ਨਵਦੀਪ ਗਿੱਲ ਮੈਨੂੰ ਪਹਿਲੀ ਵਾਰੀ ਬਰਨਾਲੇ ਕੱਚਾ ਕਾਲਜ ਰੋਡ ਹਰੀ ਕਬਾੜੀਏ ਦੀ ਦੁਕਾਨ ਮੂਹਰੇ ਮਿਲਿਆ, ਮੇਰੀ ਕਿਤਾਬ ਛਪ ਰਹੀ ਸੀ ਮੇਘ ਰਾਜ ਮਿੱਤਰ ਦੇ ਘਰ ਵਿਸ਼ਵ ਭਾਰਤੀ ਪ੍ਰਕਾਸ਼ਨ ਵੱਲੋਂ। ਮੈਂ ਕਈ-ਕਈ ਦਿਨ ਬਰਨਾਲੇ ਮਿੱਤਰ ਹੁਰਾਂ ਦੇ ਘਰ ਰੁਕਦਾ,ਆਪਣੀਆਂ ਕਿਤਾਬਾਂ ਦੇ ਪਰੂਫ ਪੜ੍ਹਨ ਤੇ ਆਥਣੇ ਤੁਰਨ-ਫਿਰਨ ਬਾਹਰ ਨਿਕਲਦਾ, ਅਣਖੀ ਜੀ, ਗਾਸੋ ਤੇ ਪ੍ਰੋ.ਰਾਹੀ ਹੁਰਾਂ ਦੇ ਦੀਦਾਰ ਕਰਦਾ। ਨਵਦੀਪ ਜਦੋਂ ਮੈਨੂੰ ਮਿਲਣ ਆਇਆ, ਉਦੋਂ ਉਹ ਬਰਨਾਲੇ ਪੜ੍ਹਦਾ ਸੀ ਤੇ ਸਾਹਿਤਕ ਸੋਝੀ ਰੱਖਣ ਕਾਰਨ ਉਸਨੂੰ ਲੇਖਕਾਂ, ਕਲਾਕਾਰਾਂ ਤੇ ਕਲਾ ਖੇਤਰ ਨਾਲ ਜੁੜੇ ਲੋਕਾਂ ਨੂੰ ਮਿਲਣ-ਗਿਲਣ ਲਈ ਲਿਲ੍ਹਕ ਜਿਹੀ ਲੱਗੀ ਰਹਿੰਦੀ । ਗੋਲ-ਮਟੋਲ ਜਿਹਾ ‘ਪਿਆਰਾ ਬੱਚੂ ਸਭਨਾਂ ਨੂੰ ਆਪਣੀ ਬੋਲ-ਬਾਣੀ ਤੇ ਅਪਣੱਤ ਨਾਲ ਪ੍ਰਭਾਵਿਤ ਕਰਦਾ ਤੇ ਹੱਸ-ਹੱਸ ਕੇ ਉਤਸ਼ਾਹ ਨਾਲ ਲਬਾ-ਲਬ ਗੱਲਾਂ ਮਾਰਦਾ।ਕੁਝ ਦੇਰ ਬਾਅਦ ਉਹਦੇ ਮਿਡਲ ਤੇ ਖੇਡਾਂ ਬਾਰੇ ਲਿਖੇ ਲੇਖ ਅਖ਼ਬਾਰਾਂ ਵਿੱਚ ਨਜ਼ਰੀਂ ਪੈਣ ਲੱਗੇ। ਪਾਠਕ ਪੜ੍ਹਨ ਲੱਗੇ, ਅਖ਼ਬਾਰਾਂ ਛਾਪਣ ਲੱਗੀਆਂ ਤੇ ਉਹਦਾ ਹੌਸਲਾ ਵਧਣ ਲੱਗਿਆ। ਉਹਦੀ ਪਹਿਲੀ ਮਿਲਣੀ ਤੋਂ ਹੀ ਲੱਗਿਆ ਸੀ ਕਿ ਉਹਦੇ `ਚ ਕਲਮ ਤੇ ਕਲਾ ਪ੍ਰਤੀ ਲਗਨ ਹੈ। ਉਹ ਆਪਣੀ ਸੱਚੀ ਲਗਨ ਦੀ ਦਰੁੱਸਤ ਵਰਤੋਂ ਕਰਨ ਲੱਗਿਆ। ਮੈਂ ਉਹਨੂੰ ਹੌਸਲਾ ਵਧਾਊ ਚਿੱਠੀ ਲਿਖੀ। ਫੇਰ ਬੜ੍ਹੀ ਦੇਰ ਉਹਦੇ ਨਾਲ ਮੇਲ-ਗੇਲ ਨਾ ਹੋਇਆ, ਅਖ਼ਬਾਰੀ ਲਿਖਤਾਂ ਰਾਹੀਂ ਹੀ ਮਿਲਦਾ।
ਨਵਦੀਪ ਗਿੱਲ ਦਾ ਫੋਨ ਆਇਆ। ਉਹਨੇ ਕੋਈ ਲਿਖ਼ਤ ਪੜ੍ਹਕੇ ਫੋਨ ਘੁਮਾਇਆ ਸੀ। ਉਦੋਂ ਤੱਕ ਉਹ ਪੰਜਾਬੀ ਟ੍ਰਿਬਿਊਨ ਵਿੱਚ ਸਬ ਐਡੀਟਰ ਜਾ ਲੱਗਿਆ ਸੀ। ਕਦੇ ਮੇਰੀਆਂ ਅੱਖਾਂ ਅੱਗੇ ਪੰਜਾਬੀ ਟ੍ਰਿਬਿਊਨ ਦਾ ਨਿਊਜ਼ ਰੂਮ ਤੇ ਸਬ ਐਡੀਟਰ ਦੀ ਕੁਰਸੀ ਆਉਂਦੀ ਤੇ ਕਦੇ ਮੇਘ ਰਾਜ ਮਿੱਤਰ ਦੀ ਗਲੀ `ਚ ਮਿਲਿਆ ਉਹ ਵਰ੍ਹਿਆਂ ਪਹਿਲਾਂ ਇਕ ਵਿਦਿਆਰਥੀ ਤੇ ਜਗਿਆਸੂ ਗੋਲ-ਮਟੋਲ ਬੱਚੂ। ਫਿਰ ਪਤਾ ਲੱਗਿਆ ਕਿ ਉਹ ਲੋਕ ਸੰਪਰਕ ਵਿਭਾਗ ਵਿੱਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਲੱਗ ਗਿਆ ਹੈ।
ਇੱਕ ਦਿਨ ਬਾਪੂ ਜੱਸੋਵਾਲ ਦੇ ਘਰ ਮਿਲ ਗਿਆ, ਜਦ ਮੈਂ ਗਿਆ ਤਾਂ ਉਹ ਪਹਿਲਾਂ ਵਾਲੇ ਉਤਸ਼ਾਹ ਨਾਲ ਗੱਲਾਂ ਮਾਰੀ ਜਾਂਦਾ ਸੀ।ਗੱਲਾਂ ਉਹ ਹਮੇਸ਼ਾ ਸਿਆਣੀਆਂ ਕਰਦਾ ਹੈ, ਤੇ ਸਿਆਣਿਆਂ ਨਾਲ ਕਰਦਾ ਹੈ ਪਰ ਜੁਆਕਾਂ ਵਾਂਗੂੰ ਕਰਦਾ ਹੈ ਪਰ ਹੁੰਦੀਆਂ ਨੇ ਕੰਮ ਦੀਆਂ ਗੱਲਾਂ! ਦਿਲ ਦਾ ਖੁੱਲ੍ਹਾ ਹੈ। ਹੋਰਨਾਂ ਕਈ ਬਰਨਾਲਵੀਆਂ ਵਾਂਗੂੰ ਮਿਸਕ-ਮੀਣਾ ਨਹੀਂ ਹੈ। ਮੇਰਾ ਵੀ ਮੋਹ ਕਰਦਾ ਹੈ। ਰੱਤੀ ਭਰ ਵੀ ਇਸ ਮੋਹ ਵਿੱਚ ਕੋਈ ਖੋਟ ਨਹੀਂ ਆਈ। ਮੈਂ ਕਦੀ ਨਿੱਕਾ ਹੋਣ ਕਾਰਨ ਦਬਕਾ ਵੀ ਮਾਰ ਲਵਾਂ, ਤਾਂ ਅੱਗੋਂ ਹੱਸੀ ਜਾਏਗਾ ਤੇ ਹਸਾਈ ਜਾਏਗਾ।ਹੁਣ ਉਸਦੀ ਪੁਸਤਕ ‘ਨੌਂਲੱਖਾ ਬਾਗ਼` ਦਾ ਖਰੜਾ ਪੜ੍ਹਨ ਤੇ ਦੋ ਸ਼ਬਦ ਲਿਖਣ ਲਈ ਹੁਕਮ ਲਾ ਗਿਆ ਤੇ ਵੱਡੇ ਭਾਈ ਨੂੰ ਦਬਕਾ ਗਿਆ। ਦਿਨ ਵੀ ਸਾਰੇ ਤਿੰਨ ਦਿੱਤੇ। ਖ਼ੈਰ ਨਵਦੀਪ ਦੇ ‘ਨੌਂਲੱਖੇ ਬਾਗ਼` ਦੀਆਂ ਬਾਤਾਂ ਪਾਵਾਂ ਪਰ ਇਹ ਬਾਤਾਂ ਮੁੱਕਣ ਵਾਲੀਆਂ ਨਹੀਂ। ਇਸ ਮਾਂ ਦੇ ਲਾਡਲੇ ਸ਼ੇਰ ਨੇ ਪੰਜਾਬ ਦੀਆਂ ਵੱਖ-ਵੱਖ ਖੇਤਰ ਦੀਆਂ 9 ਹਸਤੀਆਂ ਬਾਬਤ ਏਨੀ ਦਿਲਚਸਪ ਤੇ ਭਰਪੂਰ ਜਾਣਕਾਰੀ ਦੇ ਕੇ ‘ਨੌਂਲੱਖਾ ਬਾਗ਼` ਖੂਬ ਸ਼ੰਗਾਰ ਗਿਆ ਹੈ, ਇੱਕ ਤਰ੍ਹਾਂ ਮੈਂ ਉਹਦੇ ਨੌਂ ਲੱਖੇ ਨੂੰ ਸੰਖੇਪ ਜੀਵਨੀਆਂ ਕਹਿ ਸਕਦਾ ਹਾਂ, ਪੰਜਾਬ ਦੀਆਂ ਮਾਣ ਮੱਤੀਆਂ ਹਸਤੀਆਂ ਦੀਆਂ ਜੀਵਨੀਆਂ। ਇਨ੍ਹਾਂ ਸਾਰੀਆਂ ਹਸਤੀਆਂ ਦੇ ਨਵਦੀਪ ਖਾਸਾ ਲਾਗੇ-ਲਾਗੇ ਹੈ। ਇਸਨੇ ਇਹ ਕਿਤਾਬ ਇੱਕ ਤਰ੍ਹਾਂ ਨਾਲ ਹਵਾਲਾ ਪੁਸਤਕ ਵੀ ਬਣਾ ਦਿੱਤੀ ਹੈ, ਜਦੋਂ ਕਿਸੇ ਖੋਜੀ ਵਿਦਿਆਰਥੀ ਨੇ ਇਨ੍ਹਾਂ `ਚੋਂ ਕਿਸੇ ਬਾਰੇ ਕਿਤੇ ਜਾਣਕਾਰੀ ਲੈਣੀ ਚਾਹੀ, ਤਾਂ ਇਹ ਕਿਤਾਬ ਖਾਸੀ ਲਾਹੇਵੰਦ ਸਿੱਧ ਹੋਵੇਗੀ।
‘ਨੌਂਲੱਖੇ ਬਾਗ਼` ਨੂੰ ਸ਼ੰਗਾਰ ਲੱਗਿਆ ਨਵਦੀਪ ਨੇ ਰਤਾ ਘੌਲ ਨਹੀਂ ਕੀਤੀ, ਤੇ ਨਾ ਕੋਈ ਕਿਰਸ-ਕੰਜੂਸੀ। ਖੁੱਲ੍ਹਾ ਡੁੱਲ੍ਹਾ ਤੇ ਦਿਲਚਸਪ ਲਿਖਿਆ ਹੈ ਹਰੇਕ ਬਾਰੇ। ਨਾਲ-ਨਾਲ ਯਾਦਮਈ ਟੋਟਕੇ ਵੀ ਪਰੋਸੇ ਹਨ ਤਾਂ ਕਿ ਪਾਠਕ ਲਈ ਲਿਖਤ ਰਵਾਂ ਬਣੀ ਰਹੇ। ਇੰਨ੍ਹਾਂ ਨੌਂ ਲੱਖਿਆਂ ਦੇ ਮੈਂ ਵੀ ਨਵਦੀਪ ਤੋਂ ਕਿਸੇ ਦੇ ਕਾਫ਼ੀ ਵੱਧ ਤੇ ਕਿਸੇ ਦੇ ਕਾਫ਼ੀ ਘੱਟ ਨੇੜ੍ਹੇ-ਤੇੜ੍ਹੇ ਰਿਹਾ ਹਾਂ, ਤੇ ਹਾਂ ਵੀ।ਬਾਪੂ ਜੱਸੋਵਾਲ ਤੋਂ ਲੈ ਕੇ ਅਣਖੀ ਜੀ, ਗਾਸੋ ਜੀ, ਪਿੰ ਸਰਵਣ ਸਿੰਘ, ਸਮਸ਼ੇਰ ਸੰਧੂ, ਜੌੜਾ ਜੀ, ਭੱਠਲ ਜੀ ਤੇ ਹਰਮਨ ਪਿਆਰਾ ਬਾਪੂ ਸਰਵ ਸਾਜਾ ਗੁਰਭਜਨ ਗਿੱਲ ਜੀ, ਸਾਰੇ ਹੀ ਪੰਜਾਬੀ ਜਗਤ ਦੇ ਆਪਣੇ ਆਪਣੇ ਖੇਤਰ ਵਿਚ ‘ਧੁਨੰਤਰ’ ਹਨ। ਮੇਰੇ ਆਪਣੇ ਹਨ। ਇਸ ਲਈ ਇੱਕ ਕਾਰਨ ਹੈ ਕਿ ਸਾਰੀ ਸਮੱਗਰੀ ਮੈਨੂੰ ਨਿੱਜੀ ਤੌਰ `ਤੇ ਪਿਆਰੀ-ਪਿਆਰੀ ਤੇ ਆਪਣੀ-ਆਪਣੀ ਲੱਗੀ ਹੈ।