ਖਾਲਿਸਤਾਨ ਸੰਘਰਸ਼-ਕਹਾਣੀ ਬਲਦੇ ਦਰਿਆਵਾਂ ਦੀ-ਜਗਤਾਰ ਸਿੰਘ ਦੀ ਅੰਗਰੇਜ਼ੀ ਕਿਤਾਬ ਦਾ ਪੰਜਾਬੀ ਰੂਪ ਆਇਆ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 01 ਸਤੰਬਰ, 2022:
ਜਾਣੇ ਪਛਾਣੇ ਪੱਤਰਕਾਰ ਜਗਤਾਰ ਸਿੰਘ ਦੀ ਅੰਗਰੇਜ਼ੀ ਪੁਸਤਕ “ਰਿਵਰਜ਼ ਔਨ ਫਾਇਰ: ਖਾਲਿਸਤਾਨ ਸਟਰਗਲ” ਦਾ ਪੰਜਾਬੀ ਰੂਪ ਪੁਸਤਕ “ਖਾਲਿਸਤਾਨ ਸੰਘਰਸ਼-ਕਹਾਣੀ ਬਲਦੇ ਦਰਿਆਵਾਂ ਦੀ” ਛਾਪ ਗਿਆ ਹੈ।
ਲਾਹੌਰ ਬੁੱਕ ਸ਼ਾਪ ਵੱਲੋਂ ਪਬਲਿਸ਼ ਕੀਤੀ ਇਸ ਪੁਸਤਕ ਵਿਚ ਵਿਚ ਪਿਛਲੀ ਸਦੀ ਦੇ ਅਖ਼ੀਰਲੇ ਦੋ ਦਹਾਕਿਆਂ ਦੌਰਾਨ ਖਾੜਕੂ ਅਤੇ ਸਟੇਟ ਹਿੰਸਾ ਦੀ ਅੱਗ ਦੇ ਸੇਕ ‘ਚ ਝੁਲਸੇ ਗਏ ਪੰਜਾਬ ਦਾ ਲੇਖਾ-ਜੋਖਾ ਕੀਤਾ ਗਿਆ ਹੈ।
ਇਸ ਕਿਤਾਬ ਦਾ ਲੇਖਕ ਜਗਤਾਰ ਸਿੰਘ ਸਿਆਸੀ ਅਤੇ ਖਾਸ ਕਰਕੇ ਸਿੱਖ ਜਗਤ ਅਤੇ ਪੰਥਕ ਰਾਜਨੀਤੀ ਨਾਲ ਜੁੜੇ ਮਾਮਲਿਆਂ ਬਾਰੇ ਲਿਖਣ ਵਾਲੇ ਮਾਹਰ ਪੱਤਰਕਾਰਾਂ ਦੀ ਪਹਿਲੀ ਕਤਾਰ ‘ਚ ਆਉਂਦਾ ਹੈ। ਉਹ ਬਹੁਤ ਸਾਲ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿਚ ਸੀਨੀਅਰ ਪੱਧਰ ‘ਤੇ ਬਤੌਰ ਪੱਤਰਕਾਰ ਕੰਮ ਕਰਦਾ ਰਿਹਾ ਹੈ। ਉਸ ਨੇ ਲੰਮਾ ਸਮਾਂ ਪੰਜਾਬ ਦੀ ਸਿਆਸੀ ਫਿਜ਼ਾ, ਇਸ ਦੇ ਬਦਲਦੇ ਰੂਪ, ਰੰਗ-ਢੰਗ ਤੇ ਮਿਜ਼ਾਜ ਬਾਰੇ ਇੰਡੀਅਨ ਐਕਸਪ੍ਰੈਸ ਵਿਚ ਸਟੀਕ ਟਿੱਪਣੀਆਂ ਨਾਲ ਲਿਖਿਆ ਹੈ। ਉਹ ਕਈ ਸਾਲ ਉਸ ਦੌਰ ‘ਚ ਅੰਮ੍ਰਿਤਸਰ ‘ਚ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਵਜੋਂ ਤਾਇਨਾਤ ਰਿਹਾ ਹੈ, ਜਦੋਂ ਪੰਜਾਬ ‘ਚ ਸਿੱਖ ਸੰਘਰਸ਼ ਪੂਰੀ ਤਰ੍ਹਾਂ ਉਬਾਲੇ ਮਾਰ ਰਿਹਾ ਸੀ ਤੇ ਅੰਮ੍ਰਿਤਸਰ ਇਸ ਵਰਤਾਰੇ ਦਾ ਕੇਂਦਰ ਬਿੰਦੂ ਸੀ। ਜਿਨ੍ਹਾਂ ਘਟਨਾਵਾਂ ਦਾ ਕਿਤਾਬ ਵਿਚ ਜ਼ਿਕਰ ਹੈ, ਉਨ੍ਹਾਂ ‘ਚੋਂ ਬਹੁਤੀਆਂ ਦਾ ਲੇਖਕ ਜਾਂ ਤਾਂ ਚਸ਼ਮਦੀਦ ਗਵਾਹ ਰਿਹਾ ਹੈ ਜਾਂ ਉਸ ਨੂੰ ਇਨ੍ਹਾਂ ਨੂੰ ਨੇੜੇ ਹੋ ਕੇ ਦੇਖਣ ਤੇ ਸਮਝਣ ਦਾ ਮੌਕਾ ਮਿਲਿਆ ਹੈ।
ਦਰਿਆਵਾਂ ਨਾਲ ਪੰਜਾਬ ਦੀ ਜਿਸਮਾਨੀ ਤੇ ਰੂਹਾਨੀ ਸਾਂਝ ਹੈ। ਪੰਜਾਬ ਦਾ ਜਨਮ ਹੀ ਇਨ੍ਹਾਂ ਦਰਿਆਵਾਂ ਦੇ ਗਰਭ ‘ਚੋਂ ਹੋਇਆ ਹੈ। ਪੰਜ-ਆਬਾਂ ‘ਚੋਂ ਜਨਮਿਆ ਪੰਜਾਬ। ਪਾਣੀ ਅੱਗ ਬੁਝਾਉਂਦਾ ਹੈ, ਫਿਰ ਦਰਿਆ ਬਲ ਕਿਵੇਂ ਸਕਦੇ ਨੇ? ਇਹ ਸਵਾਲ ਸਹਿਜੇ ਹੀ ਮਨ-ਮਸਤਕ ‘ਚ ਚੱਕਰ ਕੱਢਣ ਲਗਦਾ ਹੈ।
ਜਿਹੜੇ ਲੋਕ ਪਿਛਲੀ ਸਦੀ ਦੇ ਸੱਤਰਵਿਆਂ, ਅਸੀਵੀਆਂ ਤੇ ਨੱਬੇਵਿਆਂ ਦੌਰਾਨ ਪੰਜਾਬ ਵਿਚ ਰਹੇ ਹਨ ਜਾਂ ਜਿਨ੍ਹਾਂ ਨੇ ਇਸ ਨੂੰ ਨੇੜਿਉਂ ਤੱਕਿਆ ਹੈ, ਉਹ ਸਮਝ ਸਕਦੇ ਨੇ, ਮਹਿਸੂਸ ਕਰ ਸਕਦੇ ਨੇ ਕਿ ਦਰਿਆ ਬਲ ਵੀ ਸਕਦੇ ਨੇ ਅਤੇ ਇਨ੍ਹਾਂ ਚੋਂ ਭਾਂਬੜ ਵੀ ਨਿਕਲ ਸਕਦੇ ਨੇ। ਇਹ ਬਲਦੇ ਦਰਿਆਵਾਂ ਦੀ ਅੱਗ ਨੇ ਪੰਜਾਬ ਨੂੰ ਕਿੰਨਾ ਝੁਲਸਿਆ, ਕਿੰਨਾ ਲੁਸਿਆ, ਇਸ ਦਾ ਅੰਦਾਜ਼ਾ ਲਾਉਣਾ ਅਸਮਾਨ ਨੂੰ ਟਾਕੀ ਲਾਉਣ ਬਰਾਬਰ ਹੈ। ਇਹ ਕਿਤਾਬ ਉਸ ਅੱਗ ਦੇ ਸੇਕ ‘ਚ ਝੁਲਸੇ ਗਏ ਪੰਜਾਬ ਦਾ ਲੇਖਾ-ਜੋਖਾ ਹੈ; ਉਸ ਦਾ ਬਿਰਤਾਂਤ ਹੈ, ਜੋ ਪੰਜਾਬ ‘ਚ ਵਾਪਰਿਆ, ਜੋ ਪੰਜਾਬ ਨੇ ਹੰਢਾਇਆ। ਜੋ ਪੰਜਾਬ ਨਾਲ ਕੀਤਾ ਗਿਆ, ਉਸ ਨੂੰ ਫਰੋਲਣ, ਸਮਝਣ, ਪਕੜਣ ਅਤੇ ਕਲਮ ਜ਼ਰੀਏ ਸੰਭਾਲਨ ਦਾ ਯਤਨ ਹੈ।
ਪੰਜਾਬ ‘ਚ 1978 ਤੋਂ ਲੈ ਕੇ 1995 ਤੱਕ ਬੇਸ਼ੁਮਾਰ ਘਟਨਾਵਾਂ ਵਾਪਰੀਆਂ, ਦਿਲ ਦਹਿਲਾਉਣ ਵਾਲੇ ਕਾਰੇ ਵਾਪਰੇ, ਖੂਨ ਦੇ ਖਾਲ੍ਹ ਵਗੇ। ਸਿਆਸੀ ਪੱਧਰ ‘ਤੇ ਬਹੁਤ ਕੁਝ ਹੋਇਆ, ਸਮੇਂ ਦੇ ਹਾਕਮਾਂ ਅਤੇ ਚੌਧਰੀਆਂ ਦੇ ਕਾਰਨਾਮੇ ਤੇ ਚਾਲਾਂ ਕਾਰਨ ਪੰਜਾਬ, ਜਿਸ ਨੂੰ ਕਿਸੇ ਵੇਲੇ ਗੁਲਾਬ ਦੇ ਫੁੱਲ ਨਾਲ ਤਸ਼ਬੀਹ ਦਿੱਤੀ ਜਾਂਦੀ ਰਹੀ ਹੈ-ਮਸਲਿਆ ਗਿਆ, ਮਧੋਲਿਆ ਗਿਆ ਤੇ ਰੋਲਿਆ ਗਿਆ। ਸਿੱਖ ਮਾਨਸਿਕਤਾ ਤੇ ਮਨੁੱਖੀ ਮਾਨਸਿਕਤਾ ਨੂੰ ਲਹੂ ਲੁਹਾਣ ਕਰ ਦੇਣ ਵਾਲੇ ਵੱਡੇ ਸਕੇ ਹੋਏ। ਪੰਜਾਬ ਦਾ, ਪੰਜਾਬੀਆਂ ਦਾ ਪੋਟਾ ਪੋਟਾ ਪੱਛਿਆ ਗਿਆ। ਪੰਜਾਬ ਦੀ ਕੁਰਲਾਹਟ ਅੰਬਰਾਂ ਤੱਕ ਪਸਰ ਗਈ। ਇਹ ਇਕ ਅਜਿਹਾ ਦੌਰ ਸੀ, ਜੋ ਹਰ ਜਿਸਮ ‘ਤੇ ਕਿਸੇ ਨਾ ਕਿਸੇ ਰੂਪ ‘ਚ ਕੋਈ ਘਾਓ ਛੱਡ ਗਿਆ।
ਭਾਵੇਂ ਕਿਤਾਬ ‘ਚ ਪੰਜਾਬ ਦੀ ਗਾਥਾ ਆਜ਼ਾਦੀ ਤੋਂ ਪਹਿਲਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਉਸ ਦੌਰ ਦੀ ਸਿੱਖ ਸਿਆਸਤ ਦਾ ਕਾਫੀ ਜ਼ਿਕਰ ਹੈ, ਪਰ ਕਿਤਾਬ ਦਾ ਮੁਖ ਕੇਂਦਰ ਬਿੰਦੂ ਸਾਕਾ ਨੀਲਾ ਤਾਰਾ ਤੋਂ ਕੁਝ ਪਹਿਲਾਂ ਤੇ ਕੁਝ ਬਾਅਦ ਦੇ ਸਮੇਂ ਵਿਚ ਆਏ ਸਿਆਸੀ ਅਤੇ ਪ੍ਰਸ਼ਾਸਨਿਕ ਭੁਚਾਲ ਹਨ। ਉਨ੍ਹਾਂ ਦੀ ਤਫ਼ਸੀਲ ਟਿੱਪਣੀਆਂ ਸਹਿਤ ਹੈ।
ਇਸ ਸੰਘਰਸ਼ ਨੂੰ ਲੇਖਕ ਤਿੰਨ ਪੜਾਵਾਂ ‘ਚ ਵੰਡਦਾ ਹੈ। ਉਸ ਮੁਤਾਬਿਕ ਪਹਿਲਾ ਪੜਾਅ ਨਿਰੰਕਾਰੀਆਂ ਨਾਲ ਟਕਰਾਅ ਤੇ ਖੂਨੀ ਟੱਕਰ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਕਾ ਨੀਲਾ ਤਾਰਾ ‘ਤੇ ਖਤਮ ਹੋ ਜਾਂਦਾ ਹੈ। ਦੂਜਾ ਪੜਾਅ ਆਪਰੇਸ਼ਨ ਬਲੈਕ ਥੰਡਰ ‘ਤੇ ਖਤਮ ਹੋ ਜਾਂਦਾ ਹੈ ਅਤੇ ਤੀਜਾ ਪੜਾਅ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਕੁਝ ਸਮਾਂ ਬਾਅਦ ਖਤਮ ਹੋ ਜਾਂਦਾ ਹੈ।
ਸਿੱਖ ਸੰਘਰਸ਼ ਬਾਰੇ ਲੇਖਕ ਦੀ ਸਭ ਤੋਂ ਅਹਿਮ ਟਿੱਪਣੀ ਇਸ ਸੰਘਰਸ਼ ਦੀ ਦਿਸ਼ਾ, ਸਰੂਪ ਅਤੇ ਤੱਤ ਬਾਰੇ ਹੈ। ਉਹ ਲਿਖਦਾ ਹੈ, ”ਸਿੱਖ ਸੰਘਰਸ਼ ਨੂੰ ਸੰਤ ਭਿੰਡਰਾਂਵਾਲਿਆਂ ਦੇ ਸਮੇਂ ਤੋਂ ਹੀ ਸਿੱਖਾਂ ਅਤੇ ਬ੍ਰਾਹਮਣ-ਬਾਣੀਆਂ ਵਿਚਕਾਰ ਲੜਾਈ ਦਾ ਰੰਗ ਚੜ੍ਹ ਗਿਆ ਸੀ ਜਾਂ ਚੜ੍ਹਾ ਦਿੱਤਾ ਗਿਆ ਸੀ; ਭਾਵ ਇਹ ਸੰਘਰਸ਼ ਇੰਡੀਅਨ ਸਟੇਟ ਦੇ ਖਿਲਾਫ ਸ਼ੁਰੂ ਹੋ ਕੇ, ਸਿੱਖਾਂ ਦੀ ਬ੍ਰਾਹਮਣ-ਬਾਣੀਆਂ ਨਾਲ ਲੜਾਈ ਦੇ ਚੌਖਟੇ ‘ਚ ਫਸਿਆ ਰਿਹਾ। ਇਸ ਲੜਾਈ ‘ਚ ਇਹ ਸਿਧਾਂਤਕ ਖੋਟ ਕੀਹਨੇ ਪਾਇਆ, ਕਿਸੇ ਨੂੰ ਪਤਾ ਨਹੀਂ! ਪਰ ਇਹ ਖੋਟ ਜਾਹਰਾ ਤੌਰ ‘ਤੇ ਨਜ਼ਰ ਆਉਂਦਾ ਸੀ, ਮਹਿਸੂਸ ਹੁੰਦਾ ਸੀ। ਦੇਸ਼ ਦੇ ਉਤਰੀ-ਪੂਰਬੀ ਖਿੱਤੇ ਵਿਚ ਵੀ ਕਈ ਖਾੜਕੂ ਸੰਘਰਸ਼ ਲੜੇ ਗਏ, ਪਰ ਉਥੇ ਸਿੱਧੀ ਟੱਕਰ ਭਾਰਤੀ ਸਟੇਟ ਨਾਲ ਹੁੰਦੀ ਰਹੀ ਹੈ।ਪਹਿਲੇ ਪੜਾਅ (ਸਾਕਾ ਨੀਲਾ ਤਾਰਾ) ਤੱਕ ਤਾਂ ਸੰਘਰਸ਼ ਦਾ ਰਾਜਸੀ ਮੰਤਵ ਹੀ ਸਪਸ਼ਟ ਨਹੀਂ ਸੀ। ਜੇ ਸੰਘਰਸ਼ ਸਿੱਖ ਹੋਮਲੈਂਡ ਲਈ ਸੀ ਤਾਂ ਸੰਤ ਭਿੰਡਰਾਂਵਾਲਿਆਂ ਨੂੰ ਇਹ ਸਪਸ਼ਟ ਕਰ ਦੇਣਾ ਚਾਹੀਦਾ ਸੀ।ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਵੀ ਸਿੱਧੇ ਤੌਰ ‘ਤੇ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ, ਪਰ ਉਸ ਦੇ ਸਾਰੇ ਬਿਆਨ ਅਤੇ ਤਕਰੀਰਾਂ ਇਹ ਸਪਸ਼ਟ ਇਸ਼ਾਰਾ ਕਰਦੇ ਸਨ ਕੇ ਉਸ ਦਾ ਸੰਘਰਸ਼ ਖਾਲਿਸਤਾਨ ਲਈ ਸੀ। ਅਕਸਰ ਸੰਤ ਭਿੰਡਰਾਂਵਾਲਿਆਂ ਦੀ 27 ਮਾਰਚ 1983 ਨੂੰ ਦਿੱਤੀ ਗਈ ਤਕਰੀਰ ਦਾ ਹਵਾਲਾ ਦਿੱਤਾ ਜਾਂਦਾ ਹੈ। ਸੰਤਾਂ ਨੇ ਕਿਹਾ ਸੀ, ਜਿਸ ਦਿਨ ਇਸ ਅਸਥਾਨ (ਸ੍ਰੀ ਦਰਬਾਰ ਸਾਹਿਬ) ਉਤੇ ਹਮਲਾ ਹੋਇਆ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।”
Jagtar Singh's new book on Sikh struggle
https://youtu.be/NJNYacXA7cI
1991 ਅਤੇ ਫਰਵਰੀ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਿਵੇਂ ਹੋਇਆ? ਕੌਣ ਕੌਣ ਚੋਣਾਂ ‘ਚ ਭਾਗ ਲੈਣ ਦੇ ਹੱਕ ‘ਚ ਸੀ ਤੇ ਕੌਣ ਵਿਰੁੱਧ? ਇਸ ਦਾ ਜ਼ਿਕਰ ਵੀ ਕਿਤਾਬ ‘ਚ ਪੂਰੀ ਤਫਸੀਲ ਨਾਲ ਹੈ। ਬਾਈਕਾਟ ਤੋਂ ਪਹਿਲਾਂ ਖਾੜਕੂ ਆਗੂਆਂ ਦੀਆਂ ਆਪਿਸ ਵਿਚ ਕਿੰਨੀਆਂ ਤੇ ਕਿੱਥੇ ਮੀਟਿੰਗਾਂ ਹੋਈਆਂ, ਇਸ ਦਾ ਵੀ ਪੂਰਾ ਵੇਰਵਾ ਹੈ। ਲੇਖਕ ਦਾ ਕਹਿਣਾ ਹੈ ਕੀ 1992 ਦੀਆਂ ਚੋਣਾਂ ਦਾ ਅਕਾਲੀ ਦਲ ਵਲੋਂ ਬਾਈਕਾਟ ਕਰਨਾ ਵੱਡੀ ਗਲਤੀ ਸੀ। ਇਸ ਫ਼ੈਸਲੇ ਨਾਲ ਹੀ ਖਾੜਕੂ ਸੰਘਰਸ਼ ਦੇ ਅੰਤ ਦੀ ਸ਼ੁਰੂਆਤ ਦਾ ਪਿੜ ਬੱਝ ਗਿਆ ਸੀ। ਸੁਰੱਖਿਆ ਦਸਤਿਆਂ ਨੇ ਖਾੜਕੂਆਂ ਖਿਲਾਫ ਜ਼ੋਰਦਾਰ ਮੁਹਿੰਮ ਵਿੱਢ ਦਿੱਤੀ ਸੀ। ਸਰਕਾਰ ਵਲੋਂ ਇਸ ਮੁਹਿੰਮ ਨੂੰ ਪੂਰੀ ਹੱਲਾਸ਼ੇਰੀ ਦਿੱਤੀ ਗਈ। ਦੋ ਸਾਲਾਂ ‘ਚ ਹੀ ਪੰਜਾਬ ‘ਚ ਖਾੜਕੂਵਾਦ ਦਾ ਤਕਰੀਬਨ ਅੰਤ ਹੋ ਗਿਆ ਸੀ, ਪਰ ਇਸ ਦੌਰਾਨ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ।
Jagtar Singh