ਗੁਰਭਜਨ ਗਿੱਲ
ਲੁਧਿਆਣਾ 15 ਅਗਸਤ 2018 - ਸ਼੍ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰ ਪ੍ਰੋਫੈਸਰ ਅੱਛਰੂ ਸਿੰਘ ਵੱਲੋਂ ਵਿਸ਼ਵ ਪ੍ਰਸਿੱਧ 101 ਅੰਗਰੇਜ਼ੀ ਕਵਿਤਾਵਾਂ ਦਾ ਪੰਜਾਬੀ ਸਰੂਪ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਸਿਰਕੱਢ ਚਿੰਤਕ ਤੇ ਕਵੀ ਜਸਵੰਤ ਜ਼ਫ਼ਰ, ਡਾ ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਿਜ ਪਟਿਆਲਾ,ਸਰਦਾਰਨੀ ਜਸਵਿੰਦਰ ਕੌਰ ਗਿੱਲ ਅਤੇ ਡਾ: ਸੁਰਿੰਦਰ ਕੌਰ ਭੱਠਲ ਤੇ ਪ੍ਰੋ: ਬਲਬੀਰ ਕੌਰ ਜਫ਼ਰ ਵੱਲੋਂ ਸਾਂਝੇ ਤੌਰ ਤੇ ਲੋਕ ਅਰਪਨ ਕੀਤੀ ਗਈ।
ਇਸ ਨਵ ਪ੍ਰਕਾਸ਼ਿਤ ਪੁਸਤਕ ਵਿੱਚ ਪ੍ਰੋਫ਼ੈਸਰ ਅੱਛਰੂ ਸਿੰਘ ਵੱਲੋਂ ਉਹਨਾਂ ਇੱਕ ਸੌ ਇੱਕ ਅੰਗਰੇਜ਼ੀ ਕਵਿਤਾਵਾਂ ਅਨੁਵਾਦ ਕੀਤੀਆਂ ਗਈਆਂ ਹਨ ਜੋ ਵਿਸ਼ਵ ਦੇ ਵਿੱਚ ਬਹੁਤ ਪ੍ਰਸਿੱਧ ਕਵਿਤਾਵਾਂ ਵਜੋਂ ਮਕਬੂਲ ਹਨ।
ਪ੍ਰੋਫੈਸਰ ਅੱਛਰੂ ਸਿੰਘ ਦੁਆਰਾ ਇਨ੍ਹਾਂ ਕਵਿਤਾਵਾਂ ਦਾ ਪੰਜਾਬੀ ਵਿੱਚ ਪੂਰੀ ਤਰ੍ਹਾਂ ਲੈਅ ਬੱਧ ਅਨੁਵਾਦ ਕੀਤਾ ਗਿਆ ਹੈ।
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪ੍ਰੋਫੈਸਰ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਮੇਰੇ ਪਰਮ ਮਿੱਤਰ ਪ੍ਰੋਫੈਸਰ ਅੱਛਰੂ ਸਿੰਘ ਦੁਆਰਾ ਕੀਤਾ ਗਿਆ ਇਹ ਕਾਰਜ ਪੰਜਾਬੀ ਮਾਂ ਬੋਲੀ ਦੀ ਸੇਵਾ ਹਿੱਤ ਬਹੁਤ ਵੱਡਾ ਕਾਰਜ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਅੱਛਰੂ ਸਿੰਘ ਜਿਸ ਤਰੀਕੇ ਨਾਲ ਅੰਗਰੇਜ਼ੀ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਦਾ ਅਨੁਵਾਦ ਕਰ ਰਹੇ ਹਨ ਉਸ ਨਾਲ ਯਕੀਨਨ ਤੌਰ ਤੇ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਖ਼ਜ਼ਾਨੇ ਵਿੱਚ ਭਾਰੀ ਵਾਧਾ ਹੋ ਰਿਹਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਇਸ ਲਾਸਾਨੀ ਕਾਰਜ ਲਈ ਪ੍ਰੋਫੈਸਰ ਅੱਛਰੂ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਵਿਤਾ ਦਾ ਲਯ ਵੱਧ ਅਨੁਵਾਦ ਕਰਨਾ ਬਹੁਤ ਹੀ ਕਠਿਨ ਕਾਰਜ ਹੁੰਦਾ ਹੈ ਅਤੇ ਪ੍ਰੋਫੈਸਰ ਅੱਛਰੂ ਸਿੰਘ ਵੱਲੋਂ ਇਸ ਕਾਰਜ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਪ੍ਰੋਫੈਸਰ ਅੱਛਰੂ ਸਿੰਘ ਨੇ ਕਵਿਤਾਵਾਂ ਦੀ ਚੋਣ ਕੀਤੀ ਹੈ ਉਸ ਨਾਲ ਪੰਜਾਬੀ ਪਾਠਕਾਂ ਲਈ ਸੱਤ ਸਮੁੰਦਰਾਂ ਤੇ ਪੁਲ ਉਸਾਰ ਦਿੱਤਾ ਹੈ। ਸਾਡੇ ਲਈ ਇਨ੍ਹਾਂ ਅੰਗਰੇਜ਼ੀ ਵਿਸ਼ਵ ਪ੍ਰਸਿੱਧ ਕਵਿਤਾਵਾਂ ਨੂੰ ਪੰਜਾਬੀ ਵਿੱਚ ਮਾਨਣ ਦਾ ਸੁਭਾਗ ਪ੍ਰਾਪਤ ਹੋਵੇਗਾ ਅਤੇ ਪੰਜਾਬੀ ਪਾਠਕ ਸਾਰੇ ਵਿਸ਼ਵ ਦੀ ਕਵਿਤਾ ਦੇ ਦਰਸ਼ਨ ਕਰ ਸਕਣਗੇ।
ਜਸਵੰਤ ਜ਼ਫ਼ਰ ਹੋਰਾਂ ਨੇ ਇਸ ਪੁਸਤਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਵਿਤਾ ਮਨੁੱਖੀ ਜਜ਼ਬਾਤਾਂ ਦਾ ਸਭ ਤੋਂ ਖ਼ੂਬਸੂਰਤ ਪ੍ਰਗਟਾਵਾ ਹੁੰਦੀ ਹੈ ਅਤੇ ਪ੍ਰੋਫੈਸਰ ਅੱਛਰੂ ਸਿੰਘ ਦੁਆਰਾ ਵਿਸ਼ਵ ਦੀਆਂ ਪ੍ਰਸਿੱਧ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਨੂੰ ਇੱਕ ਅਜਿਹਾ ਤੋਹਫਾ ਦਿੱਤਾ ਹੈ ਜਿਸ ਸਦਕਾ ਪੰਜਾਬੀ ਪਾਠਕ ਸਾਰੀ ਦੁਨੀਆਂ ਦੇ ਜਜ਼ਬਾਤਾਂ ਨੂੰ ਸਮਝਣ ਦੇ ਸਮਰੱਥ ਹੋ ਸਕਣਗੇ।
ਪ੍ਰੋ: ਅੱਛਰੂ ਸਿੰਘ ਦੇ ਸਪੁੱਤਰ
ਪ੍ਰਿੰ:ਡਾ ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਪ੍ਰੋਫੈਸਰ ਅੱਛਰੂ ਸਿੰਘ ਲਗਾਤਾਰ ਅੰਗਰੇਜ਼ੀ ਸਾਹਿਤ ਦਾ ਪੰਜਾਬੀ ਵਿੱਚ ਤਰਜਮਾ ਕਰਨ ਤੇ ਲੱਗੇ ਹੋਏ ਹਨ ਜੋ ਨਾ ਕੇਵਲ ਪਰਿਵਾਰ ਲਈ ਪ੍ਰੇਰਨਾ ਸਰੋਤ ਹਨ ਬਲਕਿ ਸਮੁੱਚੇ ਸਮਾਜ ਲਈ ਵੀ ਮਾਰਗ ਦਰਸ਼ਕ ਵਜੋਂ ਰੋਲ ਅਦਾ ਕਰ ਰਹੇ ਹਨ।
ਪ੍ਰੋਫੈਸਰ ਅੱਛਰੂ ਸਿੰਘ ਨੇ ਆਪਣੇ ਅਨੁਵਾਦ ਬਾਰੇ ਦੱਸਦਿਆਂ ਕਿਹਾ ਕਿ ਜਿਸ ਸਿਰੜ ਤੇ ਸਿਦਕ ਨਾਲ ਉਹ ਇਸ ਅਨੁਵਾਦ ਕਾਰਜ ਵਿੱਚ ਲੱਗੇ ਹੋਏ ਹਨ ਉਸ ਨਾਲ ਉਨ੍ਹਾਂ ਨੂੰ ਜੋ ਮਾਨਸਿਕ ਸਕੂਨ ਪ੍ਰਾਪਤ ਹੋ ਰਿਹਾ ਹੈ ਉਸ ਦਾ ਕੋਈ ਹੋਰ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਚਾਲੀ ਵਿਸ਼ਵ ਦੀਆਂ ਸ਼ਾਹਕਾਰ ਪੁਸਤਕਾਂ ਅਨੁਵਾਦ ਕਰ ਚੁੱਕੇ ਹਨ ਅਤੇ ਵੀਹ ਦੇ ਕਰੀਬ ਹੋਰ ਸਿਰਜਣਾਤਮਕ ਪੁਸਤਕਾਂ ਲਿਖ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਪ੍ਰਸਿੱਧ ਅੰਗਰੇਜ਼ੀ ਕਵਿਤਾਵਾਂ ਦਾ ਅਨੁਵਾਦ ਕਰਨ ਵਿੱਚ ਉਨ੍ਹਾਂ ਨੂੰ ਲਗਭਗ ਛੇ ਮਹੀਨੇ ਦਾ ਸਮਾਂ ਲੱਗਿਆ ਅਤੇ ਕਵਿਤਾਵਾਂ ਨੂੰ ਅਨੁਵਾਦ ਕਰਦੇ ਸਮੇਂ ਉਨ੍ਹਾਂ ਨੂੰ ਜੋ ਆਨੰਦ ਪ੍ਰਾਪਤ ਹੋਇਆ ਉਸ ਨੂੰ ਸ਼ਬਦਾਂ ਵਿਚ ਵਰਨਣ ਨਹੀਂ ਕੀਤਾ ਜਾ ਸਕਦਾ। ਵਰਨਣਯੋਗ ਹੈ ਕਿ ਇਸ ਪੁਸਤਕ ਜ਼ੋਹਰਾ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।