰਸ਼ਨ ਸੰਘਾ ਆਦਿ ਸ਼ਾਮਲ ਸਨ।