ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਭਾਈ ਲਾਲੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ
ਪਟਿਆਲਾ, 11 ਸਤੰਬਰ 2022 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਭਾਈ ਲਾਲੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾ ਕੁਲਵੰਤ ਸਿੰਘ ਦੀ ਪੁਸਤਕ ਭਾਈ ਲਾਲੋ ਜੀ ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਬੋਲਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਭਾਈ ਲਾਲੋ ਸਮੁੱਚੇ ਵਿਸ਼ਵ ਦੇ ਕਿਰਤੀਆਂ ਦੇ ਅਨਮੋਲ ਅਤੇ ਸੁੱਚੇ ਲਾਲ ਹਨ ਸਿੱਖ ਧਰਮ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਥਾਨ ਹੈ ਕਿਉਂਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਖੁਦ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਅਹਿਮ ਜ਼ਿੰਮੇਵਾਰੀ ਬਖ਼ਸ਼ੀ।
ਸਾਗਰ ਸਿੰਘ ਸਾਗਰ ਨੇ ਕਿਹਾ ਕਿ ਭਾਈ ਲਾਲੋ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਕ ਜੰਗ ਦੇ ਪਹਿਲੇ ਜਰਨੈਲ ਸਨ ਕਿਉਂਕਿ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨਾਮ ਜਪਣ ਕਿਰਤ ਕਰੋ ਤੇ ਵੰਡ ਛਕਣ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਭਾਈ ਲਾਲੋ ਦੇ ਘਰ ਤੋਂ ਹੀ ਸ਼ੁਰੂ ਕੀਤੀ। ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗੁਰੂ ਸਾਹਿਬ ਦੁਆਰਾ ਉਨਾਂ ਨੂੰ ਭਾਈ ਦੀ ਸਨਮਾਨਯੋਗ ਉਪਾਧੀ ਦੇਣਾ ਇਕ ਵਿਲੱਖਣ ਕ੍ਰਾਂਤੀਕਾਰੀ ਕਾਰਜ ਸੀ ਜੋ ਭਾਈ ਲਾਲੋ ਜੀ ਦੇ ਨੇਕ ਅਹਿਦ ਨੇਕ ਮਨਸ਼ੇ ਸੱਚੇ ਸੁੱਚੇ ਕਿਰਤੀ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਕਾਬਲੀਅਤ ਨੂੰ ਵੀ ਉਜਾਗਰ ਕਰਦਾ ਹੈ।
ਇਨ੍ਹਾਂ ਤੋਂ ਇਲਾਵਾ ਜਗਰਾਜ ਧੌਲਾ ਨਾਵਲਕਾਰ ਦਰਸ਼ਨ ਸਿੰਘ ਗੁਰੂ ਡਾ ਭੁਪਿੰਦਰ ਸਿੰਘ ਬੇਦੀ ਕਰਮ ਸਿੰਘ ਭੰਡਾਰੀ ਕੰਵਰਜੀਤ ਭੱਠਲ ਹਾਕਮ ਸਿੰਘ ਭੁੱਲਰ ਹਾਕਮ ਸਿੰਘ ਨੂਰ ਗੁਰਸੇਵਕ ਸਿੰਘ ਧੌਲਾ ਅਤੇ ਜਰਨੈਲ ਸਿੰਘ ਅੱਚਰਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਭਾਈ ਲਾਲੋ ਜੀ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਹਾਕਮ ਸਿੰਘ ਰੂੜੇਕੇ ਸੁਖਵਿੰਦਰ ਸਿੰਘ ਸਨੇਹ ਡਾ ਰਾਮਪਾਲ ਸਿੰਘ ਜਗਤਾਰ ਬੈਂਸ ਜਸਬੀਰ ਕੌਰ ਪੱਖੋਕੇ ਚਤਿੰਦਰ ਸਿੰਘ ਰੁਪਾਲ ਮਹਿੰਦਰ ਸਿੰਘ ਰਾਹੀ ਰਜਨੀਸ਼ ਕੌਰ ਬਬਲੀ ਮਨਜੀਤ ਸਿੰਘ ਸਾਗਰ ਮਨਦੀਪ ਕੁਮਾਰ ਲਖਵਿੰਦਰ ਸਿੰਘ ਠੀਕਰੀਵਾਲ ਲਖਵੀਰ ਸਿੰਘ ਦੇਹਡ਼ ਜਸਬੀਰ ਸਿੰਘ ਠੀਕਰੀਵਾਲ ਰਘਵੀਰ ਸਿੰਘ ਗਿੱਲ ਕੱਟੂ ਜੱਗੀ ਭੋਤਨਾ ਬੰਧਨਤੋੜ ਸਿੰਘ ਗੁਰਜੀਤ ਸਿੰਘ ਖੁੱਡੀ ਅਤੇ ਡਾ ਉਜਾਗਰ ਸਿੰਘ ਮਾਨ ਨੇ ਵੀ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਅੰਤ ਵਿੱਚ ਸਭਾ ਦੀ ਰਵਾਇਤ ਮੁਤਾਬਕ ਡਾ ਕੁਲਵੰਤ ਸਿੰਘ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ।