ਕੈਪਟਨ ਪੂਰਨ ਸਿੰਘ ਗਗੜਾ ਦੀ ਪੁਸਤਕ 'ਮੇਰੇ ਆਪਣੇ' ਲੋਕ ਅਰਪਣ
ਦੀਪਕ ਜੈਨ
ਹਠੂਰ, 11 ਜੁਲਾਈ 2023 - ਉੱਘੇ ਲੇਖਕ ਤੇ ਸ਼ਾਇਰ ਕੈਪਟਨ ਪੂਰਨ ਸਿੰਘ ਗਗੜਾ ਦੀ ਪੁਸਤਕ 'ਮੇਰੇ ਆਪਣੇ' ਨੂੰ ਅੱਜ ਸਿੱਖ ਚਿੰਤਕ ਤੇ ਲੇਖਕ ਜਸਪਾਲ ਸਿੰਘ ਹੇਰਾਂ ਨੇ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕ ਅਰਪਿਤ ਕੀਤਾ। ਉਨ੍ਹਾਂ ਨੇ ਕੈਪਟਨ ਪੂਰਨ ਸਿੰਘ ਗਗੜਾ ਵਲੋਂ ਦੇਸ਼ ਦੀਆਂ ਸਰਹੱਦਾਂ 'ਤੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਥੇ ਕੈਪਟਨ ਗਗੜਾ ਨੇ ਸੈਨਿਕ ਵਜੋਂ ਦੇਸ਼ ਦੀਆਂ ਸਰਹੱਦਾਂ 'ਤੇ ਸੇਵਾਵਾਂ ਨਿਭਾ ਕੇ ਦੇਸ਼ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਹੈ, ਉਥੇ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਨ।
ਉਨ੍ਹਾਂ ਵਲੋਂ ਕੁਝ ਸਮਾਂ ਪਹਿਲਾਂ ਆਪਣਾ ਕਾਵਿ-ਸੰਗ੍ਰਹਿ 'ਕਰੂੰਬਲਾਂ' ਸਾਹਿਤ ਦੀ ਝੋਲੀ ਪਾਇਆ ਗਿਆ ਸੀ ਤੇ ਹੁਣ 'ਮੇਰੇ ਆਪਣੇ' ਪੁਸਤਕ ਨੂੰ ਲੋਕ ਅਰਪਿਤ ਕੀਤਾ ਹੈ। ਸੇਵਾਮੁਕਤ ਹੋਣ ਤੋਂ ਬਾਅਦ ਕੈਪਟਨ ਗਗੜਾ ਦੀ ਕਲਮ ਸਮਾਜਿਕ ਬੁਰਾਈਆਂ, ਕਿਰਤੀ, ਔਰਤ ਦੀ ਦਸ਼ਾ ਅਤੇ ਮੁਸ਼ਕਿਲਾਂ ਤੇ ਮੁਸੀਬਤਾਂ ਭਰੇ ਜੀਵਨ ਵਿਚੋਂ ਵੀ ਸੋਨ-ਸੁਨਹਿਰੇ ਪਲਾਂ ਨੂੰ ਮਾਨਣ ਦਾ ਸੁਨੇਹਾ ਦਿੰਦੀ ਹੈ। ਇਸ ਤਰ੍ਹਾਂ ਹੀ ਪ੍ਰਿੰ. ਸਰਬਜੀਤ ਸਿੰਘ ਦੇਹੜਕਾ ਤੇ ਕੁਲਦੀਪ ਸਿੰਘ ਲੋਹਟ ਨੇ ਕਿਹਾ ਕਿ ਕੈਪਟਨ ਪੂਰਨ ਸਿੰਘ ਗਗੜਾ ਦੀ ਕਲਮ ਕਿਰਤੀ ਲੋਕਾਂ ਦੀ ਆਵਾਜ਼ ਹੈ ਅਤੇ ਉਨ੍ਹਾਂ ਦੀ ਸਵੈ-ਜੀਵਨੀ 'ਮੇਰੇ ਆਪਣੇ' ਰਿਸ਼ਤਿਆਂ ਦੀ ਭਾਵੁਕਤਾ ਦਾ ਸੰਵੇਦਨਸ਼ੀਲ ਸੰਵਾਦ ਹੋਣ ਦੇ ਨਾਲ-ਨਾਲ ਇਹ ਪੁਸਤਕ ਕਿਰਤੀ ਪਰਿਵਾਰ ਦੇ ਸੰਘਰਸ਼ ਦੀ ਕਰੁਣਾਮਈ ਗਾਥਾ ਵੀ ਹੈ। ਇਸ ਮੌਕੇ ਅਮਨਦੀਪ ਸਿੰਘ ਬਰਨਾਲਾ ਤੇ ਰਿਸ਼ਵਦੀਪ ਸਿੰਘ ਹੇਰਾਂ ਆਦਿ ਵੀ ਹਾਜ਼ਰ ਸਨ।