‘ਲੇਖਕ ਦੇ ਵਿਹੜੇ’ ’ਚ ਰਜ਼ਨੀ ਸ਼ਰਮਾ ਨਾਲ ਰੂਬਰੂ, ਰਚਨਾਵਾਂ ਦੀ ਛਹਿਬਰ ਨੇ ਮੌਸਮ ਦੀ ਤਪਸ ਨੂੰ ਪਾਈ ਮਾਤ
ਨਵਾਂ ਸ਼ਹਿਰ, 22 ਮਈ,2022- ਨਵਜੋਤ ਸਾਹਿਤ ਸੰਸਥਾ ਰਜਿ. ਔਡ਼ ਵਲੋਂ ਨਵਾਂ ਸ਼ਹਿਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸੰਸਥਾ ਵਲੋਂ ‘ਲੇਖਕ ਦੇ ਵਿਹਡ਼ੇ’ ਪ੍ਰੋਗਰਾਮਾਂ ਦੀ ਆਰੰਭੀ ਲਡ਼ੀ ਤਹਿਤ ਕਵਿੱਤਰੀ ਰਜ਼ਨੀ ਸ਼ਰਮਾ ਦੇ ਘਰ ਸਾਹਿਤ ਪ੍ਰੇਮੀਆਂ ਦੀ ਭਾਰੀ ਇਕੱਤਰਤਾ ਹੋਈ। ਇਸ ਦੌਰਾਨ ਰਜ਼ਨੀ ਸ਼ਰਮਾਂ ਨੇ ਜਿੱਥੇ ਕਵਿਤਾਵਾਂ ਰਾਹੀਂ ਆਪਣੇ ਮਨੋਭਾਵ ਦੀ ਸਾਂਝ ਪਾਈ ਉੱਥੇ ਆਪਣੇ ਹੁਣ ਤੱਕ ਦੇ ਜੀਵਨ ਸਫ਼ਰ ਨਾਲ ਜੁਡ਼ੇ ਅਹਿਮ ਪਲ ਵੀ ਯਾਦ ਕੀਤੇ।
ਉਹਨਾਂ ਨੂੰ ਸੰਸਥਾ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਸਥਾ ਦੀਆਂ ਸਰਗਰਮੀਆਂ ’ਚ ਮਹਿਲਾ ਮੈਂਬਰਾਂ ਦੀ ਵੱਧ ਰਹੀ ਸਮੂਲੀਅਤ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਮਾਜਿਕ ਕਾਰਜਕਾਰਤਾ ਨਰਿੰਦਰ ਬਿੰਦਰਾ ਸ਼ਾਮਲ ਹੋਏ। ਉਹਨਾਂ ਸਾਹਿਤ ਨੂੰ ਸਮਾਜ ਦਾ ਮਾਰਗ ਦਰਸ਼ਨ ਦੱਸਦਿਆਂ ਲੇਖਕ ਵਰਗ ਨੂੰ ਸੀਮਤ ਸਾਧਨਾ ਵਿੱਚ ਰਚਨਾਵਾਂ ਰਚਨ ਹਿੱਤ ਅਣਮੁੱਲੇ ਕਾਰਜ ਕਾਰਨ ਵਾਲੇ ਦੱਸਿਆ। ਸੰਸਥਾ ਦੇ ਪ੍ਰਧਾਨ ਸਤਪਾਲ ਸਾਹਲੋਂ ਅਤੇ ਸਕੱਤਰ ਸੁਰਜੀਤ ਮਜਾਰੀ ਨੇ ਸੰਸਥਾ ਦੀਆਂ ਹੁਣ ਤੱਕ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਦੱਸਿਆ ਕਿ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਪ੍ਰੋ. ਸੰਧੂ ਵਰਿਆਣਵੀ ਦੇ ਯਤਨਾ ਨਾਲ ਸਥਾਪਤ ਹੋਈ ਇਹ ਸੰਸਥਾ ਪੇਂਡੂ ਖਿੱਤੇ ਵਿੱਚ ਸਾਹਿਤਕ ਸੇਵਾਵਾਂ ਨਿਭਾਉਂਦਿਆਂ ਪੁਸਤਕਾਂ ਦਾ ਪ੍ਰਕਾਸ਼ਨ ਕਰਨ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਨਿਰੰਤਰ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਹੈ। ਕਹਾਣੀਕਾਰ ਅਜ਼ਮੇਰ ਸਿੱਧੂ ਨੇ ਸੰਸਥਾ ਦੀਆਂ ਨਿਵੇਕਲੀਆਂ ਪ੍ਰਾਪਤੀਆਂ ਲਈ ਵਧਾਈ ਪੇਸ਼ ਕੀਤੀ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਤਰਸੇਮ ਸਾਕੀ, ਅਮਰਜੀਤ ਜਿੰਦ, ਹਰਬੰਸ ਕੌਰ, ਦੇਸ ਰਾਜ ਬਾਲੀ, ਪ੍ਰਹਲਾਦ ਅਟਵਾਲ, ਹਰਮਿੰਦਰ ਹੈਰੀ, ਸੁੱਚਾ ਰਾਮ ਜਾਡਲਾ, ਹਰੀ ਕ੍ਰਿਸ਼ਨ ਪਟਵਾਰੀ, ਦਵਿੰਦਰ ਸਕੋਹਪੁਰੀ, ਰਾਮ ਨਾਥ, ਸੁਰਿੰਦਰ ਭਾਰਤੀ, ਪਿਆਰਾ ਲਾਲ ਬੰਗਡ਼, ਗੁਰਪ੍ਰੀਤ ਸੈਣੀ, ਮਿਸਟਰ ਮੁਰਗਈ, ਬੇਬੀ ਹਿਤਾਂਸੀ ਆਦਿ ਨੇ ਆਪਣੀਆਂ ਕਾਵਿਕ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆਂ। ਪਰਿਵਾਰ ਵਲੋਂ ਵਿਨੈ ਸ਼ਰਮਾਂ ਨੇ ਸਭ ਦਾ ਧੰਨਵਾਦ ਕੀਤਾ।