ਡਾ: ਬਰਜਿੰਦਰ ਸਿੰਘ ਹਮਦਰਦ ਦੀ ਗਾਇਕੀ ਲਾਮਿਸਾਲ- ਰੰਧਾਵਾ
- 'ਦੇਸ ਪੰਜਾਬ' ਸੀਡੀ ਨੇ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜਾ ਕੀਤੀਆਂ-ਸੁਖ ਸਰਕਾਰੀਆ
ਫਗਵਾੜਾ, 5 ਜੂਨ 2021 -
ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਮਧੁਰ ਅਤੇ ਸੋਜ਼ ਭਰੀ ਅਵਾਜ਼ 'ਚ ਗਾਏ ਪੰਜਾਬੀ ਦੇ ਪ੍ਰਮੁੱਖ ਸ਼ਾਇਰਾਂ ਦੇ ਗੀਤਾਂ ਨੇ ਪੁਰਾਣੇ ਪੰਜਾਬ ਦੀ ਯਾਦ ਤਾਂ ਦੁਆਈ ਈ ਹੈ, ਨਾਲ ਹੀ ਪੰਜਾਬੀ ਸਭਿਆਚਾਰ ਦਾ ਬੇਹਤਰ ਚਿਤਰਣ ਕਰਦੇ ਗੀਤਾਂ ਨੂੰ ਸੁਨਣ ਵਾਲਿਆਂ ਦੇ ਸਾਹਮਣੇ ਰੱਖਕੇ ਪੰਜਾਬੀਆਂ ਦੀ ਵੱਡੀ ਸੇਵਾ ਕੀਤੀ ਹੈ। ਇਹ ਵਿਚਾਰ ਪਿਛਲੇ ਦਿਨੀਂ ਫਗਵਾੜਾ ਪੁੱਜੇ ਸਹਿਕਾਰਤਾ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਉਸ ਸਮੇਂ ਕਹੇ ਜਦੋਂ 'ਅਜੀਤ' ਫਗਵਾੜਾ ਦੇ ਪੱਤਰਕਾਰ ਤਰਨਜੀਤ ਸਿੰਘ ਕਿੰਨੜਾ ਨੇ 'ਦੇਸ ਪੰਜਾਬ' ਆਡਿਓ ਸੀਡੀ ਅਤੇ ਉਹਨਾ ਦੀ ਲਿਖੀ ਪੁਸਤਕ ਸਹਿਕਾਰਤਾ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਅਤੇ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਕੈਬਨਿਟ ਮੰਤਰੀ ਪੰਜਾਬ ਨੂੰ ਭੇਂਟ ਕੀਤੀ।
ਇਸ ਸੀਡੀ ਬਾਰੇ ਜ਼ਿਕਰ ਕਰਦਿਆਂ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਨੇ ਕਿਹਾ ਕਿ ਡਾ: ਬਰਜਿੰਦਰ ਸਿੰਘ ਹਮਦਰਦ ਦੀ ਸਾਫ਼-ਸੁਥਰੀ ਗਾਇਕੀ ਨੂੰ ਪੰਜਾਬੀਆਂ ਅੱਗੇ ਪੇਸ਼ ਕਰਕੇ ਵੱਡਾ ਨਾਮਣਾ ਖੱਟਿਆ ਹੈ। ਉਹਨਾ ਕਿਹਾ ਕਿ ਪੰਜਾਬੀ ਦੇ ਪ੍ਰਮੁੱਖ ਸਾਇਰਾਂ ਫ਼ਿਰੋਜ਼ਦੀਨ ਸ਼ਰਫ਼, ਧਨੀਰਾਮ ਚਾਤ੍ਰਿਕ, ਬਾਂਕੇ ਦਿਆਲ ਦੇ ਗਾਏ ਗੀਤਾਂ, "ਮੈਂ ਪੰਜਾਬੀ" ਸਿਫ਼ਤ ਪੰਜਾਬ ਦੀ, ਆਈਆਂ ਪਲਟਨਾਂ, ਪੱਗੜੀ ਸੰਭਾਲ ਜੱਟਾਂ, ਮਾਰਦਾ ਦਮਾਮੇ ਜੱਟ ਨੂੰ ਗਾਕੇ ਉਹਨਾ ਨੇ ਪੰਜਾਬੀ ਗਾਇਕੀ 'ਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਅਤੇ ਪੁਰਾਣੇ ਪੰਜਾਬ ਦੀਆਂ ਯਾਦਾਂ ਗਾਇਕੀ ਰਾਹੀਂ ਤਾਜ਼ਾ ਕੀਤੀਆਂ ਹਨ।