- ਮੈਂ ਜੇ ਕਵੀ ਨਾ ਹੁੰਦਾ ਤਾਂ ਕੋਈ ਸੰਗੀਤਕਾਰ ਹੁੰਦਾ : ਪਾਤਰ
- ਮੈਂ ਜੇ ਸਾਹਿਤਕਾਰ ਨਾ ਹੁੰਦਾ ਤਾਂ ਪਿੰਡ ਖੇਤੀ ਕਰ ਰਿਹਾ ਹੁੰਦਾ : ਗੁਲਜ਼ਾਰ ਸੰਧੂ
- ਬੱਚਿਆਂ ਨੂੰ ਚੰਗੀਆਂ ਲਿਖਤਾਂ ਪੜ੍ਹਨ ਤੇ ਲਿਖਣ ਲਈ ਸਰਵਣ ਸਿੰਘ, ਨਵਦੀਪ ਤੇ ਨਿੰਦਰ ਨੇ ਦਿੱਤੀ ਪ੍ਰੇਰਨਾ
ਚੰਡੀਗੜ੍ਹ, 04 ਫਰਵਰੀ 2020 - ਸਾਡੇ ਧਰਮਾਂ ਵਿਚ, ਸਾਡੇ ਸੱਭਿਆਚਾਰ ਵਿਚ ਸੰਗੀਤ ਦੀ ਬਹੁਤ ਮਹੱਤਤਾ ਹੈ, ਮੈਂ ਅੱਜ ਜੇਕਰ ਕਵੀ ਨਾ ਹੁੰਦਾ ਤਾਂ ਕੋਈ ਸੰਗੀਤਕਾਰ ਜ਼ਰੂਰ ਹੁੰਦਾ। ਮਾਨਵਤਾ ਦੀ ਏਕਤਾ ਦਾ ਸਰੋਤ ਸੰਗੀਤ ਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਸੁਰਜੀਤ ਪਾਤਰ ਹੁਰਾਂ ਨੇ ਕਿਤਾਬਾਂ ਦੇ ਮੇਲੇ ਦੌਰਾਨ ਕੀਤਾ। ਨੈਸ਼ਨਲ ਬੁੱਕ ਟਰੱਸਟ ਭਾਰਤ ਵੱਲੋਂ ਪੰਜਾਬ ਯੂਨੀਵਰਸਿਟੀ ਵਿਖੇ ਲਗਾਏ ਗਏ 9 ਰੋਜ਼ਾ ਕਿਤਾਬ ਮੇਲੇ ਦੇ ਚੌਥੇ ਦਿਨ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵਿਭਾਗ ਦੀ ਅਗਵਾਈ ਹੇਠ ਹੋਏ ਸੈਸ਼ਨ 'ਇਕ ਦਿਨ ਲੇਖਕਾਂ ਦੇ ਨਾਮ' ਵਿਚ ਆਪਣੇ ਵਿਚਾਰ ਰੱਖਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਜਿੱਥੇ ਸਾਡੇ ਜੀਵਨ ਵਿਚ ਸੰਗੀਤ ਦੀ ਮਹੱਤਤਾ ਹੈ, ਉਥੇ ਹੀ ਬਿਰਖਾਂ ਦੀ ਵੀ ਬਹੁਤ ਮਹੱਤਤਾ ਹੈ। ਰੁੱਖ ਤੇ ਮਨੁੱਖ ਇਕ-ਦੂਜੇ ਦੇ ਪੂਰਕ ਹਨ। ਜਿਵੇਂ ਰੁੱਖ ਕਾਰਬਨ ਡਾਇਅਕਸਾਈਡ ਲੈਂਦੇ ਹਨ ਤੇ ਬਦਲੇ ਵਿਚ ਆਕਸੀਜਨ ਦਿੰਦੇ ਹਨ, ਉਸੇ ਤਰ੍ਹਾਂ ਕਵੀ, ਕਹਾਣਕਾਰੀ, ਲੇਖਕ, ਸਾਹਿਤਕਾਰ ਸਮਾਜ 'ਚ ਫੈਲੀਆਂ ਬੁਰਾਈਆਂ ਨੂੰ ਇਕੱਤਰ ਕਰਕੇ ਬਦਲੇ ਵਿਚ ਚੰਗੀਆਂ ਲਿਖਤਾਂ ਰਾਹੀਂ ਚੇਤਨਾ ਜਗਾਉਣ ਵਾਲੀ ਆਕਸੀਜਨ ਦਿੰਦੇ ਹਨ। ਇਸ ਸੈਸ਼ਨ ਵਿਚ ਸੁਰਜੀਤ ਪਾਤਰ ਹੁਰਾਂ ਦੇ ਨਾਲ ਡਾ. ਗੁਲਜ਼ਾਰ ਸੰਧੂ, ਉਘੇ ਕਹਾਣੀਕਾਰ ਜਿੰਦਰ ਜਿੱਥੇ ਸ਼ਾਮਲ ਸਨ, ਉਥੇ ਹੀ ਪੈਨਲ ਦੀ ਕਾਰਵਾਈ ਚਲਾਉਂਦਿਆਂ ਸਵਾਲ-ਜਵਾਬ ਦਾ ਦੌਰ ਡਾ. ਗੁਰਪਾਲ ਸੰਧੂ ਹੁਰਾਂ ਨੇ ਸ਼ੁਰੂ ਕੀਤਾ ਤੇ ਸਾਰੇ ਮਹਿਮਾਨਾਂ ਦਾ ਸਵਾਗਤ ਐਨਬੀਟੀ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ. ਨਵਜੋਤ ਕੌਰ ਹੁਰਾਂ ਨੇ ਕੀਤਾ।
ਗੁਲਜ਼ਾਰ ਸੰਧੂ ਹੁਰਾਂ ਨੇ ਵੀ ਖੁੱਲ੍ਹੀਆਂ ਗੱਲਾਂ ਕਰਦਿਆਂ ਕਿਹਾ ਕਿ ਜੇਕਰ ਮੈਂ ਅੱਜ ਸਾਹਿਤਕਾਰ ਨਾ ਹੁੰਦਾ ਤਾਂ ਆਪਣੇ ਪਿੰਡ ਜਾਂ ਤਾਂ ਖੇਤੀ ਕਰ ਰਿਹਾ ਹੁੰਦਾ ਜਾਂ ਫਿਰ ਵਿਦੇਸ਼ ਵਿਚ ਦਿਹਾੜੀ। ਗੁਲਜ਼ਾਰ ਸੰਧੂ ਨੇ ਆਖਿਆ ਕਿ ਸੰਤੋਖ ਸਿੰਘ ਧੀਰ ਦੀਆਂ ਪ੍ਰੀਤ ਲੜੀਆਂ ਵਿਚ ਛਪੀਆਂ ਦੋ ਚਿੱਠੀਆਂ ਨੇ ਮੈਨੂੰ ਲੇਖਕ ਬਣਾ ਦਿੱਤਾ। ਇਸੇ ਤਰ੍ਹਾਂ ਉਘੇ ਕਹਾਣੀਕਾਰ ਜਿੰਦਰ ਨੇ ਕਿਹਾ ਕਿ ਜੇ ਮੈਂ ਕਹਾਣੀਕਾਰ ਨਾ ਹੁੰਦਾ ਤਾਂ ਮੈਂ ਜਿੰਦਰ ਹੀ ਨਾ ਹੁੰਦਾ। ਉਨ੍ਹਾਂ ਨੇ ਆਪਣੇ ਕਹਾਣੀਆਂ ਦੇ ਬਿੰਬ, ਵਿਸ਼ੇ, ਘਟਨਾਵਾਂ ਕਿੱਥੋਂ ਆਉਂਦੀਆਂ ਹਨ, ਕਿਵੇਂ ਆਉਂਦੀਆਂ ਹਨ ਦਾ ਵਿਸਥਾਰਤ ਜ਼ਿਕਰ ਵੀ ਕੀਤਾ। ਵੱਡੀ ਗਿਣਤੀ ਵਿਚ ਮੌਜੂਦ ਵਿਦਿਆਰਥੀਆਂ ਵੱਲੋਂ ਸਵਾਲ-ਜਵਾਬ ਦੇ ਦੌਰ ਵੀ ਹੋਏ।
ਇਸ ਤੋਂ ਪਹਿਲਾਂ ਹੋਏ ਬੱਚਿਆਂ ਦੇ ਸੈਸ਼ਨ ਵਿਚ ਜਸਬੀਰ ਭੁੱਲਰ, ਕਸ਼ਮ ਸ਼ਰਮਾ, ਪ੍ਰਿੰਸੀਪਲ ਸਰਵਣ ਸਿੰਘ, ਨਵਦੀਪ ਗਿੱਲ ਤੇ ਨਿੰਦਰ ਘੁਗਿਆਣਵੀ ਨੇ ਵੀ ਬੱਚਿਆਂ ਨਾਲ ਗੱਲਾਂ ਬਾਤਾਂ ਕਰਦਿਆਂ ਉਨ੍ਹਾਂ ਨੂੰ ਚੰਗੀਆਂ ਲਿਖਤਾਂ ਪੜ੍ਹਨ ਲਈ, ਚੰਗੀ ਸਿਰਜਣਾ ਕਰਨ ਲਈ ਤੇ ਸੋਹਣੀ ਲਿਖਾਈ ਲਿਖਣ ਲਈ ਕੁਝ ਨੁਕਤੇ ਸੁਝਾਏ। ਜਸਬੀਰ ਭੁੱਲਰ ਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਜਿੱਥੇ ਆਪਣੇ ਲੰਬੇ ਜੀਵਨ ਦੇ ਤਜ਼ਰਬੇ ਵਿਚੋਂ ਸਕੂਲੀ ਵਿਦਿਆਰਥੀਆਂ ਨੂੰ ਆਪੋ-ਆਪਣੇ ਟੀਚੇ ਹਾਸਲ ਕਰਨ ਦਾ ਰਾਹ ਦੱਸਿਆ, ਉਥੇ ਹੀ ਨਵਦੀਪ ਗਿੱਲ ਦੀਆਂ ਪ੍ਰੇਰਨਦਾਇਕ ਟਿੱਪਣੀਆਂ ਨੂੰ ਸੁਣ ਕੇ ਵਿਦਿਆਰਥੀ ਬਾਗੋ-ਬਾਗ ਹੁੰਦੇ ਨਜ਼ਰ ਵੀ ਆਏ। ਨਿੰਦਰ ਘੁਗਿਆਣਵੀ ਅਤੇ ਕਸ਼ਮ ਸ਼ਰਮਾ ਨੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀਆਂ ਕਈ ਸ਼ੰਕਾਵਾਂ ਦੂਰ ਕੀਤੀਆਂ। ਇਹ ਬੱਚਿਆਂ ਦਾ ਸੈਸ਼ਨ ਦਵਜਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਇਸ ਮੌਕੇ ਨਿਰਮਲ ਜੌੜਾ, ਜੰਗ ਬਹਾਦਰ ਗੋਇਲ, ਜਗਦੀਪ ਸਿੱਧੂ, ਸੁਖਵਿੰਦਰ ਸਿੰਘ, ਡਾ. ਯੋਗਰਾਜ ਸਣੇ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀ, ਯੂਨੀਵਰਸਿਟੀ ਦੇ ਵਿਦਿਆਰਥੀ ਤੇ ਸਾਹਿਤ ਪ੍ਰੇਮੀ ਮੌਜੂਦ ਸਨ।
ਧਿਆਨ ਰਹੇ ਕਿ 9 ਫਰਵਰੀ ਤੱਕ ਚੱਲਣ ਵਾਲੇ ਇਸ ਪੁਸਤਕ ਮੇਲੇ ਵਿਚ ਹਾਲ ਹੀ ਵਿਚ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਗਏ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਕੰਵਲ ਦੀਆਂ ਕਿਤਾਬਾਂ ਲੱਭਦੇ ਮੁੰਡੇ-ਕੁੜੀਆਂ ਅਕਸਰ ਵੇਖੇ ਜਾ ਰਹੇ ਹਨ।