ਸੰਕਟ ਦਾ ਅਸਲ ਕਾਰਨ ਖੇਤੀ ਧੰਦੇ ’ਚ ਮੈਚ ਫਿਕਸਿੰਗ: ਦਵਿੰਦਰ ਸ਼ਰਮਾ
ਅਸ਼ੋਕ ਵਰਮਾ
ਬਠਿੰਡਾ,26 ਦਸੰਬਰ2021: ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜਾ ‘ਪੀਪਲਜ਼ ਲਿਟਰੇਰੀ ਫੈਸਟੀਵਲ’ ਦੀ ਸ਼ੁਰੂਆਤ ਮੌਕੇ ਦੇਸ਼ ਵਿਚ ਹਕੂਮਤੀ ਦਾਬੇ ਤਹਿਤ ਖੇਤੀ ਕਾਨੂੰਨ ਲਿਆਉਣ ਨਾਲ ਸਿਰਜੇ ਮਾਹੌਲ ’ਤੇ ਤੌਖਲੇ ਪ੍ਰਗਟਾਏ ਗਏ। ਪਹਿਲੇ ਦਿਨ ਦੇ ਸੈਸ਼ਨਾ ਦੌਰਾਨ ਮੋਦੀ ਸਰਕਾਰ ਵੱਲੋਂ ਸਾਜ਼ਿਸ਼ੀ ਏਜੰਡੇ ਤਹਿਤ ਲਿਆਂਦੇ ਖੇਤੀ ਕਾਨੂੰਨਾਂ ਸਬੰਧੀ ਵਿਚਾਰ ਚਰਚਾ ਹੋਈ। ਚਿੰਤਨ ਸੈਸ਼ਨ ਵਿਚ ਇਹ ਧਰਵਾਸ ਬੱਝਿਆ ਕਿ ਦੇਸ਼ ਵਿਚ ਕਿਸਾਨਾਂ ਦੇ ਕਾਫਲੇ ਖਾਸ ਤੌਰ ਤੇ ਨੌਜਵਾਨ ਕੇਂਦਰ ਸਰਕਾਰ ਦੀ ਸੋਚ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਨਿਕਲੇ ਹਨ। ਇਸ ਮੌਕੇ ਪਿਛਲੇ ਸਮੇਂ ਦੌਰਾਨ ਸਿਆਸੀ ਲੀਡਰਾਂ ਦੀ ਭੂਮਿਕਾ ਨੂੰ ਵੀ ਸਾਹਮਣੇ ਲਿਆਂਦਾ ਗਿਆ ਅਤੇ ਅਫਸਰਸ਼ਾਹੀ ਦੇ ਨਾਂਹ ਪੱਖੀ ਰੋਲ ਦੀ ਗੱਲ ਵੀ ਉੱਭਰਵੇਂ ਰੂਪ ’ਚ ਤੁਰੀ।
‘ਪੀਪਲਜ ਲਿਟਰੇਰੀ ਫੈਸਟੀਵਲ’ ਦਾ ਉਦਘਾਟਨ ਸੀਨੀਅਰ ਆਈ ਏ ਅਫਸਰ ਕਾਹਨ ਸਿੰਘ ਪੰਨੂੰ ਅਤੇ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਕੀਤਾ। ਉਦਘਾਟਨੀ ਸ਼ੈਸਨ ਵਿਚ ਆਪਣੇ ਕੁੰਜੀਵਤ ਭਾਸ਼ਣ ਵਿੱਚ ਕੌਮਾਂਤਰੀ ਖੇਤੀ, ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨੇ ਮੋਦੀ ਸਰਕਾਰ ਵੱਲੋਂ ਬਹੁਸੰਮਤੀ ਦੀ ਧੌਂਸ ਨਾਲ ਬੁਣੇ ਜਾ ਰਹੇ ਤਾਣੇ-ਬਾਣੇ ਦਾ ਭੇਤ ਖੋਲ੍ਹਦਿਆਂ ਕਿਹਾ ਕਿ ਪੈਦਾਵਾਰ ਦਾ ਵਧਣਾ ਜਾਂ ਘਟ ਜਾਣਾ ਖੇਤੀ ਸੰਕਟ ਦਾ ਕਾਰਨ ਨਹੀਂ ਅਸਲ ਕਾਰਨ ਖੇਤੀ ਵਿੱਚ ਮੈਚ ਫਿਕਸਿੰਗ ਹੈ ਜੋ ਕਿਸਾਨੀ ਦੀ ਮੌਜੂਦਾ ਹਾਲਤ ਲਈ ਕਸੂਰਵਾਰ ਹੈ। ‘ਖੇਤੀ ਦੀ ਪੁਨਰ ਸੁਰਜੀਤੀ ਵਿਸ਼ੇ ‘ਤੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅਮਰੀਕਾ ਵਿੱਚ ਵੀ ਜੇ ਕਿਸਾਨਾਂ ਨੂੰ ਸਬਸਿਡੀ ਨਾ ਮਿਲੇ ਤਾਂ ਉਹ ਖੇਤੀ ਛੱਡ ਜਾਣਗੇ।
ਉਨ੍ਹਾਂ ਕਿਹਾ ਕਿ ਅਮਰੀਕੀ ਕਿਸਾਨਾਂ ਸਿਰ ਵੀ ਕਰਜਾ ਹੈ ਅਤੇ ਪੱਛਮੀਂ ਤੇ ਵਿਕਸਿਤ ਮੁਲਕਾਂ ਵਿੱਚ ਕਿਸਾਨਾਂ ਨੇ ਖੇਤੀ ਤਿਆਗੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮੁਲਕਾਂ ਦਾ ਕਿਸਾਨ ਵੀ ਕਰਜੇ ਅਤੇ ਖੁਦਕੁਸ਼ੀਆਂ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਚਿੰਤਾ ਵਾਲੀ ਗੱਲ ਹੈ ਕਿ ਖੇਤੀ ਕਾਨੂੰਨਾਂ ਦੀ ਅਸਲੀਅਤ ਖੇਤੀ ਕਾਨੂੰਨ ਮਾਹਿਰ ਤਾਂ ਸਮਝ ਨਹੀਂ ਸਕੇ ਜਦੋਂਕਿ ਕਿਸਾਨਾਂ ਨੂੰ ਤੁਰੰਤ ਪਤਾ ਲੱਗ ਗਿਆ ਜਿਸ ਦੇ ਸਿੱਟੇ ਕਿਸਾਨ ਸੜਕਾਂ ਤੇ ਉੱਤਰੇ ਅਤੇ ਮਜਬੂਰਨ ਭਾਰਤ ਸਕਰਾਰ ਨੂੰ ਦਬਾਅ ਅੱਗੇ ਝੁਕਦਿਆਂ ਖੇਤੀ ਵਿਰੋਧੀ ਕਾਨੂੰਨ ਰੱਦ ਕਰਨੇ ਪਏ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਹੋਰ ਦੇਸ਼ਾਂ ਦੇ ਫੇਲ੍ਹ ਹੋ ਚੁੱਕੇ ਖੇਤੀ ਮਾਡਲ ਭਾਰਤ ਵਿਚ ਵੀ ਨਹੀਂ ਕਾਮਯਾਬ ਹੋ ਸਕਣਗੇ।
ਮੁੱਖ ਮਹਿਮਾਨ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਖੇਤੀ ਸਕੱਤਰਾਂ ਦੀ ਮੀਟਿੰਗ ਵਿਚ ਉਨ੍ਹਾਂ ਖੇਤੀ ਕਾਨੂੰਨਾਂ ਬਾਰੇ ਵਿਰੋਧ ਦਰਜ ਕਰਵਾਇਆ ਸੀ ਕਿ ਖੇਤੀ ਸੂਬਿਆਂ ਦਾ ਵਿਸ਼ਾ ਹੈ ਅਤੇ ਇਹ ਕਾਨੂੰਨ ਏਪੀਐਮਐਸ ਢਾਂਚਾ ਖਤਮ ਕਰ ਦੇਣਗੇ। ਉਹਨਾਂ ਕਿਹਾ ਕਿ ਸਾਡੇ ਰਾਜਸੀ ਲੀਡਰਾਂ ਦਾ ਨਜ਼ਰੀਆ ਬਹੁਤ ਹੇਠਾਂ ਚਲਾ ਗਿਆ ਹੈ ਅਤੇ ਸਾਡੀ ਅਫਸਰਸ਼ਾਹੀ ਲੋਕਾਂ ਨਾਲੋਂ ਟੁੱਟੀ ਜਮਾਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਵੋਟ ਮੁੱਦੇ ਅਤੇ ਲੋਕ ਮੁੱਦੇ ਅਲੱਗ ਅਲੱਗ ਹਨ ਤੇ ਇਹ ਚਿੰਤਾ ਦਾ ਵਿਸ਼ਾ ਹੈ। ਵਿਸ਼ੇਸ਼ ਮਹਿਮਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਕਿ ਮੇਰੇ ਸਾਰੇ ਫਿਕਰ ਰੰਗਮੰਚ ਰਾਹੀਂ ਸਾਂਝੇ ਹੁੰਦੇ ਹਨ। ਉਹਨਾਂ ਨੇ ਕਿਸਾਨ ਮੋਰਚੇ ਵਿਚ ਖੇਡੇ ਜੋਗਿੰਦਰ ਬਾਹਰਲੇ ਦਾ ਨਾਟਕ ‘ਹਾੜੀਆਂ-ਸੌਣੀਆਂ’ ਦਾ ਵਿਸ਼ੇਸ਼ ਜ਼ਿਕਰ ਕੀਤਾ।
ਪੀਪਲਜ਼ ਲਿਟਰੇਰੀ ਫੈਸਟੀਵਲ ਵਿਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਤਿੰਨ ਕਾਨੂੰਨ ਵਾਪਸ ਕਰਵਾ ਕੇ ਇਵੇਂ ਹੈ ਜਿਵੇਂ ਅਸੀਂ ਆਪਣੇ ਜ਼ਖਮਾਂ ਤੋਂ ਲੂਣ ਨੂੰ ਪਰੇ ਕਰ ਦਿੱਤਾ ਹੋਵੇ ਪਰ ਜ਼ਖਮ ਤਾਂ ਹਾਲੇ ਉਸੇ ਤਰਾਂ ਹੀ ਹਨ ਜਿੰਨ੍ਹਾਂ ਬਾਰੇ ਅੱਜ ਤੱਕ ਕੁੱਝ ਵੀ ਨਹੀਂ ਕੀਤਾ ਗਿਆ ਹੈ। ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੀਪਲਜ਼ ਲਿਟਰੇਰੀ ਫੈਸਟੀਵਲ ਸਮਕਾਲੀ ਸਰੋਕਾਰਾਂ ਅਤੇ ਸਾਹਿਤਕ ਮਸਲਿਆਂ ‘ਤੇ ਸੰਵਾਦ ਦਾ ਮੰਚ ਹੈ। ਫੈਸਟੀਵਲ ਸ਼ੁਰੂਆਤ ਜੰਗਨਾਮਾ ਸ਼ਾਹ ਮੁਹੰਮਦ ਦੇ ਗਾਇਨ ਨਾਲ ਰਮਨਦੀਪ ਸਿੰਘ ਦਿਉਣ ਅਤੇ ਸਾਥੀਆਂ ਨੇ ਕੀਤੀ।ਲਿਟਰੇਚਰ ਫੈਸਟੀਵਲ ਦੇ ਦੂਜੇ ਸ਼ੈਸ਼ਨ ‘ਮਜ਼ਲਿਸ’ ਵਿਚ ਬਲਬੀਰ ਪਰਵਾਨਾ, ਗੁਰਮੀਤ ਕੜਿਆਲਵੀ ਅਤੇ ਨਿੰਦਰ ਘੁਗਿਆਣਵੀ ਨੇ ਪਾਠਕਾਂ ਨਾਲ ਆਪਣੇ ਸਾਹਿਤਕ ਜੀਵਨ ਦੇ ਤਜ਼ਰਬੇ ਸਰੋਤਿਆਂ ਨਾਲ ਸਾਂਝੇ ਕੀਤੇ।
ਫੈਸਟੀਵਲ ਦੌਰਾਨ ਪੁਸਤਕ ਪ੍ਰਦਸ਼ਨੀ ਵਿਚ ਪੰਜਾਬੀ, ਹਿੰਦੀ ਅਤੇ ਅੰਗਰਜ਼ੀ ਭਾਸ਼ਾ ਦੇ 15 ਪ੍ਰਕਾਸ਼ਕਾਂ ਵੱਲੋਂ ਆਪਣੀਆਂ ਪੁਸਤਕਾਂ ਪ੍ਰਦਸ਼ਿਤ ਕੀਤੀਆਂ ਗਈਆਂ ਹਨ। ਬਰਗਾੜੀ ਗੁੜ, ਅਮਰੂਦ, ਬਰਫੀ, ਸ਼ਹਿਦ ਦੀਆਂ ਸਟਾਲਾਂ ਵੀ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਜਗਤਾਰ ਸੋਖੀ ਅਤੇ ਦੀਪ ਮਲੂਕਪੁਰ ਨੇ ਆਪਣੀ ਚਿੱਤਰ ਪ੍ਰਦਸ਼ਨੀ ਲਾਈ । ਇਸ ਮੌਕੇ ਲੋਕਾਂ ਨੇ ਫੱਟੀਆਂ ‘ਤੇ ਕਲਮ ਸਿਹਾਈ ਨਾਲ ਗੁਰਮੁਖੀ ਵਰਣਮਾਲਾ ਲਿਖੀ । ਇਸ ਮੌਕੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ । ਮੰਚ ਸੰਚਾਲਨ ਸੰਸਥਾ ਦੇ ਜਨਰਲ ਸਕੱਤਰ ਸਟਾਲਿਨਜੀਤ ਬਰਾੜ ਨੇ ਕੀਤਾ। ਇਸ ਮੌਕੇ ਵੱਖ ਵੱਖ ਲੇਖਕਾਂ ਦੀਆਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਸਮਾਗਮ ’ਚ ਜਸਪਾਲ ਮਾਨਖੇੜਾ, ਗੁਰਪ੍ਰੀਤ ਸਿੱਧੂ, ਅਮਰਜੀਤ ਢਿੱਲੋਂ, ਰਾਜਪਾਲ ਸਿੰਘ, ਗੁਰਬਿੰਦਰ ਬਰਾੜ, ਭੁਪਿੰਦਰ ਬਰਗਾੜੀ, ਕੁਲਵੰਤ ਗਿੱਲ, ਰੰਗ ਹਰਜਿੰਦਰ, ਸਰਵਰ ਢਿੱਲੋਂ, ਹਰਮਨ ਸਿੱਧੂ ਹਾਜ਼ਰ ਸਨ।