ਚੰਡੀਗੜ੍ਹ, 10 ਜੁਲਾਈ, 2017 : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਕਵੀ ਸੁਰਜੀਤ ਗੱਗ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਜਿੱਥੇ ਉਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ, ਉੱਥੇ ਨਾਲ ਹੀ ਜਿਸ ਕਵਿਤਾ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਗਿਆ ਹੈ, ਉਸ ਵਿਚ ਵਰਤੀ ਗਈ ਭਾਸ਼ਾ ਨਾਲ ਵੀ ਅਸਹਿਮਤੀ ਜਤਾਈ ਹੈ। ਇੱਥੋਂ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਜਨਰਲ ਸੱਕਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਜੋਗਾ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਸਭਾ ਲਿਖਣ-ਬੋਲਣ ਦੀ ਆਜ਼ਾਦੀ ਦੀ ਮੁੱਦਈ ਹੈ ਅਤੇ ਵਿਚਾਰਾਂ ਦੇ ਪ੍ਰਗਟਾਵੇ 'ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤਯੋਗ ਨਹੀਂ ਹੈ ਪਰ ਇਸ ਆਜ਼ਾਦੀ ਦਾ ਭਾਵ ਇਹ ਵੀ ਨਹੀਂ ਹੈ ਕਿ ਕੋਈ ਜ਼ਾਬਤਾ ਹੀ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਬਹੁ-ਧਰਮੀ, ਬਹੁ-ਸਭਿਆਚਾਰਕ ਮੁਲਕ ਵਿਚ ਸਹਿਮਤੀ/ਅਸਹਿਮਤੀ ਵਾਲੇ ਵਿਚਾਰਾਂ ਲਈ ਸੰਵਾਦ ਜ਼ਰੂਰੀ ਹੈ ਨਾ ਕਿ ਭਾਸ਼ਾਈ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਇਕ-ਦੂਸਰੇ 'ਤੇ ਹਮਲੇ ਕਰਨਾ। ਸੁਰਜੀਤ ਗੱਗ ਦੇ ਮਾਮਲੇ ਵਿਚ ਵੀ ਦੋਵਾਂ ਧਿਰਾਂ ਨੂੰ ਸੰਵਾਦ ਵੱਲ ਵਧਣਾ ਚਾਹੀਦਾ ਹੈ।
ਡਾ ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ ਅਤੇ ਡਾ ਜੋਗਾ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਲੇਖਕ ਦਾ ਹੱਕ ਹੈ ਕਿ ਉਹ ਆਪਣੀ ਰਚਨਾ ਵਿਚ ਖੁਲ੍ਹ ਕੇ ਆਪਣੇ ਵਿਚਾਰ ਰੱਖੇ ਪਰ ਨਾਲ ਹੀ ਉਸਨੂੰ ਸਾਹਿਤ-ਸੌਂਦਰਯ ਅਤੇ ਭਾਸ਼ਾ ਦੀ ਮਰਿਆਦਾ ਦਾ ਵੀ ਗਿਆਨ ਹੋਣਾ ਚਾਹੀਦਾ ਹੈ। ਸਹਿਜ ਅਤੇ ਸੁਹਜ ਹੀ ਕਿਸੇ ਵੀ ਸਾਹਿਤਕ ਕਿਰਤ ਦੀ ਅਸਲੀ ਤਾਕਤ ਹੁੰਦੇ ਹਨ। ਲੇਖਕ ਆਗੂਆਂ ਨੇ ਪਿਛਲੇ ਦਿਨੀਂ ਸੁਰਜੀਤ ਗੱਗ ਦੀ ਪਤਨੀ ਅਤੇ ਬੇਟੀ ਦੇ ਬਲਾਤਕਾਰ ਦੀਆਂ ਧਮਕੀਆਂ ਦੇਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਯਾਦ ਰਹੇ ਕਿ ਕੁੱਝ ਦਿਨ ਪਹਿਲਾਂ ਸੁਰਜੀਤ ਗੱਗ ਦੇ ਮੋਬਾਈਲ ਫੋਨ 'ਤੇ ਦੋ ਵਿਅਕਤੀਆਂ ਵਲੋਂ ਬੇਹੱਦ ਭੱਦੀ ਸ਼ਬਦਾਵਲੀ ਵਿਚ ਗੱਗ ਦੀ ਪਤਨੀ ਅਤੇ ਬੇਟੀ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ ਸੀ, ਜਿਸਦੀ ਲਿਖਤੀ ਸ਼ਿਕਾਇਤ ਸੁਰਜੀਤ ਗੱਗ ਨੇ ਤੁਰੰਤ ਐਸ ਐਸ ਐਸ ਪੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਕਰ ਦਿੱਤੀ ਸੀ ਪਰ ਹਾਲੇ ਤੱਕ ਪੁਲਸ ਵਲੋਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।