ਸੀ ਤੇ ਡੀ ਵਰਗ ਦੀਆਂ ਨੌਕਰੀਆਂ ਲਈ ਪੰਜਾਬੀ ਭਾਸ਼ਾ ਦਾ ਇਮਤਿਹਾਨ ਲਾਜ਼ਮੀ ਕਰਨ ਦੇ ਫ਼ੈਸਲੇ ਦੀ ਪੰਜਾਬੀ ਲੇਖਕਾਂ ਵੱਲੋਂ ਸ਼ਲਾਘਾ
- ਯੂਨੀਵਰਸਿਟੀਆਂ ਤੇ ਕਾਲਿਜ ਅਧਿਆਪਕਾਂ ਨੂੰ ਵੀ ਨਵੇਂ ਯੂ ਜੀ ਸੀ ਗਰੇਡ ਲਾਗੂ ਕਰਨ ਦੀ ਮੰਗ
ਲੁਧਿਆਣਾਃ 25 ਮਈ 2022 - ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ,ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਪੰਜਾਬੀ ਕਹਾਣੀਕਾਰ ਸੁਖਜੀਤ, ਕਵੀ ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਪੰਜਾਬ ਸਰਕਾਰ ਦੀਆਂ ਸੀ ਤੇ ਡੀ ਵਰਗ ਦੀਆਂ ਨੌਕਰੀਆਂ ਵਾਸਤੇ ਲਈ ਜਾਣ ਵਾਲੀ ਪ੍ਰੀਖਿਆ ਵਿੱਚ ਦਸਵੀਂ ਜਮੀਤ ਪੱਧਰ ਦੀ ਪੰਜਾਬੀ ਵਿੱਚੋਂ ਪੰਜਾਹਵਫੀ ਸਦੀ ਅੰਕ ਲਾਜ਼ਮੀ ਕਰਨ ਦੇ ਫ਼ੈਸਲੇ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਇਹ ਫ਼ੈਸਲਾ ਏ ਅਤੇ ਬੀ ਵਰਗ ਲਈ ਵੀ ਲਾਗੂ ਕਰਨਾ ਬਣਦਾ ਹੈ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਰਾਜ ਭਾਸ਼ਾ ਐਕਟ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਃ ਭਗਵੰਤ ਸਿੰਘ ਮਾਨ ਨੇ ਚੋਰ ਮੋਰੀਆਂ ਤੇ ਹਲਕੇ ਸਰਟੀਫੀਕੇਟਾਂ ਦੀ ਮਦਦ ਨਾਲ ਪੰਜਾਬ ਵਿੱਚ ਨੌਕਰੀਆਂ ਹਥਿਆਉਣ ਵਾਲਿਆਂ ਲਈ ਰਾਹ ਬੰਦ ਕਰਕੇ ਲੋਕ ਪੱਖੀ ਫ਼ੈਸਲਾ ਲਿਆ ਹੈ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਵੱਖਰੇ ਲਿਖਤੀ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਲਈ ਮਾਹੌਲ ਉਸਾਰਨ ਦਾ ਵੀ ਵਿਰੋਧ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਚਾਲ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਅਜਿਹਾ ਹੋਣ ਨਾਲ ਚੰਡੀਗੜ੍ਹ ਤੇ ਪੰਜਾਬ ਦੀ ਦਾਅਵੇਦਾਰੀ ਕਮਜ਼ੋਰ ਪੈ ਜਾਵੇਗੀ। ਇਸ ਯੂਨੀਵਰਸਿਟੀ ਦਾ ਲੋਕ ਤੰਤਰੀ ਸਰੂਪ ਵੀ ਖ਼ਤਰੇ ਚ ਪੈ ਜਾਵੇਗਾ।
ਉਨ੍ਹਾਂ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਿਜਾਂ ਦੀ ਆਰਥਿਕ ਸਿਹਤ ਸੁਧਾਰਨ ਲਈ ਕਮਿਸ਼ਨ ਗਠਿਤ ਕੀਤਾ ਜਾਵੇ ਅਤੇ ਨਾਲ ਹੀ ਪੂਰੇ ਦੇਸ਼ ਵਿੱਚ ਲਾਗੂ ਹੋ ਚੁਕੇ ਯੂ ਜੀ ਸੀ ਗਰੇਡ ਵੀ ਲਾਗੂ ਕੀਤੇ ਜਾਣ ਤਾਂ ਜੋ ਅਧਿਆਪਕਾਂ ਵਿੱਚ ਅਸੰਤੁਸ਼ਟੀ ਘਟੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਇੱਕ ਵਾਰ ਪਹਿਲਾਂ ਵੀ ਕੇਂਦਰੀ ਅਧਿਕਾਰ ਚ ਲੈਣ ਦੀ ਗੱਸਲ ਤੁਰੀ ਸੀ ਪਰ ਉਹ ਚਾਲ ਲੋਕਾਂ ਦੇ ਵਿਰੋਧ ਤੇ ਪੰਜਾਬ ਸਰਕਾਰ ਦੀ ਵੇਲੇ ਸਿਰ ਲਿਖਾ ਪੜ੍ਹੀ ਕਾਰਨ ਆਪਣੀ ਮੌਤ ਆਪ ਹੀ ਮਰ ਗਈ ਸੀ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਨੂੰ ਇਹ ਵੀ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਾਸ਼ਟਰੀ/ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੋਈ ਵਿਗਿਆਨੀ ਵਾਈਸ ਚਾਂਸਲਰ ਤੁਰੰਤ ਲਾਇਆ ਜਾਵੇ ਕਿਉਂਕਿ ਜਿਸ ਯੂਨੀਵਰਸਿਟੀ ਨੇ ਦੇਸ਼ ਦੀਆਂ ਖੇਤੀ ਜ਼ਰੂਰਤਾਂ ਪੂਰੀਆਂ ਕਰਨੀਆਂ ਹਨ, ਉਹ ਪਿਛਲੇ ਇੱਕ ਸਾਲ ਤੋਂ ਰੈਗੂਲਰ ਵਾਈਸ ਚਾਂਸਲਰ ਨੂੰ ਉਡੀਕ ਰਹੀ ਹੈ। 1962 ਚ ਸਥਾਪਿਤ ਹੋਈ ਇਸ ਯੂਨੀਵਰਸਿਟੀ ਤੇ ਐਸਾ ਮੰਦਾ ਹਾਲ ਕਦੇ ਨਹੀਂ ਆਇਆ ਕਿ 75%ਕੰਮ ਆਰਜ਼ੀ ਪ੍ਰਬੰਧ ਨਾਲ ਚੱਲ ਰਿਹਾ ਹੋਵੇ।