ਭਾਸ਼ਾ ਵਿਭਾਗ ਵਲੋਂ ਲਾਇਲਪੁਰ ਖਾਲਸਾ ਕਾਲਜ (ਲੜਕੀਆਂ) ’ਚ ਕਰਵਾਇਆ ਰਾਜ ਪੱਧਰੀ ਕਵੀ ਦਰਬਾਰ
ਸਾਹਿਤ ਪ੍ਰਤੀ ਰੂਚੀ ਪੈਦਾ ਕਰਨ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ- ਡਾ.ਸੁਰਜੀਤ ਪਾਤਰ
ਬਾਬੂਸ਼ਾਹੀ ਨੈੱਟਵਰਕ
ਜਲੰਧਰ,16 ਨਵੰਬਰ 2021-ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਹੇਠ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੀ ਅਗਵਾਈ ਅਧੀਨ ਡਾਇਰੈਕਟਰ ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਵਲੋਂ ਲਾਇਲਪੁਰ ਖਾਲਸਾ ਕਾਲਜ (ਲੜਕੀਆਂ) ਵਿਖੇ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਡਾ.ਸੰਤੋਸ਼ ਰਿਸੀ ਡਾਇਰੈਕਟਰ,ਆਲ ਇੰਡੀਆ ਰੇਡੀਓ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ । ਪੰਜਾਬ ਦੇ ਸਿਰਮੌਰ ਕਵੀ ਪਦਮ ਸ੍ਰੀ ਡਾ.ਸੁਰਜੀਤ ਪਾਤਰ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ।
ਡਾ.ਸੁਖਦੇਵ ਸਿੰਘ ਸਿਰਸਾ ਸ੍ਰੋਮਣੀ ਪੰਜਾਬੀ ਆਲੋਚਕ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਡਾ.ਵੀਰਪਾਲ ਕੌਰ ਡਿਪਟੀ ਡਾਇਰੈਕਟਰ ਵਲੋਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਉਤੇ ਚਾਨਣਾ ਪਾਉਂਦੇ ਹੋਏ ਸਮੂਹ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਗਿਆ। ਕਵੀ ਦਰਬਾਰ ਵਿੱਚ ਉਘੇ ਵਿਦਵਾਨ ਕਵੀ ਅਮਰ ਸੂਫੀ, ਧਰਮ ਕੰਮੇਆਣਾ, ਮਨਜੀਤ ਇੰਦਰਾ, ਕੇਵਲ ਇਕਬਾਲ ਸਿੰਘ, ਸੰਦੀਪ ਕੌਰ ਜੈਸਵਾਲ, ਜਸਵੰਤ ਜਫ਼ਰ, ਧਰਮਿੰਦਰ ਸ਼ਾਹੀਦ, ਲਖਵਿੰਦਰ ਜੌਹਲ, ਪਵਨ ਹਰਚੰਦਪੁਰੀ, ਜ਼ਮੀਲ ਅਬਦਾਲੀ ਅਤੇ ਕੁਲਵਿੰਦਰ ਕੰਵਲ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਬੋਲਦਿਆਂ ਡਾ.ਸੁਰਜੀਤ ਪਾਤਰ ਵਲੋਂ ਭਾਸ਼ਾ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਕਿ ਹਰ ਵਿਅਕਤੀ ਦੀ ਸਾਹਿਤ ਪ੍ਰਤੀ ਰੂਚੀ ਪੈਦਾ ਹੋ ਸਕੇ। ਅਸੀਂ ਕਵੀਆਂ ਅਤੇ ਦਾਨਿਸ਼ਵਰਾਂ ਨੂੰ ਅਸੀਸ ਦਿੰਦੇ ਹਾਂ ਕਿ ਉਹ ਇਸ ਤਰਾਂ ਹੀ ਆਪਣੇ ਸਾਹਿਤਕ ਰੁਝੇਵੇਂ ਜਾਰੀ ਰੱਖਣ। ਉਨਾਂ ਕਿਹਾ ਕਿ ਸਾਨੂੰ ਸਕੂਲਾਂ ਤੇ ਕਾਲਜਾਂ ਵਿੱਚ ਵੀ ਸਾਹਿਤਕ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ। ਉਨਾਂ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਆਪਣੇ ਪੂਰਨ ਪੁੱਤਰਾਂ ਨੂੰ ਉਡੀਕਦੀ ਰਹਿੰਦੀ ਹੈ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਤੋਂ ਸ੍ਰੀਮਤੀ ਹਰਭਜਨ ਕੌਰ , ਕੰਵਲਜੀਤ ਕੌਰ, ਸਤਨਾਮ ਸਿੰਘ, ਸੁਖਪ੍ਰੀਤ ਕੌਰ, ਅਮਰਿੰਦਰ ਸਿੰਘ, ਪਰਵੀਨ ਕੁਮਾਰ, ਦਵਿੰਦਰ ਕੌਰ ਤੋਂ ਇਲਾਵਾ ਭਗਵਾਨ ਸਿੰਘ, ਅਰੁਣ ਕੁਮਾਰ, ਤਿ੍ਰਲੋਕ ਸਿੰਘ, ਗੁਰਮੇਲ ਸਿੰਘ, ਜਸਬੀਰ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ। ਸ੍ਰ.ਤੇਜਿੰਦਰ ਸਿੰਘ ਗਿੱਲ ਵਲੋਂ ਸਟੇਜ ਦੀ ਭੂਮਿਕਾ ਨਿਭਾਈ ਗਈ।
ਪ੍ਰਧਾਨਗੀ ਮੰਡਲ ਵਲੋਂ ਕਵੀ ਦਰਬਾਰ ਸ਼ੁਰੂ ਹੋਣ ਤੋਂ ਪਹਿਲਾਂ ਸ਼ਮਾਂ ਰੌਸ਼ਨ ਕੀਤੀ ਗਈ। ਇਸ ਮੌਕੇ ਸ੍ਰੀਮਤੀ ਪਿ੍ਰਤਪਾਲ ਕੌਰ ਸਹਾਇਕ ਡਾਇਰੈਕਟਰ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਡਾ.ਨਵਜੋਤ ਪਿ੍ਰੰਸੀਪਲ ਲਾਇਲਪੁਰ ਖਾਲਸਾ ਕਾਲਜ (ਲੜਕੀਆਂ) ਵਲੋਂ ਭਾਸ਼ਾ ਵਿਭਾਗ ਵਲੋਂ ਉਨਾਂ ਦੇ ਵਿਹੜੇ ਵਿੱਚ ਸਮਾਗਮ ਕਰਵਾਉਣ ਉਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਜ਼ਿਲਾ ਭਾਸ਼ਾ ਦਫ਼ਤਰ ਜਲੰਧਰ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦਾ ਸਾਰਾ ਕਾਰਜ ਸੇਲ ਇੰਚਾਰਜ ਗਗਨਦੀਪ ਸਿੰਘ ਵਲੋਂ ਕੀਤਾ ਗਿਆ।
----------------